– ਨਮਨਪ੍ਰੀਤ ਗਰੁੱਪ ਨੇ ਪੋਸਟਰ ਮੁਕਾਬਲੇ ’ਚ ਅਤੇ ਸਿਮਰਨ ਗਰੁੱਪ ਨੇ ਰੰਗੋਲੀ ’ਚ ਪਾਇਆ ਪਹਿਲਾ ਸਥਾਨ
– ਫਾਰਮਾਸਿਸਟ ਹਮੇਸ਼ਾ ਲੋਕਾਂ ਦੀ ਭਲਾਈ ਲਈ ਤਿਆਰ ਰਹਿੰਦੇ ਹਨ – ਡਾ. ਰਾਣਾ

ਨਵਾਂਸ਼ਹਿਰ, 25 ਸਤੰਬਰ,(ਜਤਿੰਦਰ ਪਾਲ ਸਿੰਘ ਕਲੇਰ ) ਕੇਸੀ ਕਾਲਜ ਆਫ਼ ਫਾਰਮੇਸੀ ਵਿਖੇ ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ ਦੀ ਦੇਖਰੇਖ ’ਚ ਵਿਸ਼ਵ ਫਾਰਮਾਸਿਸਟ ਦਿਵਸ ਮਨਾਉਂਦੇ ਹੋਏ ਕਾਲਜ ਦੇ 40 ਵਿਦਿਆਰਥੀਆਂ ਨੇ ਪੋਸਟਰ ਮੇਕਿੰਗ ਅਤੇ ਰੰਗੋਲੀ ਮੁਕਾਬਲਿਆਂ ’ਚ ਹਿੱਸਾ ਲਿਆ। ਕਾਲਜ ਪ੍ਰਿੰਸੀਪਲ ਡਾ. ਸੰਦੀਪ ਕਲਸੀ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਫਾਰਮਾਸਿਸਟ ਦਿਵਸ ਅਤੇ ਦਵਾਈ, ਡਾਕਟਰੀ ਪੇਸ਼ ਨਾਲ ਸਬੰਧਿਤ ਸਮਾਨ ਨੂੰ ਦਰਸਾਉਂਦੇ ਪੋਸਟਰ ਅਤੇ ਰੰਗੋਲੀਆਂ ਬਣਾਈਆਂ। ਪ੍ਰੋਗਰਾਮ ਕੋਆਰਡੀਨੇਟਰ ਰੂਬਲ ਸਿੰਘ, ਨਿਧਿਕਾ, ਤਵਲੀਨ ਕੌਰ ਅਤੇ ਕਮਲਜੀਤ ਕੌਰ ਨੇ ਦੱਸਿਆ ਕਿ ਰੰਗੋਲੀ ਮੁਕਾਬਲੇ ’ਚ ਸਿਮਰਨ ਦੇ ਗਰੁੱਪ ਨੇ ਪਹਿਲਾ, ਚਾਹਤ ਦੇ ਗਰੁੱਪ ਨੇ ਦੂਜਾ ਅਤੇ ਨਵਜੋਤ ਅਤੇ ਭਿੰਦਰਜੀਤ ਦੇ ਗਰੁੱਪ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਪੋਸਟਰ ਮੁਕਾਬਲੇ ’ਚ ਨਮਨਪ੍ਰੀਤ ਦੇ ਗਰੁੱਪ ਨੇ ਪਹਿਲਾ, ਅਮ੍ਰਿਤਾ ਦੇ ਗਰੁੱਪ ਨੇ ਦੂਜਾ ਅਤੇ ਕਿਰਨਜੋਤ ਕੌਰ ਅਤੇ ਦਿਲਕੀਰਤ ਦੇ ਗਰੁੱਪ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਡਾ. ਸੰਦੀਪ ਕਲਸੀ ਨੇ ਦੱਸਿਆ ਕਿ ਇਸ ਸਾਲ ਫਾਰਮਾਸਿਸਟ ਦਿਵਸ ਦਾ ਥੀਮ ਸਿਹਤ ਬਾਰੇ ਸੋਚੋ, ਫਾਰਮਾਸਿਸਟ ਬਾਰੇ ਸੋਚੋ ਹੈ। ਵਿਸ਼ਵ ਫਾਰਮਾਸਿਸਟ ਦਿਵਸ ਮਨਾਉਣ ਦਾ ਉਦੇਸ਼ ਦੁਨੀਆ ਭਰ ਦੇ ਫਾਰਮਾਸਿਸਟਾਂ ਨੂੰ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਤ ਕਰਣਾ ਅਤੇ ਫਾਰਮੇਸੀ ਦੇ ਪੇਸ਼ੇ ਨੂੰ ਉਤਸ਼ਾਹਿਤ ਕਰਨਾ ਹੈ। ਡਾਕਟਰਾਂ ਦੇ ਨਾਲ-ਨਾਲ, ਫਾਰਮਾਸਿਸਟ ਵੀ ਸਾਨੂੰ ਸਿਹਤਮੰਦ ਰੱਖਣ ਅਤੇ ਵੱਖੋ-ਵੱਖ ਬਿਮਾਰੀਆਂ ਨੂੰ ਠੀਕ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਫਾਰਮਾਸਿਸਟ, ਜਿਨ੍ਹਾਂ ਨੂੰ ਕੈਮਿਸਟ ਵੀ ਕਿਹਾ ਜਾਂਦਾ ਹੈ, ਉਹ ਵਿਅਕਤੀ ਹਨ ਜਿਨ੍ਹਾਂ ਨੂੰ ਦਵਾਈਆਂ ਦਾ ਵਿਆਪਕ ਗਿਆਨ ਹੁਦਾ ਹੈ। ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ ਨੇ ਦੱਸਿਆ ਕਿ ਤੁਰਕੀ, ਇਸਤਾਂਬੁਲ ’ਚ ਫਾਰਮੇਸੀ ਅਤੇ ਫਾਰਮਾਸਿਊਟੀਕਲ ਸਾਇੰਸ ਦੀ ਵਿਸ਼ਵ ਕਾਨਫਰੰਸ ’ਚ ਐਫਆਈਪੀ ਦੀ ਸਥਾਪਨਾ ਕੀਤੀ ਗਈ ਸੀ। 25 ਸਤੰਬਰ ਨੂੰ ਇਸ ਲਈ ਚੁਣਿਆ ਗਿਆ ਸੀ ਕਿਉਂਕਿ ਇਸ ਦਿਨ 1912 ’ਚ ਐਫਆਈਪੀ ਦੀ ਸਥਾਪਨਾ ਹੋਈ ਸੀ। ਇਸ ਦਿਨ ਦਾ ਉਦੇਸ਼ ਦੁਨੀਆ ਭਰ ਦੇ ਸਾਰੇ ਫਾਰਮਾਸਿਸਟਾਂ ਦਾ ਧੰਨਵਾਦ ਕਰਨਾ ਅਤੇ ਉਨ੍ਹਾਂ ਦੇ ਕੰਮ ਨੂੰ ਉਜਾਗਰ ਕਰਨਾ ਹੈ। ਫਾਰਮਾਸਿਸਟ ਹਮੇਸ਼ਾ ਲੋਕਾਂ ਦੀ ਭਲਾਈ ਲਈ ਵਚਨਬੱਧ ਰਹਿੰਦੇ ਹਨ। ਜਜਮੈਂਟ ਦੀ ਭੂਮਿਕਾ ਕੈਂਪਸ ਡਾਇਰੈਕਟਰ ਡਾ. ਏ.ਸੀ. ਰਾਣਾ, ਡਾ. ਬਲਜੀਤ ਕੌਰ ਅਤੇ ਡਾ. ਕੁਲਜਿੰਦਰ ਕੌਰ ਨੇ ਸਾਂਝੇ ਤੌਰ ’ਤੇ ਕੀਤੀ। ਜੇਤੂਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ। ਸਾਰੇ ਫਾਰਮਾਸਿਸਟਾਂ ਨੂੰ ਆਪਣੇ ਫਰਜ਼ ਇਮਾਨਦਾਰੀ ਨਾਲ ਨਿਭਾਉਣ ਦੀ ਸਹੁੰ ਚੁਕਾਈ ਗਈ।


