ਕਾਠਗੜ੍ਹ ਦਾ ਇਤਿਹਾਸਕ ਕੁਸ਼ਤੀ ਛਿੰਝ ਮੇਲਾ ਛੱਡ ਗਿਆ ਅਮਿੱਟ ਯਾਦਾਂ


– 75 ਦੇ ਕਰੀਬ ਨਾਮਵਰ ਪਹਿਲਵਾਨਾਂ ਨੇ ਦਿਖਾਏ ਜੌਹਰ, ਪ੍ਰਿਤਪਾਲ ਫਗਵਾੜਾ ਬਣੇ ਛਿੰਝ ਦੇ ਜੇਤੂ — ਜੇਤੂਆਂ ਨੂੰ ਟਰੈਕਟਰ, ਮੋਟਰਸਾਈਕਲ ਤੇ ਨਕਦ ਇਨਾਮਾਂ ਨਾਲ ਕੀਤਾ ਸਨਮਾਨਿਤ

– ਨੇਪਾਲ ਦੇ ਪ੍ਰਸਿੱਧ ਪਹਿਲਵਾਨ ਦੇਵਾ ਥਾਪਾ ਦੀ ਕੁਸ਼ਤੀ ਨੇ ਦਰਸ਼ਕਾਂ ਤੋਂ ਖੂਬ ਵਾਹ-ਵਾਹ ਖੱਟੀ; ਸਵੇਰ ਤੋਂ ਰਾਤ ਤੱਕ ਪੰਡਾਲ ਰਿਹਾ ਦਰਸ਼ਕਾਂ ਨਾਲ ਖਚਾਖਚ

ਨਵਾਸ਼ਹਿਰ /ਕਾਠਗੜ੍ਹ, (ਜਤਿੰਦਰ ਪਾਲ ਸਿੰਘ ਕਲੇਰ) :

ਕਸਬਾ ਕਾਠਗੜ੍ਹ ਵਿਖੇ ਗੁੱਗਾ ਜ਼ਾਹਰ ਪੀਰ ਦੀ ਯਾਦ ਨੂੰ ਸਮਰਪਿਤ ਕਰਵਾਇਆ ਗਿਆ ਰਵਾਇਤੀ ਕੁਸ਼ਤੀ ਛਿੰਝ ਮੇਲਾ ਇਸ ਵਾਰ ਵੀ ਇਲਾਕੇ ਦੇ ਲੋਕਾਂ ਲਈ ਯਾਦਗਾਰੀ ਪਲ ਛੱਡ ਗਿਆ। ਜਨਮ ਅਸ਼ਟਮੀ ਤੋਂ ਸ਼ੁਰੂ ਹੋਣ ਵਾਲੇ ਇਸ ਛਿੰਝ ਮੇਲੇ ਦੀ ਲੜੀ ਬਲਾਚੌਰ ਬਲਾਕ ਦੇ ਵੱਖ-ਵੱਖ ਪਿੰਡਾਂ ਵਿੱਚ ਹੁੰਦੀ ਹੋਈ ਵਿਸ਼ਵਕਰਮਾ ਦਿਵਸ ਤੋਂ ਇੱਕ ਦਿਨ ਬਾਅਦ ਬਲਾਚੌਰ ਵਿਖੇ ਸਮਾਪਤ ਹੁੰਦੀ ਹੈ। ਇਸੇ ਲੜੀ ਤਹਿਤ ਕਾਠਗੜ੍ਹ ਵਿਖੇ ਕਰਵਾਏ ਗਏ ਵਿਸ਼ਾਲ ਕੁਸ਼ਤੀ ਦੰਗਲ ਵਿੱਚ ਇਲਾਕੇ ਦੇ ਨਾਲ-ਨਾਲ ਪੰਜਾਬ, ਜੰਮੂ-ਕਸ਼ਮੀਰ, ਉੱਤਰ ਪ੍ਰਦੇਸ਼ ਅਤੇ ਨੇਪਾਲ ਤੋਂ ਆਏ ਪਹਿਲਵਾਨਾਂ ਨੇ ਆਪਣੇ ਜੌਹਰ ਦਿਖਾ ਕੇ ਦਰਸ਼ਕਾਂ ਨੂੰ ਰੋਮਾਂਚਿਤ ਕਰ ਦਿੱਤਾ।

