ਨਵਾਂਸ਼ਹਿਰ , ( ਜਤਿੰਦਰ ਪਾਲ ਸਿੰਘ ਕਲੇਰ)—
ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਰਾਜ ਦੇ ਸਾਂਝੇ ਖ਼ੁਦਮੁਖ਼ਤਿਆਰ ਸਕੂਲਾਂ ਦੇ ਜ਼ਿਲ੍ਹਾ ਪੱਧਰੀ ਸਾਲਾਨਾ ਖੇਡ ਮੁਕਾਬਲਿਆਂ ਵਿੱਚ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਸੁਜਾਵਲਪੁਰ ਨਾਲ ਸਬੰਧਤ 10 ਸਾਲਾ ਐਵਲੀਨ ਖੇਲਾ ਨੇ ਐਥਲੈਟਿਕਸ ਦੇ ਗੋਲਾ ਸੁੱਟਣ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਗਮਾ ਜਿੱਤਿਆ ਹੈ। ਐਵਲੀਨ ਦੀ ਇਸ ਪ੍ਰਾਪਤੀ ਨਾਲ ਉਸ ਦੇ ਪਰਿਵਾਰ, ਪਿੰਡ ਸੁਜਾਵਲਪੁਰ, ਜ਼ਿਲ੍ਹੇ ਅਤੇ ਸਮੁੱਚੀ ਪੰਜਾਬੀਅਤ ਦਾ ਨਾਂ ਵਿਦੇਸ਼ ਦੀ ਧਰਤੀ ’ਤੇ ਰੌਸ਼ਨ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਘੇ ਸਿੱਖਿਆ ਮਾਹਿਰ ਅਤੇ ਸਮਾਜ ਸੇਵੀ ਮਾਸਟਰ ਮਨਮੋਹਨ ਸਿੰਘ ਖੇਲਾ ਨੇ ਦੱਸਿਆ ਕਿ ਐਵਲੀਨ ਅਜਿਹੇ ਪਰਿਵਾਰ ਨਾਲ ਸਬੰਧਤ ਹੈ, ਜਿਸ ਦੀਆਂ ਪੀੜ੍ਹੀਆਂ ਤੋਂ ਅਧਿਆਪਨ ਦੇ ਕਿੱਤੇ ਨਾਲ ਡੂੰਘੀ ਸਾਂਝ ਰਹੀ ਹੈ। ਪਰਿਵਾਰ ਦੇ ਮੈਂਬਰ ਪੰਜਾਬ ਸਰਕਾਰ ਦੇ ਸਟੇਟ ਐਵਾਰਡ ਤੋਂ ਇਲਾਵਾ ਭਾਰਤ ਸਰਕਾਰ ਵੱਲੋਂ ਰਾਸ਼ਟਰਪਤੀ ਦੇ ਹੱਥੋਂ ਮਿਲਣ ਵਾਲਾ ਕੌਮੀ ਐਵਾਰਡ ਵੀ ਪ੍ਰਾਪਤ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਐਵਲੀਨ ਵੱਲੋਂ ਖੇਡਾਂ ਦੇ ਖੇਤਰ ਵਿੱਚ ਪ੍ਰਾਪਤ ਕੀਤੀ ਇਹ ਉਪਲਬਧੀ ਪਰਿਵਾਰ ਲਈ ਹੀ ਨਹੀਂ, ਸਗੋਂ ਪਿੰਡ ਅਤੇ ਸਮੁੱਚੇ ਇਲਾਕੇ ਲਈ ਵੀ ਮਾਣ ਵਾਲੀ ਗੱਲ ਹੈ।

ਮਾਸਟਰ ਖੇਲਾ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਐਵਲੀਨ ਨੇ ਗੋਲਾ ਨਿਰਧਾਰਤ ਘੇਰੇ ਦੀ ਮਿਥੀ ਹੋਈ ਲਾਈਨ ਤੋਂ ਕੁਝ ਪਿੱਛੇ ਰਹਿ ਕੇ ਸੁੱਟਿਆ, ਜਿਸ ਕਾਰਨ ਉਸ ਦੀ ਸੁੱਟ ਦੀ ਦੂਰੀ ਪ੍ਰਭਾਵਿਤ ਹੋਈ। ਇਸ ਦੇ ਬਾਵਜੂਦ ਉਸ ਨੇ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਗਮਾ ਆਪਣੇ ਨਾਂ ਕੀਤਾ। ਉਨ੍ਹਾਂ ਅਨੁਸਾਰ ਜੇਕਰ ਐਵਲੀਨ ਨਿਰਧਾਰਤ ਲਾਈਨ ਤੋਂ ਸੁੱਟ ਕਰਦੀ ਤਾਂ ਉਸ ਦਾ ਪ੍ਰਦਰਸ਼ਨ ਪਹਿਲੇ ਸਥਾਨ ਲਈ ਮਜ਼ਬੂਤ ਦਾਅਵੇਦਾਰੀ ਵਾਲਾ ਹੋ ਸਕਦਾ ਸੀ।
ਉਨ੍ਹਾਂ ਕਿਹਾ ਕਿ ਐਵਲੀਨ ਦੀ ਇਹ ਪ੍ਰਾਪਤੀ ਪੰਜਾਬ ਦੀ ਨਵੀਂ ਪੀੜ੍ਹੀ ਲਈ ਵੀ ਪ੍ਰੇਰਨਾ ਦਾ ਸਰੋਤ ਹੈ। ਹੁਣ ਉਹ ਸਟੇਟ ਚੈਂਪੀਅਨਸ਼ਿਪ ਲਈ ਤਿਆਰੀ ਕਰੇਗੀ, ਜਿੱਥੇ ਉਸ ਤੋਂ ਹੋਰ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੈ। ਉਨ੍ਹਾਂ ਐਵਲੀਨ ਅਤੇ ਉਸ ਦੇ ਪਰਿਵਾਰ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈ ਦਿੰਦਿਆਂ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।










Leave a Reply