Join
Sunday, March 29, 2026
Sunday, March 29, 2026

ਮੁਸ਼ਕਿਲ ਸਮੇਂ ਵਿੱਚ ਆਤਮ ਹੱਤਿਆ ਜੀਵਨ ਦਾ ਹੱਲ ਨਹੀਂ -ਡਾਇਰੈਕਟਰ ਚਮਨ ਸਿੰਘ 

ਵਿਦਿਆਰਥੀ ਨਸ਼ਿਆਂ ਤੋਂ ਦੂਰ ਰਹਿਣ – ਪ੍ਰਿੰਸੀਪਲ ਅਗਨੀਹੋਤਰੀ 

ਨਵਾਂਸ਼ਹਿਰ 5 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਇਨਸਾਨ ਨੂੰ ਆਪਣੇ ਜੀਵਨ ਵਿੱਚ ਹਰ ਇੱਕ ਪਰਿਸਥਿਤੀ ਦਾ ਸਾਹਮਣਾ ਕਰਨ ਲਈ ਖੁਦ ਨੂੰ ਸਮਰੱਥ ਬਣਾਉਣਾ ਚਾਹੀਦਾ ਹੈ। ਜਿੰਦਗੀ ਨੂੰ ਹਾਰ ਮੰਨ ਲੈਣਾ ਕਿਸੇ ਸਮੱਸਿਆ ਦਾ ਸਾਰਥਕ ਹੱਲ ਨਹੀਂ ਹੁੰਦਾ। ਉਕਤ ਗੱਲਾਂ ਦਾ ਪ੍ਰਗਟਾਵਾ ਰੈੱਡ ਕਰਾਸ ਨਸ਼ਾ ਛੁਡਾਊ ਅਤੇ ਪੁਨਰਵਾਸ ਕੇਂਦਰ ਨਵਾਂ ਸ਼ਹਿਰ ਦੇ ਪ੍ਰੋਜੈਕਟ ਡਾਇਰੈਕਟਰ ਚਮਨ ਸਿੰਘ ਨੇ ਅੱਜ ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੇ ਵਿਦਿਆਰਥੀਆਂ ਨਾਲ ਰੂਬਰੂ ਹੁੰਦਿਆਂ ਕੀਤਾ। ਡਾਇਰੈਕਟਰ ਚਮਨ ਸਿੰਘ ਨੇ ਬੱਚਿਆਂ ਨੂੰ ਸਮਾਜਿਕ ਬੁਰਾਈਆਂ ਤੋਂ ਬਚਣ ਲਈ ਗੁਰਬਾਣੀ ਅਤੇ ਸਾਹਿਤਿਕ ਦੇ ਹਵਾਲੇ ਦਿੰਦੇ ਹੋਏ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਸਾਨੂੰ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ ਅਤੇ ਉਨ੍ਹਾਂ ਕਿਹਾ ਕਿ ਨਸ਼ਾ ਕਦੇ ਵੀ ਜ਼ਿੰਦਗੀ ਜਿਉਣ ਦਾ ਹੱਲ ਨਹੀਂ ਹੋ ਸਕਦਾ। ਉਨ੍ਹਾਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਫਲਸਫ਼ੇ ਨਾਲ ਸਬੰਧਤ ਘਟਨਾਵਾਂ ਦਾ ਹਵਾਲਾ ਦਿੱਤਾ।ਇਸ ਮੌਕੇ ਸਿਹਤ ਵਿਭਾਗ ਅਤੇ ਸਿਵਲ ਹਸਪਤਾਲ ਨਵਾਂ ਸ਼ਹਿਰ ਦੇ ਮਾਨਸਿਕ ਰੋਗਾਂ ਦੇ ਡਾਕਟਰ ਸੰਦੀਪ ਬੰਗੜ ਨੇ ਸਕੂਲ ਦੇ ਬੱਚਿਆਂ ਨੂੰ ਸਮਾਜਿਕ ਬੁਰਾਈਆਂ ਤੋਂ ਸੁਚੇਤ ਕੀਤਾ ਅਤੇ ਨੈਤਿਕ ਕਦਰਾਂ ਕੀਮਤਾਂ ਬਾਰੇ ਸਾਂਝ ਪਾਈ। ਡਾਕਟਰ ਬੰਗੜ ਨੇ ਕਿਹਾ ਕਿ ਇਨਸਾਨ ਨੂੰ ਪੜ੍ਹ ਲਿਖ ਕੇ ਇੱਕ ਚੰਗਾ ਨਾਗਰਿਕ ਬਣਨਾ ਚਾਹੀਦਾ ਹੈ ਨਾ ਕਿ ਨਸ਼ੇ ਦੀ ਦਲਦਲ ਵਿੱਚ ਪੈ ਕੇ ਸਮਾਜ ਅਤੇ ਪਰਿਵਾਰ ਦਾ ਨੁਕਸਾਨ ਕਰਨਾ ਚਾਹੀਦਾ।ਬੰਗੜ ਨੇ ਕਿਹਾ ਕਿ ਮਾਨਸਿਕ ਰੋਗੀ ਨੂੰ ਕਦੇ ਵੀ ਇਕਾਂਤ ਵਿਚ ਨਹੀਂ ਰਹਿਣਾ ਚਾਹੀਦਾ।ਇਸ ਮੌਕੇ ਸੰਸਥਾ ਦੇ ਮੁਖੀ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਸਿਹਤ ਵਿਭਾਗ ਅਤੇ ਰੈਡ ਕਰਾਸ ਨਸ਼ਾ ਮੁਕਤੀ ਕੇਂਦਰ ਵੱਲੋਂ ਆਈ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਤੇ ਉਹਨਾਂ ਨੂੰ ਸਨਮਾਨ ਚਿੰਨ ਦੇ ਕੇ ਨਿਵਾਜਿਆ। ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਆਪਣੇ ਸੁਨੇਹੇ ਬੱਚਿਆਂ ਨੂੰ ਕਿਹਾ ਕਿ ਸਾਨੂੰ ਆਪਣੇ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ ਅਤੇ ਇੱਕ ਚੰਗਾ ਸਮਾਜ ਸਿਰਜਣ ਲਈ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਮੌਕੇ ਤੇ ਰੈਡ ਕਰਾਸ ਨਸ਼ਾ ਮੁਕਤੀ ਕੇਂਦਰ ਦੇ ਕੌਂਸਲਰ ਮੈਡਮ ਕਮਲਜੀਤ ਕੌਰ ਤੋਂ ਇਲਾਵਾ ਸਕੂਲ ਦੇ ਸੁਖਵਿੰਦਰ ਲਾਲ, ਹਰਿੰਦਰ ਸਿੰਘ, ਪ੍ਰੇਮਪਾਲ ਸਿੰਘ, ਸੁਮੀਤ ਸੋਢੀ,ਮਨਮੋਹਣ ਸਿੰਘ, ਰੇਖਾ ਜਨੇਜਾ, ਗੁਨੀਤ, ਕਲਪਨਾ ਬੀਕਾ,ਮੀਨਾ ਰਾਣੀ, ਬਰਿੰਦਰ ਕੌਰ, ਪਰਮਿੰਦਰ ਕੌਰ, ਪਰਵਿੰਦਰ ਕੌਰ, ਅਮਨਦੀਪ ਕੌਰ,ਰਜਨੀ ਬਾਲਾ,ਨੀਰਜ ਬਾਲੀ,ਨੀਰਜ ਕੌਰ,ਆਦਿ ਤੋਂ ਇਲਾਵਾ ਸਕੂਲ ਦੇ ਬੱਚੇ ਹਾਜ਼ਰ ਸਨ।


Related Articles

LEAVE A REPLY

Please enter your comment!
Please enter your name here

Latest Articles

2

2