ਸਾਰਾ ਦਿਨ ਤਾਜੇਵਾਲ ਮੰਡਾਲਾ, ਤਲਵੰਡੀ ਸ਼ੀਬੂ, ਪੰਦਰਾਵਲ ਬੁਰਜ ਟਹਿਲ ਦਾਸ, ਧੈਂਗੜਪੁਰ ਅਤੇ ਬੇਲਾ ਤਾਜੋਵਾਲ ਬੰਨ੍ਹਾਂ ’ਤੇ ਚੱਲ ਰਹੇ ਕੰਮਾਂ ਦੀ ਕੀਤੀ ਸਮੀਖਿਆ
ਦੇਰ ਰਾਤ ਤਲਵੰਡੀ ਸ਼ਿਬੂ ‘ਚ ਲੱਗੀ ਸੀ ਬੰਨ੍ਹ ਨੂੰ ਢਾਅ, ਹੁਣ ਸਥਿਤੀ ਪੂਰੀ ਤਰ੍ਹਾਂ ਕੰਟਰੋਲ ‘ਚ, ਮੌਜੂਦਾ ਸਮੇਂ ਜ਼ਿਲ੍ਹਾ ਵਾਸੀਆਂ ਨੂੰ ਕਿਸੇ ਗੱਲ ਤੋਂ ਘਬਰਾਉਣ ਦੀ ਜਰੂਰਤ ਨਹੀਂ
ਸ਼ਹੀਦ ਭਗਤ ਸਿੰਘ ਨਗਰ, 05 ਸਤੰਬਰ(ਜਤਿੰਦਰ ਪਾਲ ਸਿੰਘ ਕਲੇਰ ) ਜਿਲ੍ਹੇ ਵਿੱਚ ਸਤਲੁਜ ਦਰਿਆ ਦੇ ਬੰਨ੍ਹਾਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਸਥਿਤੀ ਬਿਲਕੁਲ ਠੀਕ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਡਰ ਵਾਲੀ ਗੱਲ ਨਹੀਂ ਹੈ।
ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਨਵਾਂਸ਼ਹਿਰ ਸਬ-ਡਵੀਜਨ ਦੇ ਪਿੰਡ ਤਾਜੇਵਾਲ-ਮੰਡਾਲਾ ਵਿਖੇ ਸਵੇਰ ਵੇਲੇ ਪਹੁੰਚ ਕੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਸ਼ਾਸ਼ਨ ਹਰ ਵੇਲੇ ਹਰ ਸੰਭਵ ਮਦਦ ਲਈ ਤਿਆਰ-ਬਰ-ਤਿਆਰ ਹੈ । ਉਨ੍ਹਾਂ ਕਿਹਾ ਕਿ ਭਾਰਤੀ ਫੌਜ ਦੀਆਂ ਟੀਮਾਂ ਵੀ ਧੈਂਗੜਪੁਰ, ਬੇਲਾ ਤਾਜੋਵਾਲ ਅਤੇ ਤਲਵੰਡੀ ਸ਼ੀਬੂ ਬੰਨ੍ਹ ਵਿਖੇ ਲਗਾਤਾਰ ਨਜ਼ਰਸਾਨੀ ਕਰਦੀਆਂ ਹੋਈਆਂ ਪਿੰਡਾਂ ਦੇ ਵਸਨੀਕਾਂ ਨੂੰ ਤਕਨੀਕੀ ਢੰਗ ਨਾਲ ਬੰਨ੍ਹਾਂ ਨੂੰ ਹੋਰ ਮਜਬੂਤ ਕਰਨ ਨੂੰ ਯਕੀਨੀ ਬਣਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੀਤੀ ਰਾਤ ਮੰਡਾਲਾ-ਤਾਜੇਵਾਲ ਬੰਨ੍ਹ ’ਤੇ ਸਪਰ ’ਤੇ ਪਾਣੀ ਦਾ ਦਬਾਅ ਪੈਂਣ ਨਾਲ ਥੋੜ੍ਹੀ ਜਿਹੀ ਸਥਿਤੀ ਬਣ ਗਈ ਸੀ ਜਿਸ ਨੂੰ ਪਿੰਡ ਵਾਸੀਆਂ ਦੇ ਭਰਵੇਂ ਸਹਿਯੋਗ ਨਾਲ ਸਮੇਂ ਸਿਰ ਕੰਟਰੋਲ ਕਰ ਲਿਆ ਗਿਆ ਅਤੇ ਹੁਣ ਹਾਲਾਤ ਬਿਹਤਰ ਹਨ । ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੂੰ ਲਗਾਤਾਰ ਨਾਜ਼ੁਕ ਥਾਵਾਂ ਦੀ ਨਜਰਸਾਨੀ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਕਿਸੇ ਵੀ ਹੰਗਾਮੀ ਹਾਲਤ ਨਾਲ ਸੁੱਚਜੇ ਢੰਗ ਨਾਲ ਨਜਿੱਠਿਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੁਪਹਿਰ ਸਮੇਂ ਭਾਰਤੀ ਫੌਜ ਦੇ ਅਧਿਕਾਰੀਆਂ ਅਤੇ ਪ੍ਰਸ਼ਾਸ਼ਨਿਕ ਟੀਮਾਂ ਸਮੇਤ ਤਲਵੰਡੀ ਸ਼ੀਬੂ ਬੰਨ੍ਹ ’ਤੇ ਚੱਲ ਰਹੇ ਕਾਰਜਾਂ ਦੀ ਸਮੀਖੀਆ ਕਰਦਿਆਂ ਦੱਸਿਆ ਕਿ ਬੀਤੀ ਦੇਰ ਰਾਤ ਪਾਣੀ ਦੇ ਤੇਜ ਵਹਾਅ ਕਾਰਨ ਬੰਨ੍ਹ ਨੂੰ ਢਾਅ ਲੱਗੀ ਜਿਸ ’ਤੇ ਪ੍ਰਸ਼ਾਸ਼ਨ ਅਤੇ ਪਿੰਡ ਵਾਸੀਆਂ ਨੇ ਫੌਰੀ ਕੰਮ ਕਰਦਿਆਂ ਬੰਨ੍ਹ ਨੂੰ ਹੋਰ ਢਾਅ ਲੱਗਣ ਤੋਂ ਬਚਾਇਆ । ਉਨ੍ਹਾ ਕਿਹਾ ਕਿ ਪਿੰਡਾਂ ਦੇ ਵਸਨੀਕਾਂ ਦਾ ਇਸ ਔਖੇ ਸਮੇਂ ਵਿੱਚ ਮਾਰੇ ਹੰਭਲੇ ਅਤੇ ਦਿੱਤਾ ਸਾਥ ਬੇਹੱਦ ਸ਼ਲਾਘਾਯੋਗ ਹੈ ਜਿਸ ਲਈ ਪ੍ਰਸ਼ਾਸ਼ਨ ਸਾਰਿਆਂ ਦਾ ਰਿਣੀ ਹੈ । ਪਿੰਡ ਵਾਸੀਆਂ ਵੱਲੋਂ ਬੰਨ੍ਹ ਦੀ ਮਜਬੂਤੀ ਦੇ ਕਾਰਜਾਂ ਲਈ ਰੱਖੀਆਂ ਮੰਗਾਂ ਨੂੰ ਗਹੁ ਨਾਲ ਸੁਨਣ ਉਪਰੰਤ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਮੌਕੇ ’ਤੇ ਹੀ ਨਿਰਦੇਸ਼ ਦਿੰਦਿਆਂ ਲੋੜੀਂਦਾ ਸਾਜੋ-ਸਾਮਾਨ ਉਪਲਬਧ ਕਰਵਾਇਆ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲ੍ਹੇ ਵਿੱਚ ਲਗਭਗ ਸਾਰੀਆਂ ਥਾਵਾਂ ਬੇਲਾ ਤਾਜੋਵਾਲ, ਤਾਜੇਵਾਲ ਮੰਡਾਲਾ, ਧੈਂਗੜਪੁਰ ਅਤੇ ਤਲਵੰਡੀ ਸ਼ੀਬੂ ਵਿਖੇ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿੱਚ ਹੈ ।
ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਸਮੇਤ ਪੰਦਰਾਵਲ, ਬੁਰਜ ਟਹਿਲ ਦਾਸ ਵਖੇ ਬੰਨ੍ਹ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ ਅਤੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਮੌਜੂਦਾ ਸਮੇਂ ਬੰਨ੍ਹਾਂ ਦੀ ਸਥਿਤੀ ਬਿਲਕੁਲ ਠੀਕ-ਠਾਕ ਹੈ ਜਿਸ ਲਈ ਉਨ੍ਹਾਂ ਨੂੰ ਕਿਸੇ ਵੀ ਗੱਲ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਇਸ ਮੌਕੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ, ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਨਾਮ ਸਿੰਘ ਜਲਾਲਪੁਰ, ਵਧੀਕ ਡਿਪਟੀ ਕਮਿਸ਼ਨਰ ਰਾਜੀਵ ਵਰਮਾ, ਐਸ.ਡੀ.ਐਮ. ਅਨਮਜਯੋਤ ਕੌਰ, ਆਮ ਆਦਮੀ ਪਾਰਟੀ ਦੇ ਆਗੂ ਹਰਜੋਤ ਕੌਰ ਲੋਹਟੀਆ, ਦਵਿੰਦਰ ਭਾਰਟਾ ਅਤੇ ਭਾਰੀ ਗਿਣਤੀ ਇਲਾਕਾ ਨਿਵਾਸੀ ਮੌਜੂਦ ਸਨ।


