Join
Monday, March 23, 2026
Monday, March 23, 2026

ਬਰਸਾਤ ਦੇ ਮੌਸਮ ਦੌਰਾਨ ਸਿਹਤ ਦਾ ਰੱਖਿਆ ਜਾਵੇ ਖ਼ਾਸ ਖਿਆਲ : ਡਾ. ਮਾਨ 

ਬਲਾਚੌਰ, 4 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ ) ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੈਫ. ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ ਬਲਾਚੌਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਕੁਲਵਿੰਦਰ ਮਾਨ ਦੀ ਯੋਗ ਰਹਿਨੁਮਾਈ ਹੇਠ ਸਿਹਤ ਵਿਭਾਗ ਬਰਸਾਤ ਦੇ ਮੌਸਮ ਦੌਰਾਨ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਇਸੇ ਕੜੀ ਤਹਿਤ ਸਿਹਤ ਵਿਭਾਗ ਨੇ ਲਗਾਤਾਰ ਪੈ ਰਹੀ ਭਾਰੀ ਬਾਰਿਸ਼ ਦਰਮਿਆਨ ਆਮ ਨਾਗਰਿਕਾਂ ਦੀ ਸਿਹਤ ਸੁਰੱਖਿਆ ਲਈ ਅਡਵਾਈਜ਼ਰੀ ਜਾਰੀ ਕੀਤੀ ਹੈ।

ਇਸ ਸਬੰਧੀ ਲੈਫ. ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ ਬਲਾਚੌਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਕੁਲਵਿੰਦਰ ਮਾਨ ਨੇ ਜਾਣਕਾਰੀ ਦਿੰਦਿਆਂ ਜੀਵਾਣੂਆਂ ਤੇ ਦੂਸ਼ਿਤ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਤੇ ਇੰਫੈਕਸ਼ਨ ਤੋਂ ਬਚਾਅ ਕਰਨ ਦੇ ਨੁਕਤੇ ਸਾਂਝੇ ਕੀਤੇ ਅਤੇ ਇਨ੍ਹਾਂ ਦੀ ਸੁਹਿਰਦਤਾ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ।

ਸੀਨੀਅਰ ਮੈਡੀਕਲ ਅਫਸਰ ਨੇ ਕਿਹਾ ਕਿ ਬਰਸਾਤ ਦੇ ਮੌਸਮ ਵਿਚ ਜੀਵਾਣੂਆਂ ਨਾਲ ਡੇਂਗੂ, ਮਲੇਰੀਆ ਤੇ ਚਿਕਨਗੁਣੀਆ ਅਤੇ ਦੂਸ਼ਿਤ ਪਾਣੀ ਨਾਲ ਦਸਤ, ਉਲਟੀਆਂ, ਹੈਜ਼ਾ, ਪੀਲੀਆ ਵਰਗੀਆਂ ਬਿਮਾਰੀਆਂ ਦੇ ਪ੍ਰਸਾਰ ਦੀ ਸੰਭਾਵਨਾ ਵਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੀਵਾਣੂਆਂ ਅਤੇ ਦੂਸ਼ਿਤ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਲੋਕਾਂ ਦੀ ਸਹਾਇਤਾ ਬਹੁਤ ਲਾਜ਼ਮੀ ਤੇ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਜੀਵਾਣੂਆਂ ਤੇ ਦੂਸ਼ਿਤ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਬਾਰੇ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਦੀ ਬਹੁਤ ਲੋੜ ਹੈ।

ਆਮ ਲੋਕਾਂ ਨੂੰ ਸਿੱਖਿਅਤ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਮੱਛਰਾਂ ਦੇ ਲਾਰਵੇ ਦੀ ਪਛਾਣ ਕਰਨ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਲਾਰਵੇ ਦੀ ਪਛਾਣ ਸਬੰਧੀ ਜਾਗਰੂਕ ਕਰਕੇ ਆਪਣੇ ਚੌਗਿਰਦੇ ਵਿੱਚ ਮੱਛਰਾਂ ਦੀ ਪੈਦਾਵਾਰ ’ਤੇ ਠੱਲ੍ਹ ਪਾਉਣ ਲਈ ਅਹਿਮ ਭੂਮਿਕਾ ਨਿਭਾ ਸਕਦੇ ਹਨ।

ਉਨ੍ਹਾਂ ਕਿਹਾ ਕਿ ਜੀਵਾਣੂਆਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ  ਆਲੇ-ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਅਤੇ ਮੱਛਰਾਂ ਤੋਂ ਮੁਕਤ ਰੱਖਣ ਲਈ ਸਾਧਾਰਨ ਉਪਰਾਲੇ ਕੀਤੇ ਜਾ ਸਕਦੇ ਹਨ। ਖੜ੍ਹੇ ਪਾਣੀ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਲਾਰਵੇ ਵਾਲੀਆਂ ਥਾਵਾਂ ਨੂੰ ਪ੍ਰਭਾਵੀ ਢੰਗ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੈਕਟਰ ਕੰਟਰੋਲ ਪ੍ਰੋਗਰਾਮ ਦੀ ਸਫਲਤਾ ਲੋਕਾਂ ਦੀ ਭਾਗੀਦਾਰੀ ਅਤੇ ਮਾਲਕੀ ’ਤੇ ਨਿਰਭਰ ਹੈ।

