ਆਦਿ ਮਾਨਵ ਦੇ ਜੀਵਨ ਦੀ ਵਿਕਾਸ-ਯਾਤਰਾ ਪਹੀਏ ਦੀ ਕਾਢ ਨਾਲ ਸ਼ੁਰੂ ਹੋਈ ਸੀ ਅਤੇ ਆਧੁਨਿਕ, ਅਤਿ-ਆਧੁਨਿਕ ਮਨੁੱਖ ਦੇ ਵਿਕਾਸ ਦੇ ਨੱਬੇ ਪ੍ਰਤੀਸ਼ਤ ਕੰਮਾਂ ਦਾ ਆਧਾਰ ਛੋਟੇ, ਵੱਡੇ, ਬਹੁਤ ਵੱਡੇ ਤੇ ਬਹੁਤ ਡੂੰਘੇ ਟੋਇਆਂ ਵਿੱਚ ਪਿਆ ਹੈ। ਇਹ ਵਰਤਮਾਨ ਸਮੇਂ ਦੀ ਤਰੱਕੀ ਦੀ ਉੱਘੜਵੀਂ ਮਿਸਾਲ ਤੇ ਨਿਸ਼ਾਨੀ ਬਣ ਚੁੱਕੇ ਹਨ। ਹੁਣ ਤਾਂ ਇੰਝ ਲੱਗਣ ਲੱਗ ਪਿਆ ਹੈ ਕਿ ਟੋਇਆਂ ਤੋਂ ਬਿਨਾਂ ਤਰੱਕੀ ਦਾ ਕੋਈ ਕੰਮ ਹੋ ਨਹੀਂ ਸਕਦਾ। ਤਰੱਕੀ ਦਾ ਤਕਰੀਬਨ ਹਰੇਕ ਕੰਮ ਟੋਇਆਂ ਵਿੱਚੋਂ ਨਿਕਲ ਕੇ ਆਪਣੀ ਦਾਗ਼ਾਂ-ਭਰੀ ਸ਼ਕਲ ਵਿਖਾਉਂਦਾ ਹੈ ਅਤੇ ਫਿਰ ਟੋਇਆਂ ਵਿੱਚ ਹੀ ਡੂੰਘੀ ਚੁੱਭੀ ਮਾਰ ਜਾਂਦਾ ਹੈ। ਲੋਕ ਕੰਢਿਆਂ ’ਤੇ ਖੜ੍ਹੇ ਹੈਰਾਨ-ਪਰੇਸ਼ਾਨ ਹੋ ਕੇ ਝਾਕਦੇ ਰਹਿੰਦੇ ਹਨ ਅਤੇ ਉਹਦਾ ਹੱਥ ਜਾਂ ਕੋਈ ਉਂਗਲ ਫੜਨ ਦੀ ਕੋਸ਼ਿਸ਼ ਕਰਦੇ ਹਨ। ਐਪਰ ਤਰੱਕੀ ਦੇ ਕਿਸੇ ਕੰਮ ਤੱਕ ਉਨ੍ਹਾਂ ਦੀ ਪਹੁੰਚ ਅਧੂਰੀ ਰਹਿ ਜਾਂਦੀ ਹੈ। ਉਨ੍ਹਾਂ ਦੇ ਹੱਥ ਖ਼ਾਲੀ ਰਹਿ ਜਾਂਦੇ ਹਨ। ਉਹ ਹੱਥ ਮਲਦੇ ਰਹਿ ਜਾਂਦੇ ਹਨ।
ਜਿਸ ਆਦਿ ਮਾਨਵ ਨੇ ਪਹੀਏ ਦੀ ਕਾਢ ਕੱਢ ਕੇ ਤਰੱਕੀ ਨੂੰ ਤੋਰਨ ਦੀ, ਰੇੜ੍ਹਣ ਅਤੇ ਰਫ਼ਤਾਰ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਸੀ, ਉਸ ਨੇ ਉਦੋਂ ਸੋਚਿਆ ਨਹੀਂ ਹੋਣਾ ਕਿ ਸਦੀਆਂ ਬਾਅਦ ਉਹਦੀਆਂ (ਕੁ) ਨਸਲਾਂ ਤਰੱਕੀ ਦੇ ਪਹੀਏ ਨੂੰ ਚੱਜ ਨਾਲ ਚੰਗੀ ਤਰ੍ਹਾਂ ਨਹੀਂ ਚਲਾਉਣਗੀਆਂ ਤੇ ਉਨ੍ਹਾਂ ਦੀ ਤਰੱਕੀ ਦੇ ਨੱਬੇ ਪ੍ਰਤੀਸ਼ਤ ਕੰਮਾਂ ਦਾ ਆਧਾਰ ਟੋਇਆਂ ਵਿੱਚ ਪਿਆ ਰਿਹਾ ਕਰੇਗਾ ਤੇ ਕੁਝ ਚਿਰ ਆਪਣੀ ਸ਼ਕਲ ਵਿਖਾ ਕੇ ਤਕਰੀਬਨ ਹਰੇਕ ਤਰੱਕੀ ਵਾਲਾ ਕੰਮ ਛੂ-ਮੰਤਰ (ਗਾਇਬ) ਹੋ ਜਾਇਆ ਕਰੇਗਾ। ਆਦਿ ਮਾਨਵ ਨੂੰ ਇਹ ਵੀ ਇਲਮ ਨਹੀਂ ਹੋਣਾ ਕਿ ਰੇਲਗੱਡੀਆਂ, ਮੋਟਰਗੱਡੀਆਂ, ਲਾਰੀਆਂ ਦੇ ਪਹੀਆਂ ਦੀ ਰਫ਼ਤਾਰ ਤਾਂ ਹੱਦ ਤੋਂ ਵੱਧ ਤੇਜ਼ ਹੋਵੇਗੀ, ਲੇਕਿਨ ਤਰੱਕੀ ਦੇ ਪਹੀਏ ਦੀ ਰਫ਼ਤਾਰ ਭਾਰਤ ਸਮੇਤ ਹੋਰ ਕਈ ਗ਼ਰੀਬ ਤੇ ਤਰੱਕੀ-ਯਾਫ਼ਤਾ ਮੁਲਕਾਂ ਅੰਦਰ ਸਿਰਫ਼ ਰਿੜ੍ਹਨ-ਘਿਸੜਣ ਜੋਗੀ ਰਹੇਗੀ। ਤਰੱਕੀਪਸੰਦ ਅਮੀਰ ਮੁਲਕਾਂ ਵਿੱਚ ਟੋਏ ਨਜ਼ਰ ਨਹੀਂ ਆਉਣਗੇ ਅਤੇ ਉਥੇ ਤਰੱਕੀ ਦੇ ਕੰਮ ਵੀ ਤੇਜ਼ ਰਫ਼ਤਾਰ ਮੋਟਰਗੱਡੀਆਂ ਤੇ ਲਾਰੀਆਂ, ਰੇਲਗੱਡੀਆਂ ਵਾਂਗ ਹੀ ‘ਫੁੱਲ ਸਪੀਡ’ ’ਤੇ ਦੌੜਦੇ ਨਜ਼ਰ ਆਉਣਗੇ।
ਰੇਲਵੇ ਤੋਂ ਇਲਾਵਾ ਸੜਕੀ-ਆਵਾਜਾਈ ਨੂੰ ਜੀਵਨ-ਰੇਖਾ ਅਤੇ ਤਰੱਕੀ ਦੀ ਰੀੜ੍ਹ ਦੀ ਹੱਡੀ ਸਮਝਿਆ ਜਾਂਦਾ ਹੈ। ਰੀੜ੍ਹ ਦੀ ਹੱਡੀ ਦੀ ਬਣਤਰ ਮਣਕਿਆਂ ਕਾਰਨ ਅਤੇ ਬਹੁਤੀਆਂ ਸੜਕਾਂ ਦੀ ਬਣਤਰ (ਸ਼ਕਲ) ਟੋਇਆਂ ਦੇ ਕਾਰਨ ਹੋਣੀ ਮੰਨ ਲਈ ਗਈ ਹੈ। ਯਾਨਿ ਟੋਇਆਂ ਨੂੰ ਕਿਸੇ ਟੁੱਟੀ-ਭੱਜੀ, ਉੱਖੜੀ-ਰੁੱਖੜੀ ਸੜਕ ਦੇ ਮਣਕੇ ਕਿਹਾ ਜਾਣਾ ਚਾਹੀਦਾ ਹੈ। ਯਾਨਿ ਟੋਇਆਂ ਦੇ ਮਣੀਕਆਂ ਵਾਲੀਆਂ ਵੱਡੀਆਂ (ਜਰਨੈਲੀ) ਅਤੇ ਛੋਟੀਆਂ (ਲਿੰਕ) ਸੜਕਾਂ ਉੱਪਰ ਦੋਪਹੀਆ, ਤਿਪਹੀਆ, ਚਾਰ-ਪਹੀਆ ਮੋਟਰ-ਗੱਡੀਆਂ ਚਲਾਉਣ ਵਾਲੇ ਕਈ ਲੋਕਾਂ ਦੀ ਰੀੜ੍ਹ ਦੀ ਹੱਡੀ ਦੇ, ਧੌਣ ਦੇ ਮਣਕੇ ਜ਼ਰਕ ਜਾਂਦੇ ਹਨ। ਉਨ੍ਹਾਂ ’ਚੋਂ ਕੁਝ ਨੂੰ ਰੀੜ੍ਹ ਦੀ ਹੱਡੀ ਦਾ ਇਲਾਜ ਕਰਵਾਉਣਾ ਪੈਂਦਾ ਹੈ। ਲੱਕ ਦੁਆਲੇ ਸ਼ਿਕੰਜਾ ਜਿਹਾ ਕੱਸ ਕੇ ਰੱਖਣਾ ਪੈਂਦਾ ਹੈ। ਦਰਦ ਨਾਲ ‘ਹਾਏ-ਹਾਏ’! ਉੱਚੇ ਜਾਂ ਮੱਧਮ ਸੁਰ ’ਚ ਅਲਾਪਣਾ (ਕਹਿਣਾ) ਪੈਂਦਾ ਹੈ। ਉਨ੍ਹਾਂ ਦੇ ਅੰਦਰੋਂ ਚੀਸ-ਭਰੀ ਇਕ ਆਵਾਜ਼ ਨਿਕਲ ਕੇ ਬੁੱਲ੍ਹਾਂ ’ਤੇ ਆ ਜਾਂਦੀ ਹੈ, ‘‘ਟੁੱਟੀਆਂ ਸੜਕਾਂ ਤੇ ਵਿੱਚ ਟੋਏ। ਅਸੀਂ ਮਰ ਗਏ ਓਏ…ਹੋ…ਏ! ਹਾਏ, ਦੁਹਾਈ ਪੈ ਗਈ! ਟੁੱਟੀ ਸੜਕ ਕੱਢ ਕੇ ਜਾਨ ਲੈ ਗਈ। ਓ, ਟੁੱਟੀਆਂ ਸੜਕਾਂ ਤੇ ਵਿੱਚ ਟੋਏ…!’’
ਸੜਕਾਂ ਦੇ ਟੋਇਆਂ ਵਿੱਚ ਡਿੱਗ ਕੇ ਜਾਂ ਟੋਇਆਂ ਕਾਰਨ ਹਾਦਸਿਆਂ ਦਾ ਸ਼ਿਕਾਰ ਹੋ ਕੇ ਹਰ ਸਾਲ ਬੇਸ਼ੁਮਾਰ ਲੋਕ ਫੱਟੜ ਹੋ ਜਾਂਦੇ ਹਨ। ਕਈ ਅਪਾਹਜ (ਅੰਗਹੀਣ) ਹੋ ਜਾਂਦੇ ਹਨ। ਕਈ ਹੋਰ ਆਪਣੀਆਂ ਜਾਨਾਂ ਗੁਆ ਬਹਿੰਦੇ ਹਨ। ਪਿੱਛੇ ਆਪਣੇ ਟੱਬਰਾਂ ਦੇ ਜੀਆਂ ਨੂੰ ਰੋਂਦੇ-ਕੁਰਲਾਂਦੇ ਛੱਡ ਜਾਂਦੇ ਹਨ। ਦਿਲਾਂ ਵਿੱਚ ਦੁੱਖਾਂ ਦੇ ਟੋਏ ਪੈ ਜਾਂਦੇ ਹਨ।