ਡੇਰਾ ਬਾਬਾ ਟਿੱਬੀ ਸਾਹਿਬ ਦੇ ਗੱਦੀ ਨਸ਼ੀਨ ਬਾਬਾ ਸਖੀ ਰਾਮ ਤੇ ਡੇਰਾ ਟਿੱਬੀ ਸਾਹਿਬ ਦੇ ਮੁੱਖ ਸੇਵਾਦਾਰ ਕਾਲੇ ਸ਼ਾਹ ਦੀ ਦੇਖ-ਰੇਖ ਹੇਠ ਕਰਵਾਏ ਗਏ ਇਸ ਕੁਸ਼ਤੀ ਦੰਗਲ ਵਿੱਚ ਕਰੀਬ 75 ਨਾਮਵਰ ਪਹਿਲਵਾਨਾਂ ਨੇ ਭਾਗ ਲਿਆ। ਦੰਗਲ ਦੌਰਾਨ ਇੱਕ ਤੋਂ ਬਾਅਦ ਇੱਕ ਹੋਏ ਜ਼ਬਰਦਸਤ ਮੁਕਾਬਲਿਆਂ ਨੇ ਦਰਸ਼ਕਾਂ ਵਿੱਚ ਖੂਬ ਜੋਸ਼ ਭਰਿਆ ਅਤੇ ਪੂਰਾ ਪੰਡਾਲ ਪਹਿਲਵਾਨਾਂ ਦੀਆਂ ਕੁਸ਼ਤੀਆਂ ਦੇਖਣ ਲਈ ਖਚਾਖਚ ਭਰਿਆ ਰਿਹਾ। ਦੁਪਹਿਰ ਤੋਂ ਸ਼ੁਰੂ ਹੋਇਆ ਇਹ ਕੁਸ਼ਤੀ ਦੰਗਲ ਰਾਤ ਕਰੀਬ 9 ਵਜੇ ਤੱਕ ਜਾਰੀ ਰਿਹਾ ਅਤੇ ਆਖਰੀ ਮੁਕਾਬਲੇ ਤੱਕ ਦਰਸ਼ਕਾਂ ਦਾ ਉਤਸ਼ਾਹ ਬਰਕਰਾਰ ਰਿਹਾ।

ਛਿੰਝ ਮੇਲੇ ਦਾ ਮੁੱਖ ਫਾਈਨਲ ਮੁਕਾਬਲਾ ਪ੍ਰਿਤਪਾਲ ਫਗਵਾੜਾ ਅਤੇ ਬੀਨੀਆ ਜੰਮੂ ਦਰਮਿਆਨ ਹੋਇਆ। ਦੋਵਾਂ ਪਹਿਲਵਾਨਾਂ ਨੇ ਆਪਣੀ ਪੂਰੀ ਤਾਕਤ ਅਤੇ ਕਲਾ ਦਾ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ ਪ੍ਰਿਤਪਾਲ ਫਗਵਾੜਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਲ ਕੀਤੀ, ਜਦਕਿ ਬੀਨੀਆ ਜੰਮੂ ਦੇ ਪਹਿਲਵਾਨ ਨੂੰ ਦੂਜੇ ਸਥਾਨ ’ਤੇ ਰਹਿਣਾ ਪਿਆ। ਇਸ ਤੋਂ ਇਲਾਵਾ ਭੁਪਿੰਦਰ ਅਜਨਾਲਾ ਅਤੇ ਅਭਿਨਾਇਕ ਯੂ.ਪੀ. ਦਰਮਿਆਨ ਹੋਇਆ ਮੁਕਾਬਲਾ ਵੀ ਬੇਹੱਦ ਰੋਮਾਂਚਕ ਰਿਹਾ ਅਤੇ ਦੋਵੇਂ ਪਹਿਲਵਾਨ ਬਰਾਬਰੀ ’ਤੇ ਰਹੇ।

ਦੰਗਲ ਦੀ ਖ਼ਾਸ ਖਿੱਚ ਨੇਪਾਲ ਦੇ ਪ੍ਰਸਿੱਧ ਪਹਿਲਵਾਨ ਦੇਵ ਥਾਪਾ ਦੀ ਕੁਸ਼ਤੀ ਰਹੀ। ਦੇਵ ਥਾਪਾ ਨੇ ਆਪਣੇ ਤਜਰਬੇ ਅਤੇ ਦਮਦਾਰ ਦਾਅ-ਪੇਚਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਅਤੇ ਮੁਕਾਬਲਾ ਜਿੱਤ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਜੇਤੂ ਪਹਿਲਵਾਨਾਂ ਨੂੰ ਪ੍ਰਬੰਧਕਾਂ ਵੱਲੋਂ ਟਰੈਕਟਰ, ਮੋਟਰਸਾਈਕਲ ਅਤੇ ਨਕਦ ਰਾਸ਼ੀ ਸਮੇਤ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ।

ਕੁਸ਼ਤੀ ਛਿੰਝ ਮੇਲੇ ਵਿੱਚ ਇਲਾਕੇ ਦੀਆਂ ਵੱਖ-ਵੱਖ ਸਿਆਸੀ, ਸਮਾਜਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਆਪ ਦੇ ਸੀਨੀਅਰ ਆਗੂ ਅਤੇ ਗੁੱਜਰ ਵੈੱਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਜਿਲ੍ਹਾਂ ਪਲੇਨਿੰਗ ਬੋਰਡ ਐਡਵੋਕੇਟ ਸੰਜੀਵ ਚੋਧਰੀ ਚੇਚੀ, ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਸਤਨਾਮ ਜਲਾਲਪੁਰ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੰਦੀਪ ਚੋਧਰੀ ਹਨੀ ਟੌਂਸਾ ,ਆਪ ਦੇ ਯੂਥ ਆਗੂ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਨਵੀਰ ਕਟਾਰੀਆ, ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮੋਹਨ ਲਾਲ ਸੰਧੂ, ਬਲਾਕ ਸੰਮਤੀ ਚੇਅਰਮੈਨ ਨਾਨਕ ਸਿੰਘ ਜੰਡੀ, ਬਲਾਕ ਸੰਮਤੀ ਮੈਂਬਰ ਸੁਰੇਸ਼ ਕੁਮਾਰ( ਪੈਨੀ ਪਹਿਲਵਾਨ) ਕਾਠਗੜ੍ਹ , ਨਗਰ ਕੌਂਸਲ ਬਲਾਚੌਰ ਦੇ ਪ੍ਰਧਾਨ  ਲਾਡੀ ਰਾਣਾ, ਕਾਮਰੇਡ ਪਰਵਿੰਦਰ ਮੇਨਕਾ ਐੱਮ.ਸੀ. ਬਲਾਚੌਰ, ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਜਿਲ੍ਹਾਂ ਪਰਿਸ਼ਦ ਮੈਂਬਰ ਵਿੱਕੀ ਚੌਧਰੀ ਕਾਠਗੜ੍ਹ , ਭਾਜਪਾ ਦੇ ਸੀਨੀਅਰ ਆਗੂ ਸੰਦੀਪ ਭਾਟੀਆ (ਸੋਨੂੰ) ਆਦੋਆਣਾ , ਮਾਰਕੀਟ ਕਮੇਟੀ ਦੇ ਚੇਅਰਮੈਨ ਸੇਠੀ ਉਧਨੋਵਾਲ, ਸਾਬਕਾ ਬਲਾਕ ਸੰਮਤੀ ਚੇਅਰਮੈਨ ਧਰਮਪਾਲ, ਸਾਬਕਾ ਚੇਅਰਮੈਨ ਤਰਲੋਚਨ ਰੱਕੜ, ਰਮਨ ਨੰਦ ਲਾਲ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਗੁਰਪ੍ਰੀਤ ਗੁੱਜਰ ਰੈਲਮਾਜਰਾ, ਅਕਾਲੀ ਆਗੂ, ਡੀਐੱਸਪੀ ਸਤਨਾਮ ਸਿੰਘ, ਨੰਬਰਦਾਰ ਜਸਪਾਲ ਭਾਟੀਆ, ਪ੍ਰਵੀਨ ਠੇਕੇਦਾਰ ਨਿੱਘੀ, ਸੰਦੀਪ ਨੰਬਰਦਾਰ ਨਿੱਘੀ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਰਹੀਆਂ।