ਡਾ. ਮਾਨ ਨੇ ਦੱਸਿਆ ਕਿ ਨਾਗਰਿਕਾਂ ਨੂੰ ਪੀਣ ਲਈ ਸਾਫ ਪਾਣੀ ਦੀ ਵਰਤੋਂ ਹੀ ਕਰਨੀ ਚਾਹੀਦੀ ਹੈ ਅਤੇ ਪਾਣੀ ਨੂੰ ਉਬਾਲ ਕੇ ਠੰਢਾ ਕਰਕੇ ਪੀਣਾ ਚਾਹੀਦਾ ਹੈ। ਇੰਫੈਕਸ਼ਨ ਨਾਲ ਹੋਣ ਵਾਲੀਆਂ ਬਿਮਾਰੀਆਂ ‘ਤੇ ਕਾਬੂ ਪਾਉਣ ਲਈ ਸਮੇਂ-ਸਮੇਂ ‘ਤੇ ਹੱਥ ਧੋਣ ਲਈ ਸਾਬਣ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਬਰਸਾਤ ਦੇ ਪਾਣੀ ਨਾਲ ਗਿੱਲੇ ਹੋਏ ਖਾਣੇ ਨੂੰ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਕਿਸੇ ਨੂੰ ਬੁਖਾਰ ਜਾਂ ਦਸਤ ਦੀ ਸਮੱਸਿਆ ਆਉਂਦੀ ਹੈ ਤਾਂ ਉਸ ਦਾ ਇਲਾਜ ਆਪ ਨਹੀਂ ਕਰਨਾ ਚਾਹੀਦਾ, ਸਗੋਂ ਨੇੜਲੇ ਸਿਹਤ ਕੇਂਦਰ ਵਿੱਚ ਜਾਂਚ ਕਰਵਾਉਣੀ ਚਾਹੀਦੀ ਹੈ। ਜੇਕਰ ਕਿਸੇ ਥਾਂ ‘ਤੇ ਇੰਫੈਕਸ਼ਨ ਦੇ ਤਿੰਨ ਤੋਂ ਵੱਧ ਕੇਸ ਧਿਆਨ ਵਿੱਚ ਆਉਣ ਤਾਂ ਤੁਰੰਤ ਨੇੜਲੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਡਾ. ਮਾਨ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਦੌਰਾਨ ਦੂਸ਼ਿਤ ਪਾਣੀ ਤੇ ਕੀੜਿਆਂ ਦੇ ਲੜਨ ਨਾਲ ਚਮੜੀ ਤੇ ਬੈਕਟੀਰੀਅਲ ਇੰਫੈਕਸ਼ਨ (ਲਾਗ) ਹੋ ਜਾਂਦੀ ਹੈ। ਚਮੜੀ ਦੀ ਲਾਗ ਤੋਂ ਬਚਣ ਲਈ ਰਬੜ ਦੇ ਬੂਟ ਤੇ ਪੂਰੀਆਂ ਬਾਹਾਂ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ। ਇਲਾਜ ਲਈ ਨੇੜਲੀ ਸਰਕਾਰੀ ਸਿਹਤ ਸੰਸਥਾ ਵਿੱਚ ਜਾਂਚ ਕਰਵਾਉਣੀ ਚਾਹੀਦੀ ਹੈ। ਬਰਸਾਤ ਦੌਰਾਨ ਸੱਪ ਲੜਨ ਦੀਆਂ ਘਟਨਾਵਾਂ ਆਮ ਹੁੰਦੀਆਂ ਹਨ, ਇਸ ਲਈ ਪਾਣੀ ਵਿੱਚ ਜਾਣ ਤੋਂ ਬਚਣਾ ਚਾਹੀਦਾ ਹੈ। ਜੇਕਰ ਜ਼ਰੂਰੀ ਹੀ ਹੋਵੇ ਤਾਂ ਲੰਬੇ ਬੂਟ ਪਾਉਣੇ ਚਾਹੀਦੇ ਹਨ ਅਤੇ ਇਲਾਜ ਲਈ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਮੌਕੇ ਬਲਾਕ ਐਕਸਟੈਂਸ਼ਨ ਐਜੂਕੇਟਰ ਨਿਰਮਲ ਸਿੰਘ ਤੇ ਸਿਹਤ ਇੰਸਪੈਕਟਰ ਦਿਲਬਾਗ ਸਿੰਘ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2