Friday, March 14, 2025

ਨਾਮਧਾਰੀ ਹੋਲੇ ਮਹੱਲੇ ਸਮੇਂ ਇੱਕ ਨਰੋਆ ਸਮਾਜ ਸਿਰਜਣ ਦਾ ਸੰਦੇਸ਼

ਆਪਣੇ ਪੰਥ ਨੂੰ ਬਚਾਉਣ ਅਤੇ ਵਧਾਉਣ ਵਾਸਤੇ ਰਾਜ ਲੈਣ ਦੀ ਲੋੜ: ਸਤਿਗੁਰੂ ਦਲੀਪ ਸਿੰਘ ਜੀ

10 ਮਾਰਚ, ਚੋਗਾਵਾਂ ਸਾਧਪੁਰ ( ਸ੍ਰੀ ਅੰਮ੍ਰਿਤਸਰ ਸਾਹਿਬ) ਸਤਿਗੁਰੂ ਦਲੀਪ ਸਿੰਘ ਜੀ ਦੀ ਪਾਵਨ ਅਗਵਾਈ ਵਿੱਚ ਨਾਮਧਾਰੀ ਪੰਥ ਦੇ ਮੋਢੀ ਸਤਿਗੁਰੂ ਰਾਮ ਜੀ ਦੇ ਤੱਪ ਸਥਾਨ ਤੇ ਸੰਗਤ ਵਲੋਂ ਇਸ ਸਾਲ ਵੀ ਹੋਲਾ ਮਹੱਲਾ ਤ੍ਰਿਵੇਣੀ ਸੰਗਮ ਦੇ ਰੂਪ ਵਿਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿੱਖ ਪੰਥ ਵਿਚ ਆਰੰਭ ਕੀਤੀ ਗਈ ਹੋਲੇ-ਮਹੱਲੇ ਦੀ ਪ੍ਰੰਪਰਾ, ਜੋ ਕਿ ਖਾਲਸਾਈ ਸ਼ਾਨੋ-ਸੌਕਤ ਅਤੇ ਬੀਰ-ਰੱਸ ਦਾ ਪ੍ਰਤੀਕ ਹੈ। ਜਿਕਰਯੋਗ ਹੈ ਕਿ ਇਸ ਸ਼ਾਨੋ ਸ਼ੌਕਤ ਨੂੰ ਜਾਰੀ ਰੱਖਣ ਲਈ ਅੰਗਰੇਜਾਂ ਦੇ ਸਮੇਂ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਭੁੱਲੇ ਭਟਕੇ ਸਿੱਖਾਂ ਵਿਚ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਮਰਿਆਦਾ ਨੂੰ ਪੁਨਰ ਸੁਰਜੀਤ ਕਰ, ਇਸ ਤਿਉਹਾਰ ਨੂੰ ਭਜਨ ਬੰਦਗੀ, ਕਥਾ-ਕੀਰਤਨ ਅਤੇ ਦੇਸ਼ ਦੀ ਅਜਾਦੀ ਲਈ ਉਲੀਕੇ ਪ੍ਰੋਗਰਾਮ ਨੂੰ ਪ੍ਰਚਾਰਨ-ਪ੍ਰਸਾਰਣ ਦਾ ਸਾਧਨ ਬਣਾਇਆ। ਆਪ ਜੀ ਨੇ ਅੰਗਰੇਜ਼ਾਂ ਦੀਆਂ ਸਖ਼ਤੀਆਂ ਦੇ ਦੌਰ ਵਿੱਚ ਵੀ ਛੇ ਹੋਲੇ ਮਹੱਲੇ ਕਰਵਾਏ।
ਅੱਜ ਇਸ ਸਮਾਗਮ ਮੌਕੇ ਮੌਜੂਦਾ ਨਾਮਧਾਰੀ ਮੁੱਖੀ ਸਤਿਗੁਰੂ ਦਲੀਪ ਸਿੰਘ ਜੀ ਨੇ ਫੁਰਮਾਇਆ ਕਿ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਯੁੱਧ ਅਤੇ ਆਪਣੀ ਸੁਰੱਖਿਆ ਵਾਸਤੇ ਹੋਲੀ ਤੋਂ ਹੋਲਾ ਮਹੱਲਾ ਸ਼ੁਰੂ ਕੀਤਾ ਅਤੇ ਇਸਨੂੰ ਪੁਰਸ਼ਤਵ ਅਤੇ ਸ਼ਕਤੀ ਦਾ ਸੂਚਕ ਬਣਾਇਆ।