ਕੁਝ ‘ਬਹੁਤ ਸਿਆਣੇ’, ‘ਸਮਝਦਾਰ’ ਮਨੁੱਖ ਆਖਦੇ ਹਨ ਕਿ ਸਾਡੇ ਬੁੜ੍ਹੇ (ਪਿਓ) ਆਦਿ ਮਾਨਵ ਨੇ ਪਹੀਏ ਦੀ ਕਾਢ ਕੱਢ ਕੇ ਜ਼ਿੰਦਗੀ ਨੂੰ ਸੁਖਾਲਾ, ਰਵਾਂ ਕਰਨ ਦੀ ਕੋਸ਼ਿਸ਼ ਕੀਤੀ ਸੀ। ਤਰੱਕੀ ਨੂੰ ਰਫ਼ਤਾਰ ਦੇਣ ਦੀ ਕੋਸ਼ਿਸ਼ ਕੀਤੀ ਸੀ। ਹੁਣ ਬਹੁਤ ਸਾਰੇ ਵਿਕਾਸ ਦੇ ਕੰਮ ਕਰਨ ਵਾਸਤੇ ਸਾਨੂੰ ਸੜਕਾਂ, ਪੁਲ, ਫਲਾਈਓਵਰ, ਵੱਡੀਆਂ-ਵੱਡੀਆਂ ਇਮਾਰਤਾਂ ਆਦਿ ਬਣਾਉਣ ਲਈ ਟੋਏ ਤਾਂ ਪੁੱਟਣੇ ਜਾਂ ਪਾਉਣੇ ਹੀ ਪੈਣਗੇ। ਜਿਨ੍ਹਾਂ ਸਰਕਾਰਾਂ, ਏਜੰਸੀਆਂ, ਮਹਿਕਮਿਆਂ ਵਗੈਰਾ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਹਰੇਕ ਵੱਡੀ-ਛੋਟੀ ਸੜਕ ਚੰਗੀ ਤਰ੍ਹਾਂ ਬਣਾਉਣ। ਟੁੱਟੀਆਂ-ਭੱਜੀਆਂ ਸੜਕਾਂ ਦੀ ਮੁਰੰਮਤ (ਪੈਚਵਰਕ) ਵੱਲ ਖ਼ਾਸ ਤਵੱਜੋ ਦੇਣ। ਬੱਸ, ਲੱਕ ’ਤੇ ਹੱਥ ਰੱਖ ਕੇ, ਅੱਖਾਂ ’ਤੇ ਨਜ਼ਰ ਦੀਆਂ ਐਨਕਾਂ ਲਾ ਕੇ ਤੇਜ਼-ਰਫ਼ਤਾਰ ਦੌੜਦੀਆਂ ਮੋਟਰਗੱਡੀਆਂ, ਰੇਲਗੱਡੀਆਂ ਦੀ ਤਾਰੀਫ਼ ਹੀ ਨਾ ਕਰਦੇ ਰਿਹਾ ਕਰਨ। ਫੌਕੀ ‘ਬੱਲੇ-ਬੱਲੇ’ ਤਰੱਕੀ ਦੀ ਗੱਡੀ ਨੂੰ ਰਾਹ ਤੋਂ ਥੱਲੇ ਲਾਹ ਸੁੱਟਦੀ ਹੈ। ਹਾਂ, ਭਾਰਤ ਨੇ ਵੀ ਬਹੁਤ ‘ਵਿਕਾਸ’ ਕਰ ਲਿਆ ਹੈ। ਅਸੀਂ ਤਾਂ ਇਹ ਭੁੱਲ ਹੀ ਗਏ। ਇਥੇ ਤਰੱਕੀ ਦਾ ਪਹੀਆ ਜਿਵੇਂ-ਕਿਵੇਂ ਰਿੜ੍ਹ ਹੀ ਰਿਹਾ ਹੈ।

ਨੂਰ ਸੰਤੋਖਪੁਰੀ
ਬੀ. ਐਕਸ/925, ਮੁਹੱਲਾ ਸੰਤੋਖਪੁਰਾ, ਹੁਸ਼ਿਆਰਪੁਰ ਰੋਡ, ਜਲੰਧਰ-144008, ਫ਼ੋਨ ਨੰ. 9872254990


