ਬਲਾਚੌਰ 14 ਅਗਸਤ – (ਜਤਿੰਦਰ ਪਾਲ ਸਿੰਘ ਕਲੇਰ ) ਪੀ.ਏ.ਯੂ. – ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਵਿਖੇ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਇਕ ਟੈਲੈਂਟ ਹੰਟ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਡਾ. ਨਿਰਮਲ ਸਿੰਘ ਜੌੜਾ, ਨਿਰਦੇਸ਼ਕ, ਵਿਦਿਆਰਥੀ ਭਲਾਈ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਸਟੇਟ ਅਤੇ ਨੈਸ਼ਨਲ ਅਵਾਰਡੀ. ਸ. ਦਲਜੀਤ ਸਿੰਘ ਖੱਖ, ਡੀ.ਐਸ.ਪੀ. ਹੈੱਡ ਕੁਆਰਟਰ ਸ਼ਹੀਦ ਭਗਤ ਸਿੰਘ ਨਗਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਇਸ ਵਿਚ ਵਿਦਿਆਰਥੀਆਂ ਦੇ ਲੋਕ ਗੀਤ, ਲੋਕ ਨਾਚ, ਕਵਿਤਾ, ਲੇਖ ਰਚਨਾ, ਕਹਾਣੀ ਲਿਖਣ, ਸਕਿੱਟ, ਮਿਮਿੱਕਰੀ, ਭੰਡ ਆਦਿ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ।ਇਸ ਮੌਕੇ ਡਾ. ਮਨਮੋਹਨਜੀਤ ਸਿੰਘ, ਡੀਨ. ਪੀ.ਏ.ਯੂ.. ਖੇਤੀਬਾੜੀ ਕਾਲਜ, ਬੱਲੇਵਾਲ ਸੱਖੜੀ ਨੇ ਆਏ ਹੋਏ ਮਹਿਮਾਨਾਂ, ਕਾਲਜ ਅਤੇ ਖੇਤਰੀ ਖੋਜ ਕੇਂਦਰ ਦੇ ਸਟਾਫ ਦਾ ਨਿੱਘਾ ਸੁਆਗਤ ਕੀਤਾ। ਉਹਨਾਂ ਨੇ ਕਿਹਾ ਕਿ ਸਾਨੂੰ ਜ਼ਿੰਦਗੀ ਵਿੱਚ ਸਫ਼ਲ ਬਣਨ ਲਈ ਪੜ੍ਹਾਈ ਦੇ ਨਾਲ-ਨਾਲ ਹੋਰ ਗਤੀਵਿਧੀਆਂ ਵਿੱਚ ਵੀ ਵੱਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ।ਅਜਿਹੀਆਂ ਗਤੀਵਿਧੀਆਂ ਸਾਡੇ ਬਹੁਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ।ਡਾ. ਨਿਰਮਲ ਸਿੰਘ ਜੌੜਾ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਦੀ ਸ਼ਖਸੀਅਤ ਵਿਕਸਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਹਨਾਂ ਨੇ ਵਿਦਿਆਰਥੀਆਂ ਨੂੰ ਯੂਥ ਫੈਸਟੀਵਲ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਯੂਥ ਫੈਸਟੀਵਲ ਸਾਨੂੰ ਜ਼ਿੰਦਗੀ ਵਿੱਚ ਔਕੜਾ ਹੱਲ ਕਰਨਾ ਸਿਖਾਉਂਦੇ ਹਨ।
ਸਟੇਟ ਅਤੇ ਨੈਸ਼ਨਲ ਅਵਾਰਡੀ, ਡੀ.ਐਸ.ਪੀ. ਦਲਜੀਤ ਸਿੰਘ ਖੱਖ ਨੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨਾਂ ਲਈ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੰਜਾਬ ਦੇ ਪੁਰਾਤਨ ਸੱਭਿਆਚਾਰ ਅਤੇ ਪੰਜਾਬੀ ਲੋਕ ਨਾਚਾਂ ਭੰਗੜਾ, ਗਿੱਧਾ, ਮਲਵਈ ਗਿੱਧਾ, ਧਮਾਲ ਆਦਿ ਦੀ ਵਿਸ਼ਵ ਪੱਧਰ ਉਤੇ ਪਛਾਣ ਅਤੇ ਮਹੱਤਤਾ ਦੱਸੀ। ਸ. ਖੱਖ ਨੇ ਪੰਜਾਬੀ ਭਾਸ਼ਾ ਦੀ ਸੰਭਾਲ ਅਤੇ ਪੂਰਨ ਵਰਤੋਂ ਦੀ ਲੋੜ ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਜਪਾਨ ਅਤੇ ਕੁਝ ਯੂਰਪੀ ਦੇਸ਼ਾਂ ਦੀ ਉਦਾਹਰਣ ਦੇ ਕੇ ਦੱਸਿਆ ਕਿ ਜਿਵੇਂ ਉਥੇ ਲੋਕ ਆਪਣੀ ਮੂਲ ਭਾਸ਼ਾ ਅਤੇ ਸੱਭਿਆਚਾਰ ਨੂੰ ਸੰਭਾਲ ਰਹੇ ਹਨ, ਉਵੇਂ ਹੀ ਸਾਨੂੰ ਵੀ ਆਪਣੀ ਪੰਜਾਬੀ ਭਾਸ਼ਾ ਅਤੇ ਵਿਰਾਸਤ ਨੂੰ ਜਿਉਂਦਾ ਰੱਖਣ ਦੀ ਲੋੜ ਹੈ।ਇਸ ਮੌਕੇ ਮੰਚ ਸੰਚਾਲਨ ਡਾ. ਜਸ਼ਲੀਨ ਕੌਰ ਸਿੱਧੂ ਨੇ ਕੀਤਾ।


