ਅੱਖਾਂ ਦੀ ਸਿਹਤ ਪ੍ਰਤੀ ਜਾਗਰੂਕਤਾ ਹੀ ਨਜ਼ਰ ਦੀ ਸੁਰੱਖਿਆ ਦਾ ਪਹਿਲਾ ਕਦਮ :ਡਾ. ਦਵਿੰਦਰ ਢਾਂਡਾ 


– ਵਿਸ਼ਵ ਦ੍ਰਿਸ਼ਟੀ ਦਿਵਸ ਦੇ ਸੰਦਰਭ ਵਿੱਚ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਮਰੀਜ਼ਾਂ ਦੀਆਂ ਅੱਖਾਂ ਦੀ ਸਕ੍ਰੀਨਿੰਗ

ਨਵਾਂਸ਼ਹਿਰ, 10 ਅਕਤੂਬਰ (ਜਤਿੰਦਰ ਪਾਲ ਸਿੰਘ ਕਲੇਰ ) ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ. ਅਮਨ ਸੂਦ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਅਜੇ ਕੁਮਾਰ ਬਸਰਾ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਵਿਖੇ ਵਿਸ਼ਵ ਦ੍ਰਿਸ਼ਟੀ ਦਿਵਸ ਮਨਾਇਆ ਗਿਆ। ਇਸ ਮੌਕੇ ਅੱਖਾਂ ਦੇ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਅਤੇ ਸਕ੍ਰੀਨਿੰਗ ਕੀਤੀ ਗਈ ਅਤੇ ਲੋੜ ਅਨੁਸਾਰ ਡਾਕਟਰੀ ਸਲਾਹ ਦਿੱਤੀ ਗਈ।

ਇਸ ਮੌਕੇ ਅੱਖਾਂ ਦੇ ਮਾਹਿਰ ਡਾ. ਦਵਿੰਦਰ ਢਾਂਡਾ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਆਪਣੀਆਂ ਅੱਖਾਂ ਦੀ ਸਿਹਤ ਪ੍ਰਤੀ ਸੁਚੇਤ ਰਹਿਣ ਅਤੇ ਨਜ਼ਰ ਨਾਲ ਸਬੰਧਤ ਕਿਸੇ ਵੀ ਸਮੱਸਿਆ ਨੂੰ ਅਣਗੌਲਿਆ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅੱਖਾਂ ਮਨੁੱਖੀ ਜੀਵਨ ਦਾ ਅਹਿਮ ਅੰਗ ਹਨ ਅਤੇ ਇਨ੍ਹਾਂ ਦੀ ਸਹੀ ਦੇਖਭਾਲ, ਨਿਯਮਿਤ ਜਾਂਚ ਅਤੇ ਸਮੇਂ ਸਿਰ ਇਲਾਜ ਰਾਹੀਂ ਨਜ਼ਰ ਨਾਲ ਸਬੰਧਤ ਕਈ ਸਮੱਸਿਆਵਾਂ ਤੋਂ ਬਚਾਅ ਕੀਤਾ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਅੱਖਾਂ ਦੀਆਂ ਕਈ ਬਿਮਾਰੀਆਂ ਸ਼ੁਰੂਆਤੀ ਪੜਾਅ ਵਿੱਚ ਸਪੱਸ਼ਟ ਲੱਛਣ ਨਹੀਂ ਦਿਖਾਉਂਦੀਆਂ। ਇਸ ਲਈ ਨਜ਼ਰ ਧੁੰਦਲੀ ਹੋਣ, ਅੱਖਾਂ ਵਿੱਚ ਲਗਾਤਾਰ ਦਰਦ ਜਾਂ ਲਾਲੀ ਰਹਿਣ ਅਤੇ ਨਜ਼ਰ ਵਿੱਚ ਅਚਾਨਕ ਤਬਦੀਲੀ ਆਉਣ ’ਤੇ ਤੁਰੰਤ ਅੱਖਾਂ ਦੇ ਮਾਹਿਰ ਦੀ ਸਲਾਹ ਲੈਣੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਸੰਤੁਲਿਤ ਖੁਰਾਕ ਅਪਣਾਉਣ, ਪੂਰੀ ਨੀਂਦ ਲੈਣ ਅਤੇ ਅੱਖਾਂ ਦੀ ਸਿਹਤ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਦਾ ਸੱਦਾ ਦਿੱਤਾ।

