ਸਰਕਾਰੀ ਪ੍ਰਾਇਮਰੀ ਸਕੂਲ, ਮਹਿੰਦੀਪੁਰ ‘ਚ ਪਹੁੰਚ ਕੇ ਭੋਜਨ ਦੀ ਗੁਣਵੱਤਾ ਦਾ ਲਿਆ ਜਾਇਜ਼ਾ, ਪ੍ਰਬੰਧਾਂ ‘ਤੇ ਪ੍ਰਗਟਾਈ ਤਸੱਲੀ
ਵਿਦਿਆਰਥੀਆਂ ਨਾਲ ਬੈਠ ਕੇ ਖ਼ੁਦ ਵੀ ਖਾਧਾ ਮਿਡ ਡੇਅ ਮੀਲ ਵਾਲਾ ਖਾਣਾ

ਬਲਾਚੌਰ, 9 ਅਗਸਤ(ਜਤਿੰਦਰ ਪਾਲ ਸਿੰਘ ਕਲੇਰ ) ਉਪ ਮੰਡਲ ਮੈਜਿਸਟਰੇਟ ਕ੍ਰਿਤਿਕਾ ਗੋਇਲ ਨੇ ਸ਼ੁੱਕਰਵਾਰ ਨੂੰ ਪਿੰਡ ਮਹਿੰਦੀਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਪਹੁੰਚ ਕੇ ਮਿਡ ਡੇਅ ਮੀਲ ਤਹਿਤ ਬੱਚਿਆਂ ਲਈ ਤਿਆਰ ਕੀਤੇ ਜਾ ਰਹੇ ਭੋਜਨ ਲਈ ਪੌਸ਼ਟਿਕਤਾ, ਸਾਫ-ਸਫਾਈ ਅਤੇ ਗੁਣਵੱਤਾ ਦੀ ਸਮੀਖਿਆ ਕੀਤੀ ।
ਵਿਦਿਆਰਥੀਆਂ ਲਈ ਭੋਜਨ ਤਿਆਰ ਕਰਨ ਲਈ ਬਣੀ ਰਸੌਈ ਵਿਖੇ ਸਾਫ-ਸਫਾਈ ਦੀ ਵਿਵਸਥਾ ‘ਤੇ ਤਸੱਲੀ ਪ੍ਰਗਟਾਉਂਦਿਆਂ ਐਸ.ਡੀ.ਐਮ. ਕ੍ਰਿਤਿਕਾ ਗੋਇਲ ਨੇ ਮਿਡ ਡੇਅ ਮੀਲ ਵਰਕਰਾਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਨੇ ਵਰਕਰਾਂ ਨੂੰ ਤਾਕੀਦ ਕੀਤੀ ਕਿ ਖਾਣੇ ਦੀ ਗੁਣਵੱਤਾ ਅਤੇ ਪੌਸ਼ਟਿਕਤਾ ਵਿੱਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਤਾਂ ਜੋ ਵਿਦਿਆਰਥੀਆਂ ਨੂੰ ਚੰਗੀ ਕੁਆਲਿਟੀ ਅਤੇ ਸਵਾਦੀ ਭੋਜਨ ਮਿਲ ਸਕੇ। ਉਨ੍ਹਾਂ ਨੇ ਰੋਜ਼ਾਨਾ ਦੇ ਆਧਾਰ ‘ਤੇ ਨਿਰਧਾਰਤ ਸ਼ਡਿਊਲ ਅਨੁਸਾਰ ਬਣਾਏ ਜਾ ਰਹੇ ਭੋਜਨ ਬਾਰੇ ਵਰਕਰਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਤੋਂ ਫ਼ੀਡਬੈਕ ਹਾਸਲ ਕਰਦਿਆਂ ਪ੍ਰਬੰਧਾਂ ‘ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਖਾਣੇ ਦੀ ਪੌਸ਼ਟਿਕਤਾ ਅਤੇ ਸ਼ੁੱਧਤਾ ਨੂੰ ਭਵਿੱਖ ਵਿੱਚ ਵੀ ਬਰਕਰਾਰ ਰੱਖਿਆ ਜਾਵੇ ਤਾਂ ਜੋ ਵਿਦਿਆਰਥੀਆਂ ਨੂੰ ਸਿਹਤਮੰਦ ਭੋਜਨ ਮਿਲੇ। ਐਸ.ਡੀ.ਐਮ. ਕ੍ਰਿਤਿਕਾ ਗੋਇਲ ਨੇ ਖੁਦ ਵਿਦਿਆਰਥੀਆਂ ਵਾਲੀ ਲਾਈਨ ਵਿੱਚ ਬੈਠ ਕੇ ਉਨ੍ਹਾਂ ਨਾਲ ਮਿਡ ਡੇਅ ਮੀਲ ਵਾਲਾ ਖਾਣਾ ਖਾਧਾ।
ਐਸ.ਡੀ.ਐਮ. ਕ੍ਰਿਤਿਕਾ ਨੇ ਕਿਹਾ ਕਿ ਸਬ ਡਵੀਜ਼ਨ ਅੰਦਰ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦੀ ਸਮੇਂ-ਸਮੇਂ ‘ਤੇ ਸਮੀਖਿਆ ਕੀਤੀ ਜਾਵੇਗੀ ।


