ਲੰਡਨ: ਪੂਰਬੀ ਇੰਗਲੈਂਡ ਦੇ ਤੱਟ ’ਤੇ ਸੋਮਵਾਰ ਨੂੰ ਇਕ ਅਮਰੀਕੀ ਤੇਲ ਟੈਂਕਰ ਅਤੇ ਇਕ ਮਾਲਬਰਦਾਰ ਜਹਾਜ਼ ਦੀ ਟੱਕਰ ਹੋ ਗਈ, ਜਿਸ ਨਾਲ ਦੋਹਾਂ ਜਹਾਜ਼ਾਂ ਵਿੱਚ ਅੱਗ ਲੱਗ ਗਈ। ਇਸ ਦੁਖਦਾਈ ਹਾਦਸੇ ਵਿੱਚ ਘੱਟੋ-ਘੱਟ 32 ਲੋਕ ਜ਼ਖ਼ਮੀ ਹੋ ਗਏ ਹਨ। ਬਚਾਅ ਕਾਰਜ ਸ਼ੁਰੂ ਹੋਣ ’ਤੇ ਜ਼ਖ਼ਮੀਆਂ ਨੂੰ ਕਿਨਾਰਾਈ ਲਿਆਂਦਾ ਗਿਆ, ਪਰ ਉਨ੍ਹਾਂ ਦੀ ਹਾਲਤ ਸਪੱਸ਼ਟ ਨਹੀਂ ਹੋਈ ਹੈ।
ਗ੍ਰਿਮਸਬੀ ਈਸਟ ਬੰਦਰਗਾਹ ਦੇ ਮੁੱਖ ਕਾਰਜਕਾਰੀ ਮਾਰਟਿਨ ਬੋਇਰਸ ਨੇ ਦੱਸਿਆ ਕਿ ਵਿੰਡਕੈਟ 33 ਜਹਾਜ਼ ਤੋਂ 13 ਲੋਕਾਂ ਨੂੰ ਬਚਾਇਆ ਗਿਆ, ਜਦਕਿ ਬਾਕੀ 19 ਲੋਕਾਂ ਨੂੰ ਬੰਦਰਗਾਹ ਪਾਇਲਟ ਕਿਸ਼ਤੀ ਰਾਹੀਂ ਲਿਆਂਦਾ ਗਿਆ। ਬਰਤਾਨੀਆ ਦੀ ਮੈਰੀਟਾਈਮ ਐਂਡ ਕੋਸਟਗਾਰਡ ਏਜੰਸੀ ਨੇ ਕਿਹਾ ਕਿ ਉੱਤਰੀ ਸਾਗਰ ’ਚ ਕਈ ਲਾਈਫਬੋਟਾਂ, ਕੋਸਟ ਗਾਰਡ ਬਚਾਵ ਹੈਲੀਕਾਪਟਰ, ਅਤੇ ਨੇੜਲੇ ਤੱਟ ਰੱਖਿਅਕ ਜਹਾਜ਼ ਹਾਦਸੇ ਥਾਂ ਭੇਜੇ ਗਏ ਹਨ। ਆਰ.ਐਨ.ਐਲ.ਆਈ. ਲਾਈਫ ਬੋਟ ਏਜੰਸੀ ਨੇ ਰਿਪੋਰਟ ਕੀਤੀ ਕਿ ਟੱਕਰ ਤੋਂ ਬਾਅਦ ਕਈ ਲੋਕ ਜਹਾਜ਼ਾਂ ਨੂੰ ਛੱਡਣ ਲਈ ਮਜ਼ਬੂਰ ਹੋਏ ਅਤੇ ਦੋਹਾਂ ਜਹਾਜ਼ਾਂ ਵਿੱਚ ਅੱਗ ਲੱਗ ਗਈ। ਤੱਟ ਰੱਖਿਅਕ ਦੇ ਨਾਲ ਤਿੰਨ ਲਾਈਫਬੋਟ ਖੋਜ ਅਤੇ ਬਚਾਅ ਦੇ ਕੰਮਾਂ ਵਿੱਚ ਜੁਟੀ ਹੋਈਆਂ ਹਨ। ਆਰ.ਐਨ.ਐਲ.ਆਈ. ਲਾਈਫ ਬੋਟ ਏਜੰਸੀ ਆਪਣੇ ਬਚਾਅ ਕਾਰਜਾਂ ਲਈ ਮੌਕੇ ’ਤੇ ਤਿੰਨ ਲਾਈਫਬੋਟਾਂ ਨੂੰ ਤੈਨਾਤ ਕੀਤਾ ਹੈ।
ਸਮੁੰਦਰੀ ਜਹਾਜ਼ ’ਤੇ ਨਜ਼ਰ ਰੱਖਣ ਵਾਲੀ ਸਾਈਟ ਵੇਸਲਫਾਈਂਡਰ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਇਹ ਟੈਂਕਰ ਅਮਰੀਕਾ ਦੇ ਝੰਡੇ ਵਾਲਾ ਰਸਾਇਣਕ ਅਤੇ ਤੇਲ ਉਤਪਾਦਾਂ ਦਾ ਕੈਰੀਅਰ ਐਮ.ਵੀ. ਸਟੇਨਾ ਇਮੈਕੂਲੇਟ ਹੈ ਅਤੇ ਗ੍ਰੀਸ ਤੋਂ ਉਡਾਣ ਭਰਨ ਤੋਂ ਬਾਅਦ ਉਸ ਸਮੇਂ ਲੰਗਰ ’ਤੇ ਸੀ। ਪੁਰਤਗਾਲ ਦਾ ਝੰਡਾ ਵਾਲਾ ਕੰਟੇਨਰ ਜਹਾਜ਼ ਸੋਲੋਂਗ ਸਕਾਟਲੈਂਡ ਦੇ ਗ੍ਰੇਂਜਮਾਊਥ ਤੋਂ ਨੀਦਰਲੈਂਡ ਦੇ ਰੋਟਰਡੈਮ ਜਾ ਰਿਹਾ ਸੀ। ਤੱਟ ਰੱਖਿਅਕਾਂ ਨੇ ਦਸਿਆ ਕਿ ਘਟਨਾ ਸਵੇਰੇ 9:48 ਵਜੇ ਵਾਪਰੀ। ਟੱਕਰ ਵਾਲੀ ਥਾਂ ਲੰਡਨ ਤੋਂ ਲਗਭਗ 155 ਮੀਲ (250 ਕਿਲੋਮੀਟਰ) ਉੱਤਰ ’ਚ ਹਲ ਦੇ ਤੱਟ ਤੋਂ ਦੂਰ ਹੈ।