ਡਾ. ਦਵਿੰਦਰ ਢਾਂਡਾ ਨੇ ਕਿਹਾ ਕਿ ਅੱਖਾਂ ਦੀ ਸਿਹਤ ਪ੍ਰਤੀ ਜਾਗਰੂਕਤਾ ਅਤੇ ਨਿਯਮਿਤ ਜਾਂਚ ਨਜ਼ਰ ਦੀ ਸੁਰੱਖਿਆ ਲਈ ਬੇਹੱਦ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਅੱਖਾਂ ਦੀਆਂ ਕਈ ਬਿਮਾਰੀਆਂ ਸ਼ੁਰੂਆਤੀ ਪੜਾਅ ਵਿੱਚ ਬਿਨਾਂ ਸਪੱਸ਼ਟ ਲੱਛਣਾਂ ਦੇ ਵੀ ਮੌਜੂਦ ਹੋ ਸਕਦੀਆਂ ਹਨ, ਇਸ ਲਈ ਹਰੇਕ ਵਿਅਕਤੀ ਨੂੰ ਸਮੇਂ-ਸਮੇਂ ’ਤੇ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ।

ਡਾ. ਢਾਂਡਾ ਨੇ ਕਿਹਾ ਕਿ ਸ਼ੂਗਰ ਤੋਂ ਪੀੜਤ ਮਰੀਜ਼ਾਂ ਅਤੇ ਵਧਦੀ ਉਮਰ ਦੇ ਵਿਅਕਤੀਆਂ ਨੂੰ ਆਪਣੀਆਂ ਅੱਖਾਂ ਦੀ ਸਿਹਤ ਪ੍ਰਤੀ ਵਿਸ਼ੇਸ਼ ਸਾਵਧਾਨੀ ਵਰਤਣੀ ਚਾਹੀਦੀ ਹੈ। ਹਰੀਆਂ ਪੱਤੇਦਾਰ ਸਬਜ਼ੀਆਂ, ਤਾਜ਼ੇ ਫਲ ਅਤੇ ਹੋਰ ਪੌਸ਼ਟਿਕ ਭੋਜਨ ਨੂੰ ਖੁਰਾਕ ਵਿੱਚ ਸ਼ਾਮਲ ਕਰਨਾ ਲਾਹੇਵੰਦ ਹੈ। ਇਸ ਤੋਂ ਇਲਾਵਾ ਮੋਬਾਈਲ ਫੋਨ ਅਤੇ ਕੰਪਿਊਟਰ ਦੀ ਲੰਬੇ ਸਮੇਂ ਤੱਕ ਵਰਤੋਂ ਦੌਰਾਨ ਵਿਚਕਾਰ-ਵਿਚਕਾਰ ਵਿਰਾਮ ਲੈਣਾ ਚਾਹੀਦਾ ਹੈ ਅਤੇ ਅੱਖਾਂ ਵਿੱਚ ਬਿਨਾਂ ਡਾਕਟਰੀ ਸਲਾਹ ਤੋਂ ਕੋਈ ਵੀ ਦਵਾਈ ਜਾਂ ਆਈ ਡਰਾਪ ਨਹੀਂ ਪਾਉਣਾ ਚਾਹੀਦਾ।

ਉਨ੍ਹਾਂ ਕਿਹਾ ਕਿ ਨਜ਼ਰ ਧੁੰਦਲੀ ਹੋਣ, ਅੱਖਾਂ ਵਿੱਚ ਦਰਦ ਜਾਂ ਲਾਲੀ ਰਹਿਣ ਜਾਂ ਨਜ਼ਰ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਆਉਣ ’ਤੇ ਤੁਰੰਤ ਅੱਖਾਂ ਦੇ ਮਾਹਿਰ ਦੀ ਸਲਾਹ ਲੈਣੀ ਚਾਹੀਦੀ ਹੈ। ਸਮੇਂ ਸਿਰ ਜਾਂਚ ਅਤੇ ਢੁੱਕਵੇਂ ਇਲਾਜ ਨਾਲ ਅੱਖਾਂ ਦੀਆਂ ਬਿਮਾਰੀਆਂ ਦੀ ਪਛਾਣ ਕਰਕੇ ਨਜ਼ਰ ਨੂੰ ਹੋਣ ਵਾਲੇ ਨੁਕਸਾਨ ਦੇ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ।

ਅੰਤ ਵਿੱਚ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੀਆਂ ਅੱਖਾਂ ਦੀ ਨਿਯਮਿਤ ਜਾਂਚ ਕਰਵਾਉਣ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਅੱਖਾਂ ਦੀ ਸੰਭਾਲ ਪ੍ਰਤੀ ਜਾਗਰੂਕ ਕਰਨ। ਲੋਕ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਉਪਲੱਬਧ ਅੱਖਾਂ ਦੀ ਜਾਂਚ ਅਤੇ ਇਲਾਜ ਸਬੰਧੀ ਸਹੂਲਤਾਂ ਦਾ ਲਾਭ ਲੈਣ।

ਇਸ ਮੌਕੇ ਅੱਖਾਂ ਦੇ ਮਾਹਿਰ ਡਾ ਸਵਰਨਜੀਤ ਸਿੰਘ ਕੁਲਾਰ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਨਰਸਿੰਗ ਵਿਦਿਆਰਥਣਾਂ ਮੌਜੂਦ ਸਨ। 


Leave a Reply

Your email address will not be published. Required fields are marked *