– ਲੈਫ. ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ ਬਲਾਚੌਰ ਵਿਖੇ ਨਾਨਕ ਬਗੀਚੀ ਦਾ ਜਾਇਜ਼ਾ
ਨਵਾਂਸ਼ਹਿਰ, 16 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ ਨੇ ਵਣ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਲੈਫ. ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ, ਬਲਾਚੌਰ ਵਿਖੇ ਨਿਰਮਿਤ ਨਾਨਕ ਬਾਗੀਚੀ ਦਾ ਜਾਇਜ਼ਾ ਲਿਆ। ਲੈਫ. ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ, ਬਲਾਚੌਰ ਵਿਖੇ ਸਾਫ਼-ਸੁਥਰਾ ਅਤੇ ਹਰਾ-ਭਰਾ ਵਾਤਾਵਰਨ ਯਕੀਨੀ ਬਣਾਉਣ ਲਈ ਨਾਨਕ ਬਗੀਚੀ ਦਾ ਨਿਰਮਾਣ ਕੀਤਾ ਗਿਆ ਹੈ। ਇਸ ਮੌਕੇ ਲੈਫ. ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ, ਬਲਾਚੌਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਵਿੰਦਰ ਮਾਨ ਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਕੇਸ਼ ਪਾਲ, ਬਲਾਕ ਐਕਸਟੈਂਸ਼ਨ ਐਜੂਕੇਟਰ ਨਿਰਮਲ ਸਿੰਘ ਤੇ ਹੈਲਥ ਇੰਸਪੈਕਟਰ ਦਿਲਬਾਗ ਸਿੰਘ ਸਮੇਤ ਹੋਰ ਸਿਹਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।
ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਨਾਨਕ ਬਾਗੀਚੀ, ਜਿਸ ਬੂਟਿਆਂ ਦੀਆਂ ਵੱਖ-ਵੱਖ ਕਿਸਮਾਂ ਲਗਾਈਆਂ ਗਈਆਂ ਹਨ, ਨੂੰ ਜੈਵਿਕ ਵਿਵਿਧਤਾ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਨਿਵੇਕਲੀ ਪਹਿਲ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਇਹ ਬਗੀਚੀ ਬਣਾਉਣ ਲਈ ਤਕਰੀਬਨ ਇੱਕ ਮੀਟਰ ਮਿੱਟੀ ਦੀ ਪੁਟਾਈ ਕਰਕੇ ਉਸ ਵਿੱਚ ਪੌਸ਼ਟਿਕ ਤੱਤ ਮਿਲਾਏ ਗਏ ਤਾਂ ਜੋ ਲਾਏ ਗਏ ਬੂਟਿਆਂ ਨੂੰ ਪੌਸ਼ਟਿਕ ਖੁਰਾਕ ਮਿਲਦੀ ਰਹੇ। ਉਨ੍ਹਾਂ ਦੱਸਿਆ ਕਿ ਇਸ ਬਾਗੀਚੀ ਨੂੰ ਨਾ ਕੇਵਲ ਆਧੁਨਿਕ ਤਕਨੀਕ ਨਾਲ ਤਿਆਰ ਕੀਤਾ ਗਿਆ ਹੈ, ਬਲਕਿ ਲਾਵਾਰਿਸ ਪਸ਼ੂਆਂ ਤੋਂ ਬੂਟਿਆਂ ਨੂੰ ਬਚਾਉਣ ਲਈ ਚਾਰੇ ਪਾਸੇ ਤਾਰ ਵੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਆਓ, ਅਸੀਂ ਸਾਰੇ ਰਲ ਮਿਲ ਕੇ ਪ੍ਰਣ ਲਈਏ ਕਿ ਵਾਤਾਵਰਨ ਦੀ ਸੁਰੱਖਿਆ ਲਈ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਗਾਵਾਂਗੇ।


