ਬਲਾਚੌਰ 25.ਅਗਸਤ (ਜਤਿੰਦਰ ਪਾਲ ਸਿੰਘ ਕਲੇਰ) ਭਾਜਪਾ ਦੀ ਅਗਵਾਈ ਵਾਲੀ ਕੇਂਦਰ ਦੀ ਮੋਦੀ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਸੰਤੋਸ਼ ਕਟਾਰੀਆ ਹਲਕਾ ਵਿਧਾਇਕ ਕਿਹਾ ਕਿ ਜਨਤਕ ਵੰਡ ਪ੍ਰਣਾਲੀ ਤਹਿਤ ਸੂਬੇ ਦੇ 55 ਲੱਖ ਲੋਕਾਂ ਨੂੰ ਮੁਫਤ ਅਨਾਜ ਸਕੀਮ ਤੋਂ ਵਾਂਝਾ ਰੱਖਣ ਦਾ ਫੈਸਲਾ ਪੰਜਾਬ ਅਤੇ ਪੰਜਾਬੀਆਂ ਵਿਰੋਧੀ ਹੈ ਜਿਸਦਾ ਹਰ ਪੱਧਰ ‘ਤੇ ਡਟਵਾਂ ਵਿਰੋਧ ਕੀਤਾ ਜਾਵੇਗਾ।
ਹਲਕਾ ਵਿਧਾਇਕ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸੂਬੇ ਦੇ 53 ਲੱਖ ਲੋਕਾਂ ਦਾ ਰਾਸ਼ਨ ਬੰਦ ਕਰਨ ਦੀ ਸਾਜ਼ਿਸ਼ ਰਚ ਰਹੀ ਹੈ, ਜਿਸ ਵਿੱਚ ਮੋਦੀ ਸਰਕਾਰ ਨੂੰ ਸਫਲ ਨਹੀ ਹੋਣ ਦਿੱਤਾ ਜਾਵੇਗਾ।
ਸੰਤੋਸ਼ ਕਟਾਰੀਆ ਨੇ ਕਿਹਾ ਕਿ ਸੂਬੇ ਵਿੱਚ 1.53 ਕਰੋੜ ਦੇ ਗਰੀਬ ਲਾਭਪਾਤਰੀ ਮੁਫ਼ਤ ਅਨਾਜ ਸਕੀਮ ਦਾ ਲਾਭ ਲੈ ਰਹੇ ਹਨ ਜਿਨ੍ਹਾਂ ‘ਚੋਂ 53 ਲੱਖ ਨੂੰ ਈ-ਕੇ.ਯਾਈ.ਸੀ. ਦੇ ਬਹਾਨੇ ਤਹਿਤ ਲਾਭ ਤੋਂ ਮਹਿਰੂਮ ਕੀਤਾ ਜਾ ਰਿਹਾ ਜਿਸ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਕਦੇ ਵੀ ਸਹਿਣ ਨਹੀਂ ਕਰੇਗੀ।
ਵਿਧਾਇਕਾ ਨੇ ਕਿਹਾ ਕਿ ਸੂਬੇ ਦੇ ਕਰੀਬ 55 ਲੱਖ ਲੋਕਾਂ ਦੇ ਚੁੱਲ੍ਹਿਆਂ ਨੂੰ ਬੰਦ ਕਰਨ ਦੀ ਕੋਝੀ ਸਾਜ਼ਿਸ਼ ਕਰਕੇ ਕੇਂਦਰ ਦੀ ਸਰਕਾਰ ਦਾ ਪੰਜਾਬ ਅਤੇ ਪੰਜਾਬੀਆਂ ਵਿਰੋਧੀ ਚਿਹਰਾ ਇੱਕ ਵਾਰ ਫੇਰ ਬੇਨਕਾਬ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਵੱਡੀ ਕਿਸੇ ਸੂਬੇ ਨਾਲ ਕੀ ਜ਼ਿਆਦਤੀ ਹੋ ਸਕਦੀ ਹੈ ਕਿ ਉਸਦੀ ਏਨੀ ਵੱਡੀ ਗਿਣਤੀ ਵਿੱਚ ਲਾਭਪਾਤਰੀਆਂ ਨੂੰ ਮੁਫਤ ਅਨਾਜ ਸਕੀਮ ਤੋ ਲਾਭੇ ਕੀਤਾ ਜਾਵੇ।
ਕੇਂਦਰ ਸਰਕਾਰ ਆਪਣੇ ਮਨਸੂਬਿਆਂ ਵਿੱਚ ਕਦੇ ਵੀ ਸਫਲ ਨਹੀਂ ਹੋਵੇਗੀ ਅਤੇ ਰਾਸ਼ਨ ਬੰਦ ਕਰਨ ਲਈ ਵਿਸ਼ੇਸ਼ ਤੌਰ ਉਤੇ ਪੰਜਾਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਇਸ ਨਾਦਰਸ਼ਾਹੀ ਫੁਰਮਾਨ ਖ਼ਿਲਾਫ਼ ਹਰ ਸੰਘਰਸ਼ ਲਈ ਤਿਆਰ ਹੈ ਅਤੇ ਕਿਸੇ ਵੀ ਲਾਭਪਾਤਰੀ ਦਾ ਕਾਰਡ ਰੱਦ ਨਹੀਂ ਹੋਣ ਦੇਵੇਗੀ।


