ਬਲਾਚੌਰ, (ਜਤਿੰਦਰਪਾਲ ਸਿੰਘ ਕਲੇਰ):
ਐਮ. ਆਰ. ਸਿਟੀ ਪਬਲਿਕ ਸਕੂਲ, ਬਲਾਚੌਰ ਦੀ ਵਾਲੀਬਾਲ ਅੰਡਰ-17 ਟੀਮ ਨੇ ਸੀ.ਬੀ.ਐੱਸ.ਈ. ਕਲੱਸਟਰ-18 ਵਾਲੀਬਾਲ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰਕੇ ਨੈਸ਼ਨਲ ਪੱਧਰ ਲਈ ਕੁਆਲੀਫਾਈ ਕਰ ਲਿਆ ਹੈ। ਇਹ ਟੂਰਨਾਮੈਂਟ ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ, ਜਲਾਲਪੁਰ, ਮੰਡੀ ਗੋਬਿੰਦਗੜ੍ਹ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਆਯੋਜਿਤ ਕੀਤਾ ਗਿਆ ਸੀ। ਇਸੇ ਟੂਰਨਾਮੈਂਟ ਵਿੱਚ ਸਕੂਲ ਦੀ ਅੰਡਰ-19 ਵਾਲੀਬਾਲ ਟੀਮ ਨੇ ਵੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ ਹੈ।

ਇਸ ਕਲੱਸਟਰ ਪੱਧਰੀ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਲਗਭਗ 13 ਜ਼ਿਲ੍ਹਿਆਂ ਤੋਂ ਇਲਾਵਾ ਜੰਮੂ-ਕਸ਼ਮੀਰ ਦੀਆਂ ਟੀਮਾਂ ਨੇ ਵੀ ਭਗ ਲਿਆ ਸੀ। ਗਰੁੱਪ ਸਟੇਜ਼, ਕੁਆਟਰ ਫਾਈਨਲ ਅਤੇ ਸੈਮੀਫਾਈਨਲ ਦੇ ਸਖ਼ਤ ਮੁਕਾਬਲਿਆਂ ਨੂੰ ਪਾਰ ਕਰਦਿਆਂ ਐਮ. ਆਰ. ਸਿਟੀ ਪਬਲਿਕ ਸਕੂਲ ਦੀ ਅੰਡਰ-17 ਟੀਮ ਨੇ ਫ਼ਾਈਨਲ ਮੁਕਾਬਲੇ ਵਿੱਚ ਯੂ.ਐੱਸ.ਪੀ.ਸੀ. ਜੈਨ ਪਬਲਿਕ ਸਕੂਲ, ਲੁਧਿਆਣਾ ਨੂੰ 25-19 ਅਤੇ 25-22 ਨਾਲ ਹਰਾ ਕੇ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ। ਖਿਡਾਰੀਆਂ ਦੀ ਇਸ ਮਿਹਨਤ, ਅਨੁਸ਼ਾਸਨ ਅਤੇ ਟੀਮ ਭਾਵਨਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲਗਾਤਾਰ ਅਭਿਆਸ ਨਾਲ ਵੱਡੀਆਂ ਮੰਜ਼ਿਲਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਇਸ ਦੇ ਨਾਲ ਹੀ ਅੰਡਰ-19 ਟੀਮ ਨੇ ਵੀ ਮੁਸ਼ਕਲ ਮੁਕਾਬਲਿਆਂ ਵਿੱਚ ਆਪਣਾ ਲੜਾਕੂ ਜਜ਼ਬਾ ਦਿਖਾਉਂਦਿਆਂ ਤੀਜਾ ਸਥਾਨ ਪ੍ਰਾਪਤ ਕੀਤਾ।
ਟੂਰਨਾਮੈਂਟ ਦੌਰਾਨ ਜੇਤੂ ਖਿਡਾਰੀਆਂ ਨੂੰ ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਦਿਵਿੱਆ ਮਹਿਤਾ ਵੱਲੋਂ ਇਨਾਮ ਵੰਡ ਕੇ ਸਨਮਾਨਿਤ ਕੀਤਾ ਗਿਆ। ਜਦੋਂ ਟੀਮ ਵਾਪਸ ਸਕੂਲ ਪਹੁੰਚੀ ਤਾਂ ਉਨ੍ਹਾਂ ਦਾ ਬਹੁਤ ਹੀ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਸ੍ਰੀ ਰਾਮਜੀ ਦਾਸ ਅਤੇ ਪ੍ਰਿੰਸੀਪਲ ਸ੍ਰੀਮਤੀ ਰਿਤੂ ਬੱਤਰਾ ਨੇ ਦੋਵਾਂ ਟੀਮਾਂ, ਕੋਚ ਸ਼੍ਰੀ ਰੋਹਿਤ ਕੁਮਾਰ ਅਤੇ ਸਮੂਹ ਖਿਡਾਰੀਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਹਾਰਦਿਕ ਵਧਾਈ ਦਿੱਤੀ। ਉਨ੍ਹਾਂ ਉਮੀਦ ਜਤਾਈ ਕਿ ਇਹ ਹੋਣਹਾਰ ਖਿਡਾਰੀ ਨੈਸ਼ਨਲ ਪੱਧਰ ‘ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨਗੇ।





Leave a Reply