ਆਦਮਪੁਰ (ਕਰਮਵੀਰ ਸਿੰਘ)
ਗੁਰੂ ਨਾਨਕ ਖਾਲਸਾ ਕਾਲਜ, ਡਰੋਲੀ ਕਲਾਂ ਦੇ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਦੀ ਅਗਵਾਈ ਹੇਠ , ਬੀਤੇ ਦਿਨ ਕਾਲਜ ਵਿੱਚ ‘ਰਾਸ਼ਟਰੀ ਸੇਵਾ ਯੋਜਨਾ’ ਦਿਵਸ ਮਨਾਇਆ ਗਿਆ। ਦੱਸਣਯੋਗ ਹੈ ਕਿ ਕਾਲਜ ਵਿਚ ਐੱਨ.ਐੱਸ.ਐੱਸ. ਦੇ ਦੋ ਯੂਨਿਟ ਕਾਰਜਸ਼ੀਲ ਹਨ, ਜਿਨ੍ਹਾਂ ਦੇ ਪ੍ਰੋਗਰਾਮਰ ਅਫ਼ਸਰ ਡਾ. ਬਲਵਿੰਦਰ ਸਿੰਘ ਥਿੰਦ (ਲੜਕੇ) ਅਤੇ ਡਾ. ਰਵਿੰਦਰ ਕੌਰ (ਲੜਕੀਆਂ) ਹਨ। ਇਸ ਮੌਕੇ ਸਮਾਗਮ ਦੀ ਭੂਮਿਕਾ ਬੰਨ੍ਹਦਿਆਂ ਡਾ. ਰਵਿੰਦਰ ਕੌਰ ਨੇ ਸੰਖੇਪ ਵਿੱਚ ਐੱਨ.ਐੱਸ.ਐੱਸ. ਸਮਾਗਮ ਦਿਵਸ ਮਨਾਉਣ ਦਾ ਮਕਸਦ ਦੱਸਿਆ। ਇਸ ਮੌਕੇ ਪ੍ਰਿੰਸੀਪਲ ਡਾ ਹਰਪ੍ਰੀਤ ਕੌਰ ਨੇ ਕਿਹਾ ਕਿ ਅਜੋਕੇ ਸਮਿਆਂ ਵਿੱਚ ਇਸ ਯੋਜਨਾ ਦੀ ਪ੍ਰਸੰਗਿਕਤਾ ਉਦੋਂ ਹੋਰ ਵਧ ਜਾਂਦੀ ਹੈ ਜਦੋਂ ਨਵੀਂ ਪੀੜ੍ਹੀ ਨਸ਼ਿਆਂ, ਆਲਸ ਅਤੇ ਪੱਛਮੀ ਸੱਭਿਅਤਾ ਦੇ ਸ਼ਿਕੰਜੇ ਵਿੱਚ ਬੁਰੀ ਤਰ੍ਹਾਂ ਫਸੀ ਹੋਈ ਹੈ ਅਤੇ ਉਨ੍ਹਾਂ ਅੰਦਰ ਹੱਥੀਂ ਕੰਮ ਕਰਨ ਦੀ ਭਾਵਨਾ ਵੀ ਲਗਾਤਾਰ ਖ਼ਤਮ ਹੋ ਰਹੀ ਹੈ। ਇਸ ਮੌਕੇ ਵਿਦਿਆਰਥੀਆਂ ਨੇ ਇਕਾਗਰਚਿੱਤ ਹੁੰਦਿਆਂ ਇਸ ਦਿਨ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਦਿਨ ਦਸਦਿਆਂ ਰਾਸ਼ਟਰੀ ਸੇਵਾ ਯੋਜਨਾ ਦਾ ਵਲੰਟੀਅਰਜ਼ ਬਣਨ ਦਾ ਪ੍ਰਣ ਕੀਤਾ। ਉਪਰੰਤ ਡਾ. ਰਾਕੇਸ਼ ਬਾਵਾ ਨੇ ਕਿਹਾ ਕਿ ਹਰ ਸਾਲ 24 ਸਤੰਬਰ ਨੂੰ ਦੇਸ਼ ਭਰ ਵਿੱਚ ਇਸ ਦਿਨ ਦੀ ਯਾਦ ਤਾਜ਼ਾ ਅਤੇ ਸਮਾਜ ਸੇਵਾ ਦੀ ਭਾਵਨਾ ਵਿਕਸਤ ਕਰਨ ਦੇ ਪ੍ਰਯੋਜਨ ਦੀ ਪੂਰਤੀ ਲਈ ‘ਰਾਸ਼ਟਰੀ ਸੇਵਾ ਯੋਜਨਾ’ ਦਿਵਸ ਮਨਾਇਆ ਜਾਂਦਾ ਹੈ। ਡਾ. ਬਾਵਾ ਨੇ ਕਿਹਾ ਕਿ ਇਸ ਯੋਜਨਾ ਦਾ ਲੋਗੋ ‘ਮੈਂ ਨਹੀਂ ਬਲਕਿ ਤੁਸੀਂ ਹੋ’ ਹੈ।