ਮਹਿਮਾਨਾਂ ਨੇ ਜੇਤੂ ਪਹਿਲਵਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਦਿਆਂ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਰਵਾਇਤੀ ਖੇਡ ਮੇਲੇ ਨੌਜਵਾਨਾਂ ਨੂੰ ਆਪਣੀ ਵਿਰਾਸਤ ਅਤੇ ਖੇਡ ਸੱਭਿਆਚਾਰ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਨੂੰ ਸਿਹਤਮੰਦ ਜੀਵਨ ਜਿਊਣ ਲਈ ਵੀ ਪ੍ਰੇਰਿਤ ਕਰਦੇ ਹਨ।

ਇਸ ਮੌਕੇ ਬਾਬਾ ਸਖੀ ਰਾਮ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਨੌਜਵਾਨ ਦੇਸ਼ ਅਤੇ ਸਮਾਜ ਦਾ ਭਵਿੱਖ ਹਨ। ਉਨ੍ਹਾਂ ਨੂੰ ਆਪਣੀ ਊਰਜਾ ਨਸ਼ਿਆਂ ਵੱਲ ਲਿਜਾਣ ਦੀ ਬਜਾਏ ਖੇਡਾਂ ਅਤੇ ਕੁਸ਼ਤੀ ਵਰਗੀਆਂ ਸਰੀਰਕ ਗਤੀਵਿਧੀਆਂ ਵਿੱਚ ਲਗਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਕਸਬਿਆਂ ਵਿੱਚ ਹੋਣ ਵਾਲੇ ਅਜਿਹੇ ਕੁਸ਼ਤੀ ਦੰਗਲ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵੱਡਾ ਮੰਚ ਪ੍ਰਦਾਨ ਕਰਦੇ ਹਨ।

ਸੰਤ ਤਰਲੋਚਨ ਸਿੰਘ ਮੋਰਾਂਵਾਲੀ ਅਤੇ ਬਾਬਾ ਜਸਵੀਰ ਸਿੰਘ ਨੇ ਵੀ ਛਿੰਝ ਮੇਲੇ ਨੂੰ ਯਾਦਗਾਰੀ ਕੁਸ਼ਤੀ ਦੰਗਲ ਦੱਸਦਿਆਂ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੁਰਾਤਨ ਸਮੇਂ ਤੋਂ ਚੱਲੀ ਆ ਰਹੀ ਕੁਸ਼ਤੀ ਦੀ ਇਸ ਰਵਾਇਤ ਨੂੰ ਜਿਊਂਦਾ ਰੱਖਣਾ ਸਮੇਂ ਦੀ ਲੋੜ ਹੈ ਅਤੇ ਅਜਿਹੇ ਮੇਲੇ ਨੌਜਵਾਨ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਇਸ ਮੌਕੇ ਮਾਰਕੀਟ ਪ੍ਰਧਾਨ ਰਾਜਕੁਮਾਰ ਆਨੰਦ, ਸਾਬਕਾ ਸਰਪੰਚ ਡਾ. ਜੋਗਿੰਦਰ ਪਾਲ ਦੱਤ, ਕਾਮਰੇਡ ਅਵਤਾਰ ਸਿੰਘ ਤਾਰੀ, ਵਿਜੇ ਭਾਰਦਵਾਜ, ਸੁਭਾਸ਼ ਆਨੰਦ, ਕਾਬਲ ਸਿੰਘ ਚੇਚੀ ਨਿੱਘੀ , ਮਾਸਟਰ ਗਿਆਨ ਕਟਾਰੀਆ, ਧਰਮਪਾਲ, ਵਿੱਕੀ ਚਾਹਲ, ਨਰਿੰਦਰ ਸੂਦਨ, ਦੀਪਕ ਕਲਿਆਣ, ਕਾਠਗੜ੍ਹ ਦੇ ਸਰਪੰਚ ਸ਼੍ਰੀਮਤੀ ਰਿਸ਼ੂ ਬਾਲਾ , ਕੁਲਵੰਤ ਸਿੰਘ ਸਰਪੰਚ ਚਾਹਲਾਂ, ਰਵੀ ਕੁਮਾਰ, ਜ਼ਿਲ੍ਹਾ ਕਾਂਗਰਸ ਸਕੱਤਰ ਨਸੀਬ ਚੰਦ, ਡਾ. ਰਜਿੰਦਰ ਲੱਕੀ, ਅਨਿਲ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਅਤੇ ਕੁਸ਼ਤੀ ਪ੍ਰੇਮੀ ਮੌਜੂਦ ਸਨ।

ਛਿੰਝ ਮੇਲੇ ਦੌਰਾਨ ਥਾਣਾ ਕਾਠਗੜ੍ਹ ਦੇ ਮੁਖੀ ਕਮਲ ਤਨੇਜਾ ਦੀ ਅਗਵਾਈ ਹੇਠ ਪੁਲਿਸ ਟੀਮ ਵੱਲੋਂ ਕਾਨੂੰਨ ਵਿਵਸਥਾ ਨੂੰ ਲੈ ਕੇ ਸਖ਼ਤ ਨਿਗਰਾਨੀ ਰੱਖੀ ਗਈ। ਪੁਲਿਸ ਦੀ ਸੁਚੱਜੀ ਵਿਵਸਥਾ ਅਤੇ ਪ੍ਰਬੰਧਕਾਂ ਦੇ ਯਤਨਾਂ ਸਦਕਾ ਸਮੁੱਚਾ ਮੇਲਾ ਸ਼ਾਂਤਮਈ ਢੰਗ ਨਾਲ ਸੰਪੰਨ ਹੋਇਆ। ਸਵੇਰ ਤੋਂ ਹੀ ਕਾਠਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਲੋਕਾਂ ਦੀ ਆਮਦ ਸ਼ੁਰੂ ਹੋ ਗਈ ਸੀ ਅਤੇ ਰਾਤ ਤੱਕ ਪੰਡਾਲ ਵਿੱਚ ਦਰਸ਼ਕਾਂ ਦੀ ਭਾਰੀ ਭੀੜ ਬਣੀ ਰਹੀ। ਕੁਸ਼ਤੀ ਦੇ ਆਖਰੀ ਮੁਕਾਬਲੇ ਤੱਕ ਦਰਸ਼ਕਾਂ ਨੇ ਪੂਰੇ ਉਤਸ਼ਾਹ ਨਾਲ ਪਹਿਲਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ।

ਕਾਠਗੜ੍ਹ ਦਾ ਇਹ ਛਿੰਝ ਮੇਲਾ ਜਿੱਥੇ ਸ਼ਾਨਦਾਰ ਕੁਸ਼ਤੀ ਮੁਕਾਬਲਿਆਂ ਕਾਰਨ ਦਰਸ਼ਕਾਂ ਲਈ ਯਾਦਗਾਰੀ ਬਣਿਆ, ਉੱਥੇ ਹੀ ਨੌਜਵਾਨਾਂ ਨੂੰ ਖੇਡਾਂ ਅਤੇ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰਨ ਅਤੇ ਪੰਜਾਬ ਦੀ ਰਵਾਇਤੀ ਕੁਸ਼ਤੀ ਸੱਭਿਆਚਾਰ ਨੂੰ ਸੰਭਾਲਣ ਦਾ ਸੁਨੇਹਾ ਵੀ ਦੇ ਗਿਆ।


Leave a Reply

Your email address will not be published. Required fields are marked *