ਵਿਦਿਆਰਥੀਆਂ ਨੇ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਤਹਿਤ ਲਗਾਏ ਬੂਟੇ
ਵੱਧ ਤੋਂ ਵੱਧ ਬੂਟੇ ਲਗਾ ਕੇ ਕਰੋ ਕੁਦਰਤ ਦਾ ਸਨਮਾਨ ਅਤੇ ਭਵਿੱਖ ਦੀ ਸੰਭਾਲ : ਰਮਨ ਕੁਮਾਰ
ਨਵਾਂਸ਼ਹਿਰ, 9 ਅਗਸਤ(ਜਤਿੰਦਰ ਪਾਲ ਸਿੰਘ ਕਲੇਰ )ਮਾਂ ਦੀ ਮਮਤਾ ਅਤੇ ਵਾਤਾਵਰਣ ਦੀ ਹਰਿਆਲੀ, ਦੋਵੇਂ ਹੀ ਜੀਵਨ ਦਾ ਆਧਾਰ ਹਨ। ਇਸੇ ਭਾਵਨਾ ਨੂੰ ਦਿਲ ਵਿੱਚ ਵਸਾ ਕੇ, ਸ੍ਰੀ ਕ੍ਰਿਸ਼ਨਾ ਯੂਥ ਕਲੱਬ ਨੇ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਲੰਗੜੋਆ ਵਿੱਚ ਇੱਕ ਪਲਾਂਟੇਸ਼ਨ ਡਰਾਈਵ ਆਯੋਜਿਤ ਕੀਤੀ ਗਈ। ਇਸ ਦਾ ਉਦੇਸ਼ ਬੱਚਿਆਂ ਨੂੰ ਕੁਦਰਤ ਨਾਲ ਜੋੜਨਾ ਅਤੇ ਉਨ੍ਹਾਂ ਵਿੱਚ ਵਾਤਾਵਰਣ ਸੰਭਾਲ ਦੀ ਭਾਵਨਾ ਪੈਦਾ ਕਰਨਾ ਸੀ।
ਇਹ ਪ੍ਰੋਗਰਾਮ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ “ਮੇਰਾ ਯੁਵਾ ਭਾਰਤ” (ਮਾਈ ਭਾਰਤ) ਦੇ ਅਧੀਨ ਆਯੋਜਿਤ ਕੀਤਾ ਗਿਆ, ਜਿਸਦਾ ਮਕਸਦ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕਰਨਾ ਹੈ। ਇਸ ਮੌਕੇ ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਨੇ ਰਲ ਕੇ ਕਨੇਰ ਅਤੇ ਹੈਬਿਕਸ ਵਰਗੇ ਫੁੱਲਾਂ ਵਾਲੇ ਬੂਟੇ ਲਗਾਏ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਮਾਸਟਰ ਮਨੋਹਰ ਸਿੰਘ ਦੇ ਨਾਲ ਬਲਾਕ ਨੋਡਲ ਅਫਸਰ ਅਤੇ ਸਕੂਲ ਮੁਖੀ ਰਮਨ ਕੁਮਾਰ ਵੀ ਹਾਜ਼ਰ ਸਨ।