ਉਪਰੰਤ ਡਾ. ਬਲਵਿੰਦਰ ਸਿੰਘ ਥਿੰਦ ਨੇ ਪ੍ਰੋਜੈਕਟਰ ਦੇ ਮਾਧਿਅਮ ਰਾਹੀਂ ਐੱਨ.ਐੱਸ.ਐੱਸ. ਵਲੰਟੀਲਅਰਜ਼ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਇਹ ਯੋਜਨਾ ਭਾਰਤ ਸਰਕਾਰ ਦੇ ਯੁਵਕ ਸੇਵਾਵਾਂ ਅਤੇ ਖੇਡ ਮੰਤਰਾਲੇ ਵੱਲੋਂ ਦੁਆਰਾ ਲੋਕਾਂ ਦੇ ਸੇਵਾ ਨੂੰ ਸਮਰਪਿਤ ਪ੍ਰੋਗਰਾਮ ਹੈ ਅਤੇ ਅੱਜ ਦੇ ਦਿਨ 24 ਸਤੰਬਰ, 1948 ਈਸਵੀ ਨੂੰ ਕੌਮੀ ਸਿੱਖਿਆ ਆਯੋਗ ਵੱਲੋਂ ਉੱਘੇ ਸਿੱਖਿਆ ਸ਼ਾਸਤਰੀ ਪ੍ਰਸਿੱਧ ਚਿੰਤਕ, ਦੇ ਦੇ ਪਹਿਲੇ ਉਪ ਰਾਸ਼ਟਰਪਤੀ ਅਤੇ ਦੂਜੇ ਰਾਸ਼ਟਰਪਤੀ ਡਾ. ਸਰਵਪਲੀ ਰਾਧਾਕ੍ਰਿਸ਼ਨਨ ਦੀ ਅਗਵਾਈ ਵਿੱਚ ਕੌਮੀ ਸੇਵਾ ਯੋਜਨਾ ਦਾ ਸੰਕਲਪ ਪੇਸ਼ ਕੀਤਾ ਗਿਆ ਸੀ। 24 ਸਤੰਬਰ 1969 ਨੂੰ ਭਾਰਤ ਸਰਕਾਰ ਦੇ ਸਿੱਖਿਆ ਅਤੇ ਸੱਭਿਆਚਾਰ ਮੰਤਰਾਲੇ ਵੱਲੋਂ ਕੇਂਦਰੀ ਸਿੱਖਿਆ ਮੰਤਰੀ ਡਾ. ਬੀ. ਕੇ. ਆਰ. ਵੀ. ਰਾਓ ਨੇ ਮਹਾਤਮਾ ਗਾਂਧੀ ਦੇ ਜਨਮ ਦੇ ਸ਼ਤਾਬਦੀ ਵਰ੍ਹੇ ਦੇ ਤੋਹਫ਼ੇ ਵਜੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚਲੇ 37 ਵਿਸ਼ਵ ਵਿਦਿਆਲਿਆਂ ਵਿੱਚ ‘ਰਾਸ਼ਟਰੀ ਸੇਵਾ ਯੋਜਨਾ’ ਸ਼ੁਰੂ ਕਰਨ ਦਾ ਆਦੇਸ਼ ਦਿੱਤਾ ਸੀ, ਜਿਸ ਦੇ ਮੱਦੇਨਜ਼ਰ ‘ਰਾਸ਼ਟਰੀ ਸੇਵਾ ਯੋਜਨਾ’ 2 ਅਕਤੂਬਰ 1969 ਤੋਂ ਦੇਸ਼ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਵਿੱਚ ਵੀ ਸ਼ੁਰੂ ਹੋ ਗਈ ਸੀ। ਉਨ੍ਹਾਂ ਅੱਗੇ ਕਿਹਾ ਕਿ ਯੋਜਨਾ ਦਾ ਸੰਕੇਤਕ ਚਿੰਨ੍ਹ ਓਡੀਸ਼ਾ ਦੇ ਪ੍ਰਸਿੱਧ ਕੋਣਾਰਕ ਮੰਦਰ ਦੇ ਰਥ ਦੇ ਪਹੀਏ ’ਤੇ ਆਧਾਰਿਤ ਹੈ। ਸੂਰਜ ਮੰਦਰ ਦੇ ਵਿਸ਼ਾਲ ਪਹੀਏ ਸਿਰਜਣ, ਸੰਘਰਸ਼ ਕਰਨ ਅਤੇ ਮੁਕਤੀ ਦੇ ਚੱਕਰ ਨੂੰ ਪ੍ਰਗਟ ਕਰਦੇ ਹਨ। ਇਸ ਚਿੰਨ੍ਹ ਵਿੱਚ ਕੋਣਾਰਕ ਪਹੀਏ ਦੀਆਂ ਅੱਠ ਡੰਡੇ ਦਿਨ-ਰਾਤ ਦੇ ਅੱਠ ਪਹਿਰਾਂ ਦੀ ਪ੍ਰਤੀਨਿਧਤਾ ਕਰਦੀਆਂ ਹਨ, ਜਿਸ ਦਾ ਭਾਵ ਇਹ ਹੈ ਕਿ ‘ਕੌਮੀ ਸੇਵਾ ਯੋਜਨਾ’ ਦਾ ਵਾਲੰਟੀਅਰ ਦਿਨ ਦੇ ਅੱਠੇ ਪਹਿਰ ਭਾਵ 24 ਘੰਟੇ ਹੀ ਦੇਸ਼ ਦਾ ਸਿਪਾਹੀ ਹੁੰਦਾ ਹੈ।


