ਕਈ ਸਾਲ ਤੋਂ ਪਿੰਡ ਵਾਸੀ ਗੰਦੇ ਪਾਣੀ ਤੋਂ ਸਨ ਪਰੇਸ਼ਾਨ
ਕਾਠਗੜ੍ਹ, (ਹਰਸਿਮਰਨ ਜੋਤ ਸਿੰਘ ਕਲੇਰ)
ਨਜ਼ਦੀਕੀ ਪਿੰਡ ਚਾਹਲ ਜੱਟਾਂ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਗੰਦੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਪਿੰਡ ਦੀ ਨਵੀਂ ਬਣੀ ਪੰਚਾਇਤ ਨੇ ਹਲਕਾ ਵਿਧਾਇਕ ਦੇ ਯਤਨਾਂ ਨਾਲ ਛੱਪੜ ਦੀ ਸਫਾਈ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ ਕਰਵਾ ਦਿੱਤਾ ਹੈ।
ਜਿਕਰਯੋਗ ਹੈ ਕਿ ਪਿੰਡ ਚਾਹਲ ਜੱਟਾਂ ਵਿੱਚ ਜੋ ਗੰਦੇ ਪਾਣੀ ਦਾ ਛੱਪੜ ਹੈ ਗੰਦਗੀ ਅਤੇ ਮਲਬੇ ਕਾਰਨ ਉਸ ਦਾ ਆਕਾਰ ਕਾਫੀ ਛੋਟਾ ਹੋ ਗਿਆ ਸੀ ਅਤੇ ਨਾਲ ਹੀ ਗੰਦੇ ਪਾਣੀ ਦੇ ਨਿਕਾਸੀ ਨਾਲੇ ਵੀ ਸਫਾਈ ਨਾ ਹੋਣ ਕਰਕੇ ਬੰਦ ਹੋ ਗਏ ਸਨ ਜਿਸ ਕਾਰਨ ਗੰਦਾ ਪਾਣੀ ਪਿੰਡ ਦੀ ਮੇਨ ਗਲੀ ਅਤੇ ਲਿੰਕ ਸੜਕ ਵਿੱਚ ਵੱਡੀ ਮਾਤਰਾ ਵਿੱਚ ਜਮਾਂ ਰਹਿਣ ਲੱਗਿਆ ਜਦਕਿ ਬਰਸਾਤ ਦੇ ਦਿਨਾਂ ਵਿੱਚ ਤਾਂ ਸਥਿਤੀ ਕਾਫੀ ਬਦਤਰ ਹੋ ਜਾਂਦੀ ਸੀ। ਰਾਹਗੀਰ ਅਤੇ ਪਿੰਡ ਵਾਸੀ ਗੰਦੇ ਪਾਣੀ ਦੀ ਇਸ ਸਮੱਸਿਆ ਤੋਂ ਬਹੁਤ ਪਰੇਸ਼ਾਨ ਸਨ। ਪੱਤਰਕਾਰਾਂ ਦੀ ਟੀਮ ਦੁਆਰਾ ਕੁੱਝ ਦਿਨ ਪਹਿਲਾਂ ਪਿੰਡ ਦਾ ਮੌਕਾ ਦੇਖ ਕੇ ਇਸ ਸਮੱਸਿਆ ਨੂੰ ਮੀਡੀਆ ਰਾਹੀਂ ਪ੍ਰਸ਼ਾਸਨ ਅਤੇ ਸਰਕਾਰ ਤੱਕ ਪਹੁੰਚਾਇਆ ਜਿਸ ਤੋਂ ਬਾਅਦ ਹਲਕਾ ਵਿਧਾਇਕ ਸ਼੍ਰੀਮਤੀ ਸੰਤੋਸ਼ ਕਟਾਰੀਆ ਦੇ ਯਤਨਾਂ ਸਦਕਾ ਚਾਹਲ ਜੱਟਾਂ ਦੇ ਸਰਪੰਚ ਹਰਵਿੰਦਰ ਸਿੰਘ ਨੇ 20-25 ਸਾਲ ਤੋਂ ਗੰਦੇ ਪਾਣੀ ਦੀ ਇਸ ਸਮੱਸਿਆ ਦੇ ਹੱਲ ਲਈ ਪੋਕਲੇਨ ਮਸ਼ੀਨ ਰਾਹੀਂ ਪਿੰਡ ਦੇ ਛੱਪੜ ਦੀ ਸਫਾਈ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ ਕਰਵਾ ਦਿੱਤਾ ਅਤੇ ਛੱਪੜ ਵਿੱਚੋਂ ਕੱਢੀ ਜਾ ਰਹੀ ਗਾਦ/ ਮਿੱਟੀ ਨੂੰ ਟਰਾਲੀਆਂ ਰਾਹੀਂ ਨੀਵੀਆਂ ਥਾਵਾਂ ‘ਤੇ ਪੁਆਇਆ ਜਾ ਰਿਹਾ ਹੈ।
ਇਸੇ ਤਰ੍ਹਾਂ ਜੋ ਗੰਦੇ ਪਾਣੀ ਦੇ ਨਿਕਾਸੀ ਨਾਲੇ ਸਨ ਉਹਨਾਂ ਦੀ ਵੀ ਸਫਾਈ ਕਰਵਾਈ ਜਾ ਰਹੀ ਹੈ ਅਤੇ ਜਿਸ ਥਾਂ ‘ਤੇ ਪਾਣੀ ਜਮਾਂ ਰਹਿੰਦਾ ਸੀ ਉੱਥੇ ਅੰਡਰਗਰਾਊਂਡ ਪਾਈਪ ਦਬਾ ਕੇ ਪਹਿਲਾਂ ਵਾਲੇ ਅੰਡਰਗਰਾਊਂਡ ਨਿਕਾਸੀ ਨਾਲੇ ਨਾਲ ਜੋੜ ਕੇ ਗੰਦੇ ਪਾਣੀ ਦੀ ਨਿਕਾਸੀ ਨੂੰ ਸਹੀ ਕਰਵਾਇਆ।
ਸਰਪੰਚ ਹਰਵਿੰਦਰ ਸਿੰਘ ਨੇ ਦੱਸਿਆ ਕਿ ਹਲਕਾ ਵਿਧਾਇਕ ਨੇ ਇਸ ਕੰਮ ਲਈ ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਹੈ ਤਾਂ ਕਿ ਉਹਨਾਂ ਦਾ ਪਿੰਡ ਸਾਫ-ਸੁਥਰਾ ਬਣ ਸਕੇ। ਉਹਨਾਂ ਹਲਕਾ ਵਿਧਾਇਕ ਦਾ ਧੰਨਵਾਦ ਕਰਦੇ ਹੋਏ ਪਿੰਡ ਦੇ ਦੂਜੇ ਵਿਕਾਸ ਕਾਰਜਾਂ ਲਈ ਵੀ ਮਦਦ ਦੀ ਮੰਗ ਕੀਤੀ ਹੈ ਕਿਉਂਕਿ ਪਿਛਲੀਆਂ ਸਰਕਾਰਾਂ ਸਮੇਂ ਕਿਸੇ ਨੇ ਵੀ ਉਹਨਾਂ ਦੇ ਪਿੰਡ ਵਿੱਚ ਗੰਦੇ ਪਾਣੀ ਦੀ ਸਮੱਸਿਆ ਨੂੰ ਹੱਲ ਨਹੀਂ ਸੀ ਕਰਵਾਇਆ।


