ਗੁਰੂ ਰਾਮਦਾਸ ਗੁਰਮਤਿ ਸੇਵਾ ਸੁਸਾਇਟੀ ਤੇ ਬਾਬਾ ਜਸਦੀਪ ਸਿੰਘ ਵੱਲੋਂ ਕਿਸ਼ਨਪੁਰ ਭਰਥਲਾ ਵਿਖੇ ਪਹਿਲੀ ਵਿਸ਼ਾਲ ਮੈਰਾਥਨ ਦੌੜ ਸਫਲਤਾਪੂਰਵਕ ਸੰਪਨ – ਜੇਤੂ ਬੱਚੇ ਸਨਮਾਨਿਤ


ਨਵਾਂਸ਼ਹਿਰ /ਕਾਠਗੜ੍ਹ, (ਜਤਿੰਦਰਪਾਲ ਸਿੰਘ ਕਲੇਰ) :

ਇਲਾਕੇ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਕੋਹੜ ਤੋਂ ਦੂਰ ਰੱਖਣ ਅਤੇ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਕਰਨ ਦੇ ਨੇਕ ਮਕਸਦ ਨਾਲ ਗੁਰੂ ਰਾਮਦਾਸ ਗੁਰਮਤਿ ਸੇਵਾ ਸੁਸਾਇਟੀ ਕਿਸ਼ਨਪੁਰ (ਭਰਥਲਾ) ਅਤੇ ਸੇਵਾਦਾਰ ਬਾਬਾ ਜਸਦੀਪ ਸਿੰਘ ਝੰਡਾ ਜੀ ਵੱਲੋਂ ਪਹਿਲੀ ਵਿਸ਼ਾਲ ਮੈਰਾਥਨ ਦੌੜ ਦਾ ਸਫਲ ਆਯੋਜਨ ਕੀਤਾ ਗਿਆ। ਇਹ ਮੁਕਾਬਲਾ ਅੱਜ ਸਵੇਰੇ 6 ਵਜੇ ਸਰਕਾਰੀ ਸਕੂਲ ਕਿਸ਼ਨਪੁਰ ਦੇ ਗਰਾਊਂਡ ਤੋਂ ਸ਼ੁਰੂ ਹੋਇਆ। ਦੌੜ ਕਿਸ਼ਨਪੁਰ ਤੋਂ ਸ਼ੁਰੂ ਹੋ ਕੇ ਜੀਉਵਾਲ, ਸੋਭੂਵਾਲ, ਜਗਤੇਵਾਲ ਅਤੇ ਕਾਠਗੜ੍ਹ ਦੀਆਂ ਸੜਕਾਂ ਤੋਂ ਹੁੰਦੀ ਹੋਈ ਵਾਪਸ ਕਿਸ਼ਨਪੁਰ ਸਕੂਲ ਵਿੱਚ ਸਮਾਪਤ ਹੋਈ। ਇਸ ਮੁਕਾਬਲੇ ਵਿੱਚ ਸਿਰਫ ਤਹਿਸੀਲ ਬਲਾਚੌਰ ਦੇ ਬੱਚਿਆਂ ਨੇ ਹਿੱਸਾ ਲਿਆ ਅਤੇ ਉਨ੍ਹਾਂ ਵਿੱਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲਿਆ।

ਪ੍ਰਬੰਧਕਾਂ ਵੱਲੋਂ ਰੱਖੇ ਗਏ ਮੁਕਾਬਲੇ ਵਿੱਚ ਲੜਕੀਆਂ ਅਤੇ ਲੜਕਿਆਂ ਦੀਆਂ ਦੋ ਵੱਖ-ਵੱਖ ਸ਼੍ਰੇਣੀਆਂ ਰੱਖੀਆਂ ਗਈਆਂ ਸਨ, ਜਿਸ ਵਿੱਚੋਂ ਅੱਜ ਜੇਤੂ ਬੱਚਿਆਂ ਦਾ ਐਲਾਨ ਕੀਤਾ ਗਿਆ। ਲੜਕੀਆਂ ਦੇ ਵਰਗ ਵਿੱਚ ਪਹਿਲਾ ਸਥਾਨ ਇਨਾਕਸ਼ੀ ਪੁੱਤਰੀ ਅਮਰੀਕ ਕੁਮਾਰ, ਦੂਜਾ ਸਥਾਨ ਬਲਵਿੰਦਰ ਪੁੱਤਰੀ ਰਮਨ ਕੁਮਾਰ ਅਤੇ ਤੀਜਾ ਸਥਾਨ ਮਾਨਵੀ ਪੁੱਤਰੀ ਰਾਕੇਸ਼ ਕੁਮਾਰ ਨੇ ਹਾਸਲ ਕੀਤਾ। ਇਸੇ ਤਰ੍ਹਾਂ ਲੜਕਿਆਂ ਦੇ ਵਰਗ ਵਿੱਚ ਵਿਸ਼ਾਲ ਪੁੱਤਰ ਅਮਰਜੀਤ ਨੇ ਪਹਿਲਾ, ਵੰਸ਼ ਕਸਾਣਾ ਪੁੱਤਰ ਸੁਰੇਸ਼ ਕੁਮਾਰ ਨੇ ਦੂਜਾ ਅਤੇ ਰੋਹਿਤ ਪੁੱਤਰ ਵਿਜੇ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਪਿਆਂ ਅਤੇ ਪਿੰਡ ਦਾ ਨਾਂ ਰੌਸ਼ਨ ਕੀਤਾ।

ਦੌੜ ਦੀ ਸਮਾਪਤੀ ਉਪਰੰਤ ਕਰਵਾਏ ਗਏ ਸਨਮਾਨ ਸਮਾਰੋਹ ਵਿੱਚ ਪ੍ਰਸਿੱਧ ਅੰਤਰਰਾਸ਼ਟਰੀ ਢਾਡੀ ਜਥਾ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਦੇ ਨਾਲ ਬਾਬਾ ਜਸਦੀਪ ਸਿੰਘ ਝੰਡਾ ਜੀ, ਡੇਰਾ ਟਿੱਬੀ ਸਾਹਿਬ ਕਾਠਗੜ੍ਹ ਦੇ ਮੁੱਖ ਸੇਵਾਦਾਰ ਸਾਂਈ ਕਾਲਾ ਸ਼ਾਹ , ਹਰਨੇਕ ਸਿੰਘ ਫੌਜੀ ਅਤੇ ਤਲਵੀਰ ਸਿੰਘ ਫੌਜੀ ਵੱਲੋਂ ਸਾਰੇ ਜੇਤੂ ਬੱਚਿਆਂ ਨੂੰ ਨਕਦ ਇਨਾਮ, ਟਰਾਫੀਆਂ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਜੇਤੂਆਂ ਨੂੰ 3100, 2100 ਅਤੇ 500 ਰੁਪਏ ਤੱਕ ਦੇ ਨਕਦ ਇਨਾਮਾਂ ਨਾਲ ਨਿਵਾਜਿਆ ਗਿਆ।

ਇਸ ਮੌਕੇ ਬਾਬਾ ਖਾਲਸਾ ਗਰੁੱਪ ਕਲੇਰ ਰੋਡ, ਸਿੱਧੂ ਸਟੂਡੈਂਟ ਫੈਡਰੇਸ਼ਨ ਬਨਲੂਰ ਅਤੇ ਹੋਰ ਜਥੇਬੰਦੀਆਂ ਦਾ ਵਿਸ਼ੇਸ਼ ਸਹਿਯੋਗ ਰਿਹਾ।ਇਸ ਸਮਾਗਮ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਨਾਨਕ ਸਿੰਘ ਜੰਡੀ ਚੇਅਰਮੈਨ ਬਲਾਕ ਸੰਮਤੀ ਬਲਾਚੌਰ, ਅਜੇ ਮੰਗੂਪੁਰ, ਪ੍ਰਭਜੋਤ ਸਿੰਘ ਭਾਰਟਾ, ਸੁਖਵੰਤ ਸਿੰਘ ਚੀਮਾ, ਮਦਨ ਮੀਲੂ ਟੌਂਸਾ , ਸੂਬੇਦਾਰ ਗੁਰਬਖਸ਼ ਸਿੰਘ, ਧਰਮਪਾਲ ਭਰਥਲਾ ਸਾਬਕਾ ਚੇਅਰਮੈਨ, ਚਰਨਜੀਤ ਸਿੰਘ ਕਿਸ਼ਨਪੁਰ, ਲਵਪ੍ਰੀਤ ਸਿੰਘ ਕਿਸ਼ਨਪੁਰ ਅਤੇ ਵਿਸ਼ਾਲ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਅਤੇ ਖੇਡ ਪ੍ਰੇਮੀ ਹਾਜ਼ਰ ਸਨ।


Leave a Reply

Your email address will not be published. Required fields are marked *