ਸਤਿਗੁਰੂ ਠਾਕੁਰ ਦਲੀਪ ਸਿੰਘ ਜੀ ਨੇ ਕਿਹਾ ਕਿ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਹੈ : ” ਰਾਜ ਬਿਨਾ ਨਹਿ ਧਰਮ ਚਲੇ ਹੈ” ਇਸ ਲਈ ਆਪਣੇ ਪੰਥ ਨੂੰ ਬਚਾਉਣ ਅਤੇ ਵਧਾਉਣ ਵਾਸਤੇ ਰਾਜਨੀਤੀ ਵਿਚ ਆਓ ਅਤੇ ਇਹ ਵੀ ਗੱਲ ਧਿਆਨ ਵਿੱਚ ਰੱਖੋ ਕਿ ਰਾਜਨੀਤੀ ਕਦੇ ਪਵਿੱਤਰ ਨਹੀਂ ਹੋ ਸਕਦੀ, ਫਿਰ ਵੀ ਸਿੱਖ ਪੰਥ ਪ੍ਰਫੁੱਲਿਤ ਕਰਨ ਲਈ ਜਰੂਰੀ ਹੈ। ਆਪ ਜੀ ਨੇ ਸਤਿਗੁਰੂ ਨਾਨਕ ਦੇਵ ਜੀ ਦੇ ਬਚਨਾਂ ਨੂੰ ਮੰਨਦੇ ਹੋਏ ਇਸਤਰੀ ਦਾ ਸਤਿਕਾਰ ਕਰਨ ਦੀ ਆਗਿਆ ਦਿੱਤੀ। ਆਪ ਜੀ ਨੇ ਦੱਸਿਆ ਕਿ ਸਤਿਗੁਰੂ ਰਾਮ ਸਿੰਘ ਜੀ ਦੀ ਕਿਰਪਾ ਨਾਲ ਆਪਾਂ ਨਾਮਧਾਰੀਆਂ ਨੇ ਹਰ ਖੇਤਰ ਵਿੱਚ 50% ਇਸਤਰੀਆਂ ਦੀ ਭਾਗੀਦਾਰੀ ਬਣਾ ਦਿੱਤੀ ਹੈ। ਅਤੇ ਹਰ ਮੇਲੇ ਦਾ ਮੰਚ ਸੰਚਾਲਨ ਵੀ ਇਸਤਰੀਆਂ ਕਰਦੀਆਂ ਹਨ। ਇਸ ਤੋਂ ਇਲਾਵਾ ਆਪ ਜੀ ਨੇ ਆਪਣੀ ਮਾਂ ਬੋਲੀ ਦੀ ਵਰਤੋਂ ਕਰਨ ਲਈ ਵੀ ਸੰਗਤ ਨੂੰ ਜਾਗਰੂਕ ਕੀਤਾ। ਆਪ ਜੀ ਨੇ ਦੱਸਿਆ ਕਿ ਸਤਿਗੁਰੂ ਨਾਨਕ ਦੇਵ ਜੀ ਨੇ ਵਿਦੇਸ਼ੀ ਭਾਸ਼ਾ ਨੂੰ ਮਲੇਛ ਭਾਸ਼ਾ ਕਿਹਾ ਹੈ। ਇਸ ਲਈ ਸਾਰੇ ਪ੍ਰਤੀ ਦਿਨ ਬੋਲ ਚਾਲ ਵਿੱਚ ਮਾਤ ਭਾਸ਼ਾ ਪੰਜਾਬੀ ਦੀ ਵਰਤੋਂ ਜਰੂਰ ਕਰੋ, ਜਿੱਥੇ ਪੰਜਾਬੀ ਦੇ ਸ਼ਬਦ ਨਾ ਹੋਣ ਉੱਥੇ ਹੋਰ ਭਾਰਤੀ ਭਾਸ਼ਾਵਾਂ ਦੇ ਸ਼ਬਦ ਵਰਤੋ ਕਰੋ, ਪਰ ਵਿਦੇਸ਼ੀ ਭਾਸ਼ਾ ਅੰਗਰੇਜੀ, ਉਰਦੂ, ਫ਼ਾਰਸੀ ਤੋਂ ਬਚੋ।
ਇਸ ਹੋਲੇ ਮੇਲੇ ਦੇ ਸਮਾਗਮ ਵਿਚ ਕੁਝ ਖਾਸ ਅਤੇ ਨਵੇਕਲਾ ਰੂਪ ਹੀ ਵੇਖਣ ਨੂੰ ਮਿਲਿਆ। ਇਹਨਾਂ ਸਮਾਗਮਾਂ ਵਿਚ ਜਿੱਥੇ ਸੇਵਾ-ਸਿਮਰਨ, ਕਥਾ-ਕੀਰਤਨ, ਕਵੀ ਦਰਬਾਰ, ਗਤਕਾ ਪ੍ਰਦਰਸ਼ਨ ਅਤੇ ਗੁਰਬਾਣੀ ਦੇ ਪਾਠਾਂ ਦਾ ਪ੍ਰਵਾਹ ਲਗਾਤਾਰ ਦੋ ਦਿਨ ਤੱਕ ਚਲਦਾ ਰਹਿੰਦਾ ਹੈ। ਸਭ ਤੋਂ ਪਹਿਲਾਂ ਪੰਡਾਲ ਅੰਦਰ ਦਾਖਿਲ ਹੁੰਦਿਆਂ ਹੀ ਸੇਵਾ ਦੀ ਅਨੋਖੀ ਮਿਸਾਲ ਵੇਖਣ ਨੂੰ ਮਿਲਦੀ ਹੈ, ਜਿੱਥੇ ਸੰਗਤ ਦੇ ਚਰਨ ਧੁਆ ਕੇ ਫਿਰ ਤੌਲੀਏ ਨਾਲ ਸਾਫ ਕੀਤੇ ਜਾਂਦੇ ਹਨ। ਇੱਥੋਂ ਦੇ ਲੰਗਰ ਦੀ ਵੀ ਵਿਲੱਖਣਤਾ ਹੈ ਕਿ ਇਹ ਸਾਦਾ, ਸਵਾਦਿਸ਼ਟ ਅਤੇ ਪੋਸ਼ਟਿਕਤਾ ਭਰਪੂਰ ਹੁੰਦਾ ਹੈ।