ਕਲੱਬ ਦੇ ਮੈਂਬਰ ਕੁਲਵਿੰਦਰ ਸਿੰਘ ਨੇ ਕਿਹਾ, ਮਾਂ ਸਾਨੂੰ ਜੀਵਨ ਦਿੰਦੀ ਹੈ ਅਤੇ ਰੁੱਖ ਜੀਵਨ ਨੂੰ ਸੰਜੀਵਨੀ ਦਿੰਦੇ ਹਨ। ਜਦੋਂ ਅਸੀਂ ਮਾਂ ਦੇ ਨਾਮ ‘ਤੇ ਇੱਕ ਬੂਟਾ ਲਗਾਉਂਦੇ ਹਾਂ, ਤਾਂ ਇਹ ਸਿਰਫ਼ ਵਾਤਾਵਰਣ ਦੀ ਸੰਭਾਲ ਨਹੀਂ ਹੁੰਦੀ, ਸਗੋਂ ਇਹ ਕੁਦਰਤ ਨੂੰ ਮਾਂ ਮੰਨਣ ਦੀ ਸਾਡੀ ਪਰੰਪਰਾ ਨੂੰ ਅੱਗੇ ਵਧਾਉਣ ਦਾ ਇੱਕ ਪਵਿੱਤਰ ਕਾਰਜ ਵੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਨੌਜਵਾਨਾਂ ਨੂੰ ਸਮਾਜਿਕ ਅਤੇ ਵਾਤਾਵਰਣਕ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਕਰਦੇ ਹਨ।
“ਮੇਰਾ ਯੁਵਾ ਭਾਰਤ” ਸ਼ਹੀਦ ਭਗਤ ਸਿੰਘ ਨਗਰ ਤੋਂ ਵੰਦਨਾ ਲੌ ਨੇ ਕਿਹਾ, ਇਹ ਮੁਹਿੰਮ ਸਿਰਫ਼ ਬੂਟੇ ਲਗਾਉਣ ਤੱਕ ਸੀਮਤ ਨਹੀਂ ਹੈ, ਬਲਕਿ ਇਹ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਨਾਲ ਜੋੜਨ ਦਾ ਇੱਕ ਮਜ਼ਬੂਤ ਸਾਧਨ ਹੈ। ਓਹਨਾ ਕਿਹਾ ਕਿ ਮੈਂ ਸਾਰਿਆਂ ਨੂੰ, ਖਾਸ ਕਰਕੇ ਨੌਜਵਾਨਾਂ ਨੂੰ, ਮਾਈ ਭਾਰਤ ਪੋਰਟਲ ‘ਤੇ ਰਜਿਸਟਰ ਕਰਕੇ ਇਸ ਮੁਹਿੰਮ ਦਾ ਹਿੱਸਾ ਬਣਨ ਅਤੇ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਅਪੀਲ ਕਰਦੀ ਹਾਂ।
ਸਕੂਲ ਦੇ ਮੁਖੀ ਰਮਨ ਕੁਮਾਰ ਨੇ ਕਿਹਾ ਕਿ ‘‘ਏਕ ਪੇੜ ਮਾਂ ਕੇ ਨਾਮ’’ ਵਰਗੀ ਭਾਵਨਾਤਮਕ ਮੁਹਿੰਮ ਬੱਚਿਆਂ ਨੂੰ ਨਾ ਸਿਰਫ਼ ਵਾਤਾਵਰਣ ਦੀ ਮਹੱਤਤਾ ਸਿਖਾਉਂਦੀ ਹੈ, ਸਗੋਂ ਉਨ੍ਹਾਂ ਨੂੰ ਆਪਣੀ ਮਾਂ ਪ੍ਰਤੀ ਸ਼ੁਕਰਗੁਜ਼ਾਰੀ ਪ੍ਰਗਟ ਕਰਨ ਦਾ ਇੱਕ ਵਿਲੱਖਣ ਮੌਕਾ ਵੀ ਦਿੰਦੀ ਹੈ। ਉਨ੍ਹਾਂ ਨੇ ਬੱਚਿਆਂ ਨੂੰ ਲਗਾਏ ਗਏ ਬੂਟਿਆਂ ਦੀ ਦੇਖਭਾਲ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਸ਼ਾਲੀਨਤਾ ਭਨੋਟ, ਰਿੰਕੂ ਚੋਪੜਾ, ਬਲਵਿੰਦਰ, ਮਨਪ੍ਰੀਤ ਸਿੰਘ, ਗਗਨਦੀਪ ਅਤੇ ਸ਼ੈਲੀ ਜੈਰਥ ਵੀ ਮੌਜੂਦ ਸਨ।


