ਨਵਾਂਸ਼ਹਿਰ/ ਕਾਠਗੜ੍ਹ 3 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ ) ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ ਨੇ ਸਤਲੁਜ ਦਰਿਆ ਦੇ ਕਿਨਾਰੇ ਸਥਿਤ ਧਾਰਮਿਕ ਸਥਾਨ ਡੇਰਾ ਪੀਰ ਬਾਬਾ ਬੰਦਲੀ ਸ਼ੇਰ ਆਸਰੋਂ ਦਾ ਦੌਰਾ ਕੀਤਾ ਅਤੇ ਹੜ੍ਹ ਦੀ ਸਥਿਤੀ ਦਾ ਜਾਇਜ਼ਾ ਲਿਆ।ਉਨ੍ਹਾਂ ਨੇ ਕਿਹਾ ਕਿ ਇਹ ਧਾਰਮਿਕ ਸਥਾਨ ਆਸਰੋਂ ਪਿੰਡ ਵਿੱਚ ਸਥਿਤ ਹੈ ਅਤੇ ਨਵਾਂਸ਼ਹਿਰ ਜ਼ਿਲ੍ਹੇ ਦਾ ਦਰਿਆ ਕਿਨਾਰੇ ਸਥਿਤ ਪਹਿਲਾ ਪਿੰਡ ਹੈ। ਉਨ੍ਹਾਂ ਨੂੰ ਡੇਰਾ ਦੇ ਸੇਵਾਦਾਰ ਬਾਬਾ ਸੱਤਪਾਲ ਨੇ ਜਾਣਕਾਰੀ ਦਿੱਤੀ ਕਿ ਇਸ ਸਥਾਨ ਤੇ ਪਾਣੀ ਦਾ ਹਰ ਵੇਲੇ ਖਤਰਾ ਬਣਿਆ ਰਹਿੰਦਾ ਹੈ। ਪਹਿਲਾਂ ਇਸ ਸਥਾਨ ਤੇ ਸੱਤ ਅੱਠ ਠੋਕਰਾਂ ਬਣਾਈਆਂ ਗਈਆਂ ਸਨ। ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਠੋਕਰਾਂ ਖਤਮ ਹੋ ਗਈਆਂ ਹਨ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਥਾਂ ਤੇ ਠੋਕਰਾਂ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਕਿ ਮਿੱਟੀ ਦੇ ਕਟਾਅ ਨੂੰ ਰੋਕਿਆ ਜਾ ਸਕੇ। ਸਤਨਾਮ ਜਲਾਲਪੁਰ ਨੇ ਕਿਹਾ ਕਿ ਬਰਸਾਤ ਤੋਂ ਬਾਅਦ ਇਨ੍ਹਾਂ ਠੋਕਰਾਂ ਨੂੰ ਮਜ਼ਬੂਤ ਕਰਨ ਦਾ ਆਸ਼ਵਾਸਨ ਦਿੱਤਾ।


