ਕਾਠਗੜ੍ਹ, 13ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ)
ਗਊ ਧਨ ਦੀ ਸੇਵਾ ਨੂੰ ਸਾਡੇ ਰਿਸ਼ੀਆਂ, ਮੁਨੀਆਂ ਅਤੇ ਧਰਮ ਗ੍ਰੰਥਾਂ ਨੇ ਅਹਿਮ ਸਥਾਨ ਦਿੰਦੇ ਹੋਏ ਉੱਤਮ ਸੇਵਾ ਮੰਨਿਆ ਹੈ ਬਲਕਿ ਗਊ ਨੂੰ ਮਾਤਾ ਦਾ ਦਰਜਾ ਵੀ ਦਿੱਤਾ ਗਿਆ ਹੈ। ਅਜੋਕੇ ਸਮੇਂ ਵਿੱਚ ਜਿੱਥੇ ਜਿਆਦਾਤਰ ਲੋਕਾਂ ਵੱਲੋਂ ਪੈਸੇ ਦੀ ਦੌੜ ਵਿੱਚ ਗਊ ਮਾਤਾ ਨੂੰ ਸਿਰਫ ਕਮਾਈ ਦਾ ਸਾਧਨ ਮੰਨ ਕੇ ਵਰਤਿਆ ਜਾ ਰਿਹਾ ਹੈ ਅਤੇ ਬਾਅਦ ਵਿੱਚ ਉਹਨਾਂ ਨੂੰ ਬੇਸਹਾਰਾ ਧੱਕੇ ਖਾਣ ਲਈ ਛੱਡ ਦਿੱਤਾ ਜਾਂਦਾ ਹੈ ਉਥੇ ਹੀ ਕੁੱਝ ਅਜਿਹੇ ਦਾਨੀ ਜਾਂ ਪਰਉਪਕਾਰੀ ਸੱਜਣ ਵੀ ਹਨ ਜੋ ਗਊ ਮਾਤਾ ਦੀ ਸੇਵਾ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੀ ਸੇਵਾ ਲਈ ਹਰ ਸਮੇਂ ਤਿਆਰ ਰਹਿੰਦੇ ਹਨ। ਉਹਨਾਂ ਸੇਵਾਦਾਰਾਂ ਵਿੱਚ ਪਿੰਡ ਪਨਿਆਲੀ ਖੁਰਦ ਨਿਵਾਸੀ ਪੰਡਿਤ ਸ਼ਿਵ ਸ਼ਰਮਾ ਦਾ ਨਾਂ ਵੀ ਸ਼ਾਮਿਲ ਹੈ ਜਿਨਾਂ ਦੇ ਮਨ ਵਿੱਚ ਬੇਸਹਾਰਾ ਘੁੰਮਦੀਆਂ ਗਊਆਂ ਪ੍ਰਤੀ ਦਇਆ ਭਾਵਨਾ ਬਹੁਤ ਜਿਆਦਾ ਹੈ ਅਤੇ ਉਹ ਲੰਬੇ ਸਮੇਂ ਤੋਂ ਗਊਆਂ ਦੀ ਸੇਵਾ ਨਿਸ਼ਕਾਮ ਭਾਵਨਾ ਨਾਲ ਕਰਦੇ ਆ ਰਹੇ ਹਨ। ਉਹਨਾਂ ਨੂੰ ਜਿੱਥੇ ਵੀ ਕਿਸੇ ਗਊ ਦੇ ਜਖਮੀ ਹੋਣ ਜਾਂ ਹਾਦਸੇ ਵਿੱਚ ਮਾਰੇ ਜਾਣ ਦੀ ਸੂਚਨਾ ਮਿਲਦੀ ਹੈ ਤਾਂ ਉਹਨਾਂ ਵੱਲੋਂ ਹਰ ਯੋਗ ਪ੍ਰਬੰਧ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਜਿੱਥੇ ਵੀ ਬੇਸਹਾਰਾ ਗਾਵਾਂ ਦੇ ਝੁੰਡ ਬਾਰੇ ਉਹਨਾਂ ਨੂੰ ਪਤਾ ਲੱਗਦਾ ਹੈ ਤਾਂ ਉਹ ਉਥੇ ਹੀ ਵਿਸ਼ੇਸ਼ ਤੌਰ ‘ਤੇ ਗੱਡੀ ਵਿੱਚ ਚਾਰਾ ਆਦਿ ਲਿਜਾ ਕੇ ਉਹਨਾਂ ਨੂੰ ਪਾਉਂਦੇ ਹਨ। ਪੰਡਿਤ ਸ਼ਿਵ ਸ਼ਰਮਾ ਦੀ ਇਸ ਸੇਵਾ ਨੂੰ ਦੇਖਦੇ ਹੋਏ ਉਹਨਾਂ ਦੇ ਨਾਲ ਕੁੱਝ ਹੋਰ ਸੇਵਾਦਾਰ ਜਿਨਾਂ ਵਿੱਚ ਪੰਡਿਤ ਰਾਮ ਸਰੂਪ ਸੇਵਾ ਮੁਕਤ ਮੁਲਾਜ਼ਮ, ਚੌਧਰੀ ਖੁਸ਼ੀ ਰਾਮ ਆਦਿ ਵੀ ਜੁੜ ਗਏ ਹਨ ਤੇ ਇਹ ਟੀਮ ਆਪਣੇ ਖੇਤਾਂ ਵਿੱਚੋਂ ਚਾਰਾ ਆਦਿ ਲੈ ਕੇ ਹਲਕੇ ਦੀਆਂ ਵੱਖ ਵੱਖ ਥਾਵਾਂ ਜਿੱਥੇ ਗਊਆਂ ਅਕਸਰ ਬੈਠਦੀਆਂ ਹਨ ਨੂੰ ਰੋਜ਼ਾਨਾ ਚਾਰਾ ਪਾ ਕੇ ਪੁੰਨ ਦਾ ਕੰਮ ਕਰ ਰਹੇ ਹਨ।