ਰੋਪੜ੍ਹ 16 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ )
ਮਾਣਯੋਗ ਐੱਸ.ਐੱਸ.ਪੀ. ਰੋਪੜ੍ਹ ਆਈ.ਪੀ.ਐੱਸ. ਗੁਲਨੀਤ ਸਿੰਘ ਖੁਰਾਨਾ ਦੇ ਆਦਿੱਤਯਾ ਆਦੇਸ਼ਾਂ ਤਹਿਤ ਇੰਸਪੈਕਟਰ ਸਨੀ ਖੰਨਾ ਨੇ ਥਾਣਾ ਸਦਰ ਰੋਪੜ੍ਹ ਵਿਖੇ ਬਤੌਰ ਐੱਸ.ਐੱਚ.ਓ. ਦਾ ਅਹੁਦਾ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਪਲੇਠੀ ਮੀਟਿੰਗ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਇਲਾਕੇ ਨੂੰ ਨਸ਼ਾ-ਮੁਕਤ ਬਣਾਉਣ ਨੂੰ ਪਹਿਲ ਦੇਣਗੇ ਤੇ ਕਿਸੇ ਵੀ ਨਸ਼ਾ-ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ | ਉਨ੍ਹਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਦਾ ਸਹਿਯੋਗ ਕਰਦੇ ਹੋਏ ਸੱਚੀ ਤੇ ਸਹੀ ਸੂਚਨਾ ਪੁਲਿਸ ਨੂੰ ਦੇਣ ਤਾਂ ਜੋ ਮਾੜੇ ਅਨਸਰਾਂ ਨੂੰ ਜਲਦ ਠੱਲ ਪਾਈ ਜਾ ਸਕੇ | ਐਸਐਚਓ ਸੰਨੀ ਖੰਨਾ ਇਸ ਤੋਂ ਪਹਿਲਾ ਰੋਪੜ੍ਹ, ਨਵਾਸ਼ਹਿਰ ਅਤੇ ਫਤਿਹਗੜ੍ਹ ਸਾਹਿਬ ਵਿੱਚ ਸਾਈਬਰ ਸੈਂਲ ਰੇਂਜ ਵਿੱਚ ਵੀ ਆਪਣੀਆ ਚੰਗੀਆਂ ਸੇਵਾਵਾਂ ਨਿਭਾ ਚੁੱਕੇ ਹਨ | ਇਸ ਮੌਕੇ ‘ਤੇ ਐੱਸ.ਐੱਚ.ਓ. ਇੰਸਪੈਕਟਰ ਸੰਨੀ ਖੰਨਾ ਨੇ ਬੁਲਟ ਦੇ ਪਟਾਕੇ ਪਾਉਣ ਵਾਲੇ ਤੇ ਬਿਨਾਂ ਨੰਬਰੀ ਤੇ ਅਧੂਰੇ ਦਸਤਾਵੇਜ਼ ਵਾਲੇ ਵਾਹਨ ਚਾਲਕਾਂ ਨੂੰ ਸਖਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਕੀਮਤ ਵਿੱਚ ਬਖਸ਼ਿਆ ਨਹੀਂ ਜਾਵੇਗਾ | ਉਨ੍ਹਾਂ ਨੇ ਦੁਕਾਨਦਾਰਾਂ ਤੇ ਰੇਹੜੀ-ਫੜੀ ਵਾਲਿਆਂ ਨੂੰ ਅਪੀਲ ਕੀਤੀ ਕਿ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਆਪਣਾ ਸਮਾਨ ਆਪਣੀ ਹਦੂਦ ਤੱਕ ਰੱਖਣ ਤਾਂ ਜੋ ਸ਼ਹਿਰ ਵਿੱਚ ਟ੍ਰੈਫਿਕ ਸੁਚਾਰੂ ਢੰਗ ਨਾਲ ਚਲੇ | ਉਨ੍ਹਾਂ ਨੇ ਇਹ ਵੀ ਕਿਹਾ ਕਿ ਪੁਲਿਸ ਪ੍ਰਸ਼ਾਸਨ ਆਮ ਜਨਤਾ ਦੀ ਸੁਰੱਖਿਆ ਲਈ ਵਚਨਬੱਧ ਹੈ ਤੇ ਕੋਈ ਵੀ ਸ਼ਹਿਰ ਵਾਸੀ ਬਿਨਾਂ ਝਿੱਜਕ ਥਾਣਾ ਸਦਰ ਰੋਪੜ੍ਹ ਵਿਖੇ ਆਪਣੀ ਸਮੱਸਿਆ ਦਸ ਸਕਦਾ ਹੈ |


