ਆਜ਼ਾਦੀ ਦੀ ਲੜਾਈ ਵਾਂਗ ਭਾਰਤੀ ਸੰਵਿਧਾਨ ਅਤੇ ਜਮਹੂਰੀਅਤ ਨੂੰ ਬਚਾਉਣ ਦੀ ਲੋੜ – ਦੌੜਕਾ
ਨਵਾਂ ਸ਼ਹਿਰ 14 ਅਪ੍ਰੈਲ ( ਜਤਿੰਦਰ ਪਾਲ ਸਿੰਘ ਕਲੇਰ ) ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ ) ਵਲੋਂ ਬਘੌਰਾਂ ਵਿਖੇ ਕੱਲ੍ਹ ਰਾਤ ਡਾ. ਭੀਮ ਰਾਓ ਅੰਬੇਦਕਰ ਜੀ ਦੇ 134ਵੇਂ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆl ਇਸ ਮੌਕੇ ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਸਾਰਾ ਜੀਵਨ ਅਣਮਨੁੱਖੀ ਵਿਤਕਰਿਆਂ ਨੂੰ ਸਹਿਣ ਕਰਦਿਆਂ ਉਹਨਾਂ ਵਿਰੁੱਧ ਲਗਾਤਾਰ ਸੰਘਰਸ਼ ਕਰਦੇ ਰਹੇ l ਡਾਕਟਰ ਅੰਬੇਦਕਰ ਜੀ ਨੂੰ ਵੀਹਵੀਂ ਅਤੇ ਇੱਕੀਵੀਂ ਸਦੀ ਦੇ ਚਿੰਤਕਾਂ, ਵਿਦਵਾਨਾਂ ਅਤੇ ਸਿਆਸਤਦਾਨਾਂ ਨੇ ਬਹੁਪੱਖੀ ਪ੍ਰਤਿਭਾ ਦਾ ਮਾਲਕ ਮੰਨਿਆ ਹੈ। ਉਹ ਭਾਰਤ ਦੇ ਸੰਵਿਧਾਨ ਦੇ ਮੁੱਖ ਰਚਣਹਾਰੇ ਹਨl ਡਾਕਟਰ ਅੰਬੇਦਕਰ ਜੀ ਨੇ ਭਾਰਤ ਦੇ ਗਰੀਬ ਨਾਗਰਿਕਾਂ ਅਤੇ ਔਰਤਾਂ ਨੂੰ ਵੋਟਾਂ ਦਾ ਬਰਾਬਰ ਹੱਕ ਲੈ ਕੇ ਦਿੱਤਾl ਮਜ਼ਦੂਰਾਂ, ਕਿਸਾਨਾਂ ਨੂੰ ਜ਼ਮੀਨ ਮਾਲਕੀ ਲਈ ਹੱਕ ਦਿਵਾਉਣ ਲਈ ਸੰਘਰਸ਼ ਕੀਤਾl ਉਹ ਜੀਵਨ ਭਰ ਮਨੁੱਖੀ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਰਹੇl ਉਹ ਇੱਕ ਵਰਗ ਲਈ ਨਹੀਂ ਸਮਾਜ ਦੇ ਸਾਰੇ ਵਰਗਾਂ ਦੇ ਹੱਕਾਂ ਦੀ ਤਰਜਮਾਨੀ ਕਰਨ ਵਾਲੇ ਮਹਾਨ ਨਿਧੱੜਕ ਆਗੂ ਅਤੇ ਦੂਰਦਿ੍ਸ਼ਟੀ ਦੇ ਮਾਲਕ ਸਨl ਉਹਨਾਂ ਨੂੰ ਦੁਨੀਆਂ ਭਰ ਵਿੱਚ ” ਸਿੰਬਲ ਆਫ ਨਾਲਿਜ ” ਦੇ ਤੌਰ ਤੇ ਵੀ ਯਾਦ ਕੀਤਾ ਜਾਂਦਾ ਹੈl ਉਹਨਾਂ ਦਾ ਸਮੁੱਚਾ ਜੀਵਨ ਮੁਸ਼ਕਲਾਂ ਨਾਲ ਮੱਥਾ ਲਾਉਣ ਲਈ ਪ੍ਰੇਰਤ ਕਰਦਾ ਹੈl
ਇਸ ਸਮਾਗਮ ਦੇ ਮੁੱਖ ਬਲਾਰੇ ਕੁਲਦੀਪ ਸਿੰਘ ਦੌੜਕਾ ਜਿਲ੍ਹਾ ਸਕੱਤਰ ਸ਼ਹੀਦ ਭਗਤ ਸਿੰਘ ਨਗਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪੜ੍ਹੋ, ਜੁੜੋ ਤੇ ਸੰਘਰਸ਼ ਕਰੋ ਵਰਗੇ ਉਹਨਾਂ ਦੇ ਵਿਚਾਰਾਂ ਤੇ ਅਮਲ ਕਰਕੇ ਅਸੀਂ ਜੀਵਨ ਵਿੱਚ ਵੱਡੀਆਂ ਪ੍ਰਾਪਤੀਆਂ ਕਰ ਸਕਦੇ ਹਾਂl ਅੱਜ ਪੰਜਾਬ ਦੀ ਸਰਕਾਰ ਸਿੱਖਿਆ ਕਾ੍ਂਤੀ ਦੇ ਨਾਮ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ l ਕੇਂਦਰ ਦੀ ਸਰਕਾਰ ਲੋਕਾਂ ਵਿੱਚ ਧਰਮ ਅਤੇ ਜਾਤ ਦੇ ਨਾਮ ਤੇ ਵਿਤਕਰੇ ਪੈਦਾ ਕਰ ਰਹੀl ਇਸ ਤਰ੍ਹਾਂ ਕਰਕੇ ਜਨਤਾ ਦਾ ਧਿਆਨ ਵੰਡਿਆ ਜਾ ਰਿਹਾ ਹੈ ਤੇ ਸਰਕਾਰੀ ਅਦਾਰੇ ਕੌਡੀਆਂ ਦੇ ਭਾਅ ਆਪਣੇ ਕਾਰਪੋਰੇਟ ਚਹੇਤਿਆਂ ਦੇ ਹਵਾਲੇ ਕੀਤੇ ਜਾ ਰਹੇ ਹਨl ਉਨ੍ਹਾਂ ਦੇ ਲੱਖਾਂ ਕਰੋੜ ਰੁਪਏ ਦੇ ਕਰਜੇ ਮੁਆਫ ਕੀਤੇ ਜਾ ਰਹੇ ਹਨ। ਸੰਵਿਧਾਨ ਰਾਹੀਂ ਮਿਲੀ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਨੂੰ ਖਤਮ ਕਰਨ ਲਈ ਦਲਿਤਾਂ, ਘੱਟ ਗਿਣਤੀਆਂ, ਬੁੱਧੀਜੀਵੀਆਂ ਅਤੇ ਔਰਤਾਂ ਸਮੇਤ ਕਿਰਤੀਆਂ ਨੂੰ ਦਬਾਉਣ ਲਈ ਉਹਨਾਂ ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਜਾਤ ਧਰਮ ਅਤੇ ਫਿਰਕਿਆਂ ਦੇ ਨਾਂ ਤੇ ਦੇਸ਼ ਦੇ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ। ਉਨਾਂ ਦੇਸ਼ ਦੀ ਆਜ਼ਾਦੀ ਦੀ ਲੜਾਈ ਵਾਂਗ ਸੰਵਿਧਾਨ ਅਤੇ ਜਮਹੂਰੀਅਤ ਨੂੰ ਬਚਾਉਣ ਦੀ ਲੋੜ ਤੇ ਜ਼ੋਰ ਦਿੱਤਾ। ਇੰਜੀ. ਜਸਵੀਰ ਸਿੰਘ ਮੋਰੋਂ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਜੀ ਦੇ ਵਿਚਾਰਾਂ ਤੇ ਅਮਲ ਕਰਕੇ ਹੀ ਅਸੀਂ ਸਮਾਜਿਕ ਤਬਦੀਲੀ ਦੇ ਰਾਹ ਤੇ ਅੱਗੇ ਵਧ ਸਕਦੇ ਹਾਂ। ਜਿਸ ਦਿਨ ਅਸੀਂ ਖੁਦ ਦੀ ਪਛਾਣ ਕਰ ਲਈ ਉਸ ਦਿਨ ਹੀ ਕਾ੍ਂਤੀ ਦੀ ਸੁ਼ਰੂਆਤ ਹੋਵੇਗੀ l
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਵਿਜੇ ਕੁਮਾਰ ਸਰਪੰਚ ਬਘੌਰਾਂ, ਸ. ਗੁਰਦਾਵਰ ਸਿੰਘ ਸਰਪੰਚ ਜਗਤਪੁਰ, ਸ੍ਰੀ ਸੰਤੋਖ ਸਿੰਘ ਡੀ. ਪੀ., ਸੋਢੀ ਰਾਮ ਸਾਬਕਾ ਸਰਪੰਚ, ਸ੍ਰੀਮਤੀ ਤਰਸੇਮ ਕੌਰ, ਸ੍ਰੀ ਨਰੇਸ਼ ਕੁਮਾਰ, ਸ੍ਰੀ ਹਰਮੇਸ਼ ਲਾਲ, ਸ੍ਰੀਮਤੀ ਸੁਰਿੰਦਰ ਕੌਰ, ਸ੍ਰੀਮਤੀ ਵਰਿੰਦਰ ਕੌਰ, ਸ. ਕਸ਼ਮੀਰ ਸਿੰਘ, ਬਹਾਦਰ ਰਾਮ, ਟੇਕ ਚੰਦ, ਸ੍ਰੀ ਅਸ਼ਵਨੀ ਰਾਮ ਪੰਚ ਆਦਿ ਹਾਜ਼ਰ ਸਨl ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (RMPI) ਦੇ ਜਿਲ੍ਹਾ ਪ੍ਰਧਾਨ ਹਰਪਾਲ ਸਿੰਘ ਨੇ ਆਏ ਹੋਏ ਬੁਲਾਰਿਆਂ ਅਤੇ ਬਘੌਰਾ ਦੇ ਨਗਰ ਨਿਵਾਸੀਆਂ ਦਾ ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ।