ਕਿਨਸ਼ਾਸਾ: ਦੱਖਣ-ਪੱਛਮੀ ਕਾਂਗੋ ਵਿੱਚ ਇੱਕ ਦੁਖਦਾਈ ਘਟਨਾ ਵਿੱਚ ਇਕ ਕਿਸ਼ਤੀ ਡੁੱਬਣ ਨਾਲ 25 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚੋਂ ਬਹੁਤੇ ਫੁਟਬਾਲ ਖਿਡਾਰੀ ਹਨ। ਸੂਬਾਈ ਬੁਲਾਰੇ ਐਲੇਕਸਿਸ ਮਪੁਟੂ ਨੇ ਦੱਸਿਆ ਕਿ ਇਹ ਖਿਡਾਰੀ ਸੀਨੀਅਰ ਫੁਟਬਾਲ ਮੈਚ ਖੇਡ ਕੇ ਐਤਵਾਰ ਰਾਤ ਨੂੰ ਮਾਈ-ਨਡੋਮਬੇ ਸੂਬੇ ਦੇ ਮੁਸ਼ੀ ਸ਼ਹਿਰ ਤੋਂ ਵਾਪਸ ਪਰਤ ਰਹੇ ਸਨ, ਜਦੋਂ ਜਹਾਜ਼ ‘ਕਵਾ ਨਦੀ’ ਵਿੱਚ ਡੁੱਬ ਗਿਆ।
ਮਪੂਟੂ ਨੇ ਸੰਕੇਤ ਦਿਤਾ ਕਿ ਹਨੇਰਾ ਇਸ ਹਾਦਸੇ ਦੀ ਇੱਕ ਮੁੱਖ ਵਜ੍ਹਾ ਹੋ ਸਕਦੀ ਹੈ। ਮੁਸ਼ੀ ਖੇਤਰ ਦੇ ਸਥਾਨਕ ਪ੍ਰਸ਼ਾਸਕ ਰੇਨਾਕਲ ਕਵਾਤੀਬਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਘੱਟੋ-ਘੱਟ 30 ਹੋਰ ਲੋਕ ਬਚ ਗਏ ਹਨ।
ਮੱਧ ਅਫਰੀਕੀ ਦੇਸ਼ ਕਾਂਗੋ ਵਿੱਚ ਅਜਿਹੇ ਜਾਨਲੇਵਾ ਕਿਸ਼ਤੀ ਹਾਦਸੇ ਆਮ ਹਨ। ਇਹ ਹਾਦਸੇ ਆਮ ਤੌਰ ‘ਤੇ ਰਾਤ ਦੀ ਯਾਤਰਾ ਅਤੇ ਅਧਿਕ ਭੀੜ ਦੇ ਕਾਰਨ ਹੁੰਦੇ ਹਨ, ਜਦਕਿ ਅਧਿਕਾਰੀ ਸਮੁੰਦਰੀ ਨਿਯਮਾਂ ਨੂੰ ਕੜਾਈ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਕਾਂਗੋ ਦੀਆਂ ਨਦੀਆਂ ਸਥਾਨਕ ਲੋਕਾਂ ਲਈ ਆਵਾਜਾਈ ਦਾ ਬਹੁਤ ਮਹੱਤਵਪੂਰਨ ਸਾਧਨ ਹਨ, ਖ਼ਾਸਕਰ ਦੂਰ-ਦਰਾਜ ਦੇ ਖੇਤਰਾਂ ਵਿੱਚ ਜਿੱਥੇ ਸੜਕਾਂ ਦੀ ਘਾਟ ਹੈ। ਬੀਤੇ ਕੁਝ ਸਾਲਾਂ ਵਿਚ ਕਿਸ਼ਤੀ ਹਾਦਸਿਆਂ ਕਾਰਨ ਸੈਂਕੜੇ ਲੋਕ ਆਪਣੀ ਜਾਨ ਦੇ ਚੁੱਕੇ ਹਨ।