ਜਿਵੇਂ ਕਿ ਵਰਤਮਾਨ ਨਾਮਧਾਰੀ ਮੁੱਖੀ ਸਤਿਗੁਰੂ ਠਾਕੁਰ ਦਲੀਪ ਸਿੰਘ ਜੀ ਸਾਨੂੰ ਗੁਰਬਾਣੀ ਅਨੁਸਾਰ ਸਮਾਜਿਕ,ਪਰਿਵਾਰਿਕ ਜੀਵਨ ਨੂੰ ਸੁਖੀ ਕਰਨ ਦੇ ਨੁਕਤੇ ਦੱਸਦੇ ਰਹਿੰਦੇ ਹਨ। ਇਸ ਸਮਾਗਮ ਮੌਕੇ ਸਾਡੇ ਵਿਵਾਹਿਕ ਜੀਵਨ ਨੂੰ ਸੁਖੀ ਕਰਨ ਲਈ, ਆਪ ਜੀ ਦੀ ਰਚਿਤ ਬਹੁਤ ਹੀ ਮਹੱਤਵਪੂਰਨ ਈ. ਪੁਸਤਕ: ਕਹਿ ਕਬੀਰ ਮੋਹਿ ਬਿਆਹੇ ਚਲੇ ਹੈਂ, ਦਾ ਵਿਮੋਚਨ ਕੀਤਾ ਗਿਆ। ਸਮਾਗਮ ਦੌਰਾਨ ਨਾਮਧਾਰੀ ਅੰਮ੍ਰਿਤਧਾਰੀ ਲੜਕੀਆਂ ਕੋਲੋਂ ਹੀ ਗੁਰਬਾਣੀ ਦੇ ਪਾਠਾਂ ਦੇ ਭੋਗ ਅਤੇ ਅਨੰਦ ਕਾਰਜ ਆਦਿ ਦੀਆਂ ਰਸਮਾਂ ਕਰਵਾਈਆਂ ਗਈਆਂ। ਜਥੇਦਾਰਾਂ ਅਤੇ ਕਵੀਸ਼ਰੀਆਂ ਵਲੋਂ ਦੀਵਾਨ, ਕਥਾ ਕੀਰਤਨ ਦਾ ਪ੍ਰਵਾਹ ਚੱਲਿਆ ਅਤੇ ਨਾਮ ਸਿਮਰਨ ਹੋਇਆ।
ਇਸ ਸਮਾਗਮ ਸਮੇਂ ਨਾਮਧਾਰੀ ਪ੍ਰਬੰਧਕ ਕਮੇਟੀ ਚੁਗਾਵਾਂ, ਨਾਮਧਾਰੀ ਪੰਥ ਦੇ ਸੂਬੇ ਸਾਹਿਬਾਨ, ਪਤਵੰਤੇ ਸੱਜਣ ਅਤੇ ਵਿਸ਼ਾਲ ਸੰਗਤ ਹਾਜਿਰ ਸੀ।

Related Articles

LEAVE A REPLY

Please enter your comment!
Please enter your name here

Latest Articles