Join
Monday, November 10, 2025
Monday, November 10, 2025

ਅਲਫ਼ਾਜ਼ ਦੇ ਸਰਜੀਕਲ ਸਟਰਾਈਕ

ਨੂਰ ਸੰਤੋਖਪੁਰੀ


ਅਜੌਕਾ ਯੁੱਗ ਮਸਨੂਈ ਸਿਆਣਪ (ਆਰਟੀਫੀਸ਼ੀਅਲ ਇੰਟੈਲੀਜੈਂਸ) ਦਾ ਹੀ ਨਹੀਂ ਹੈ, ਸਗੋਂ ਇਹ ਨਿਸ਼ਾਨਾ ਮਿੱਥ ਕੇ ਕੀਤੇ ਗਏ ਹਮਲੇ (ਸਰਜੀਕਲ ਸਟਰਾਈਕ) ਦਾ ਵੀ ਹੈ। ਕਈ ਖਾਵੰਦ ਆਪਣੀਆਂ ਬੀਵੀਆਂ ਦੇ ਨਿਸ਼ਾਨੇ ਉੱਪਰ ਹਮੇਸ਼ਾ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਅਕਸਰ ਬੀਵੀਆਂ ਦੇ ਸਰਜੀਕਲ ਸਟਰਾਈਕ ਦਾ ਨਿਸ਼ਾਨਾ ਬਣਨਾ ਪੈਂਦਾ ਹੈ। ਸਿਆਣੇ ਖਾਵੰਦ ਹੱਸ-ਹੱਸ ਕੇ, ਖ਼ੁਸ਼ੀ-ਖ਼ੁਸ਼ੀ ਬੀਵੀਆਂ ਨੂੰ ਸਹੀ-ਸਹੀ ਸਰਜੀਕਲ ਸਟਰਾਈਕ ਕਰਨ ਦਾ ਮੌਕਾ ਖੁਦ ਹੀ ਦੇ ਦਿੰਦੇ ਹਨ। ਕਿਉਂਕਿ ਉਹ ਜਾਣਦੇ ਹੁੰਦੇ ਹਨ ਕਿ ਦੁਸ਼ਮਣ ਤਾਕਤਾਂ ਜੇਕਰ ਵੱਧ ਤਾਕਤਵਰ ਤੇ ਸਮਰੱਥ ਹੋਣ, ਤਾਂ ਉਨ੍ਹਾਂ ਅੱਗੇ ਅੜਿਆ ਨਹੀਂ ਜਾ ਸਕਦਾ। ਉਨ੍ਹਾਂ ਨਾਲ ਲੜਿਆ ਨਹੀਂ ਜਾ ਸਕਦਾ। ਜੇਕਰ ਨਿਸ਼ਾਨਾ ਸਹੀ ਢੰਗ ਨਾਲ ਫੁੰਡਿਆ ਨਾ ਜਾ ਸਕੇ, ਮਤਲਬ ਵੇਲਣੇ ਦਾ ਡਰੌਨ ਜਾਂ ਘੋਟਣੇ ਦੀ ਮਿਜ਼ਾਈਲ ਜਾਂ ਫਿਰ ਚਿਮਟੇ ਦਾ ਰਾਕੇਟ ਮਿੱਥੇ ਹੋਏ ਨਿਸ਼ਾਨੇ ’ਤੇ ਜਾ ਕੇ ‘ਤੜੱਕ’ ਨਾ ਵੱਜੇ, ਤਾਂ ਬੀਵੀਆਂ ਦਾ ਗੁੱਸਾ ਅਸਮਾਨ ਵਿੱਚ ਉੱਡਦੇ ਲੜਾਕੂ ਜਹਾਜ਼ਾਂ ਤੋਂ ਵੀ ਉੱਪਰ ਅਸਮਾਨ ’ਤੇ ਪਹੁੰਚ ਜਾਂਦਾ ਹੈ। ਫਿਰ ਜਿਹੜੀ ਹਾਲਤ ਉਹ ਖਾਵੰਦਾਂ ਦੀ ਕਰਦੀਆਂ ਨੇ… ਤੌਬਾ…ਤੌਬਾ… ਗਲੀ-ਮੁਹੱਲੇ ਦੇ ਤਮਾਸ਼ਬੀਨ ਖੜ੍ਹ-ਖੜ੍ਹ ਕੇ, ਕੋਠਿਆਂ ’ਤੇ ਚੜ੍ਹ-ਚੜ੍ਹ ਕੇ ਵੇਖਦੇ ਹਨ ਅਤੇ ਪੂਰਾ ਮਜ਼ਾ ਤੇ ਸੁਆਦ ਲੈਂਦੇ ਹਨ। ਇਸ ਲਈ ਸੂਝਵਾਨ ਖਾਵੰਦ ਬੀਵੀਆਂ ਦੇ ਸਰਜੀਕਲ ਸਟਰਾਈਕ ਵਕਤ ਇਧਰ-ਉਧਰ ਨਹੀਂ ਹਿਲਦੇ, ਸਗੋਂ ਖੁਦ ਉਨ੍ਹਾਂ ਦੇ ਨਿਸ਼ਾਨੇ ਦੀ ਰੇਂਜ ਵਿੱਚ ਰਹਿੰਦੇ ਹਨ ਜਾਂ ਫਿਰ ਆ ਜਾਂਦੇ ਹਨ। ਲੜਾਕੂ ਜ਼ਨਾਨੀਆਂ ਸੱਸਾਂ ਤੇ ਸਹੁਰਿਆਂ, ਜੇਠਾਂ-ਜੇਠਾਣੀਆਂ, ਨਣਾਨਾਂ ਤੇ ਦਿਉਰਾਂ ਵਗੈਰਾ ਦੇ ਰਾਡਾਰ ਸਿਸਟਮ ਨੂੰ ਵੀ ਨਾਕਾਮ ਕਰਕੇ ਜਾਂ ਉੱਕਾ ਹੀ ਨਕਾਰਾ ਕਰਕੇ ਰੱਖ ਦਿੰਦੀਆਂ ਹਨ। ਉਹ ਸੰਯੁਕਤ ਰਾਸ਼ਟਰ ਸੰਘ ਦੀ ਭੂਮਿਕਾ ਵਰਗੀ ਭੂਮਿਕਾ ਨਿਭਾਉਣ ਦੀ ਕੋਸ਼ਿਸ ਕਰਨ ਵਾਲੀ ਕਿਸੇ ਪਰਿ੍ਹਆ-ਪੰਚਾਇਤ ਦੀ ਭੋਰਾ-ਭਰ ਪਰਵਾਹ ਨਹੀਂ ਕਰਦੀਆਂ।
ਡਾਢੇ ਸੁਭਾਅ ਵਾਲੇ ਕੁਪੱਤੇ ਕਈ ਖਾਵੰਦ ਵੀ ਅਤਿ ਸ਼ਰੀਫ਼, ਭੋਲੀਆਂ-ਭਾਲੀਆਂ ਆਪਣੀਆਂ ਬੀਵੀਆਂ ਉੱਪਰ ਸਰਜੀਕਲ ਸਟਰਾਈਕ ਕਰਨ ਤੋਂ ਬਾਜ਼ ਨਹੀਂ ਆਉਂਦੇ। ਬੱਚਿਆਂ ਉੱਪਰ ਵੀ ਦਹਿਸ਼ਤਗਰਦਾਂ ਵਾਂਗ ਤਸ਼ੱਦਦ ਕਰਦੇ ਹਨ ਅਤੇ ਚੰਗੇ-ਭਲੇ ਵੱਸਦੇ-ਹੱਸਦੇ ਘਰਾਂ ਨੂੰ ਉਜਾੜ ਬਹਿੰਦੇ ਹਨ। ਆਪਣੀ ਫੁੱਲਵਾੜੀ ਖੁਦ ਹੀ ਤਹਿਸ-ਨਹਿਸ ਕਰ ਦਿੰਦੇ ਹਨ। ਉਹ ਅਕਸਰ ਨਸ਼ਿਆਂ, ਜੂਆ, ਵਿਹਲੜਪੁਣਾ ਅਤੇ ਹੋਰ ਬੁਰਾਈਆਂ ਦੇ ਹਮਲਿਆਂ ਦਾ ਸ਼ਿਕਾਰ ਹੁੰਦੇ ਹਨ। …ਤੇ ਫਿਰ ਉਹ ਬੀਵੀਆਂ-ਬੱਚਿਆਂ ਤੋਂ ਇਲਾਵਾ ਆਪਣੇ ਮਾਤਾ-ਪਿਤਾ, ਭੈਣ-ਭਰਾਵਾਂ ਨੂੰ ਵੀ ਆਪਣੇ ਗੁੱਸੇ ਦੇ ਗੋਲਿਆਂ (ਬੰਬਾਂ) ਦੀ ਮਾਰ ਹੇਠ ਲੈ ਆਉਂਦੇ ਹਨ।
ਨਸ਼ਿਆਂ, ਪਾਣੀ, ਰੇਤ, ਬਜਰੀ, ਜ਼ਮੀਨ, ਸਿੱਖਿਆ ਮਾਫ਼ੀਆ ਵਿਰੁੱਧ ਵੀ ਬੜੇ ਜ਼ੋਰ-ਸ਼ੋਰ ਨਾਲ ਸਰਜੀਕਲ ਸਟਰਾਈਕ ਕੀਤੇ ਜਾ ਰਹੇ ਹਨ। ਗੁੰਡਾਗਰਦੀ, ਬਦਗੁਮਾਨੀ (ਭ੍ਰਿਸ਼ਟਾਚਾਰ) ਖ਼ਿਲਾਫ਼ ਵੀ ਮਿੱਥ ਕੇ ਅਤੇ ਦ੍ਰਿੜ੍ਹ ਇਰਾਦੇ ਨਾਲ ਹਮਲਾ ਬੋਲਿਆ ਜਾ ਰਿਹਾ ਹੈ। ਜਿਨਸੀ ਸੋਸ਼ਣ ਅਤੇ ਮੁਟਿਆਰਾਂ-ਔਰਤਾਂ ਨਾਲ ਛੇੜਖ਼ਾਨੀ ਕਰਨ ਵਾਲੇ ਅਪਰਾਧੀਆਂ ਨੂੰ ਵੀ ਕਾਨੂੰਨ ਦੇ ਡਰ ਤੇ ਮਹੱਤਵ ਦਾ ਅਹਿਸਾਸ ਜ਼ੋਰਦਾਰ ਤਰੀਕੇ ਨਾਲ ਕਰਵਾਇਆ ਜਾਣਾ ਚਾਹੀਦਾ ਹੈ। ਡੰਡਾ ਪੀਰ ਕਾਹਦੇ ਲਈ ਹੁੰਦਾ ਏ ? ਵਿਗੜਿਆਂ-ਤਿਗੜਿਆਂ ਨੂੰ ਤੀਰ ਵਾਂਗ ਸਿੱਧਾ ਕਰਨ ਲਈ ਹੁੰਦਾ ਹੈ। ਕਾਨੂੰਨ ਦੇ ਡੰਡੇ ਦਾ ‘ਠਾਹ-ਠਾਹ’ ਭਰਪੂਰ ਇਸਤੇਮਾਲ ਹੋਣਾ ਚਾਹੀਦਾ ਹੈ। ਅਮਨ, ਚੈਨ, ਸ਼ਾਂਤੀ ਬਰਕਰਾਰ ਰੱਖਣ ਵਾਸਤੇ ਸਰਜੀਕਲ ਸਟਰਾਈਕ ਦਾ ਸਹਾਰਾ ਲੈਣਾ ਹੀ ਪੈਂਦਾ ਹੈ। ‘ਬਾਝ ਕਰਾਰੇ ਹੱਥ ਵੈਰੀ ਨਾ ਹੋਵਣ ਮਿੱਤ।’ ਮੁਲਕ, ਕੌਮ, ਵਿਰਾਸਤ, ਸਭਿਆਚਾਰ ਤਰੱਕੀ ਦੇ ਵੈਰੀਆਂ ਵਿਰੁੱਧ ਸਰਜੀਕਲ ਸਟਰਾਈਕ ਹੋਣ ਤੋਂ ਇਲਾਵਾ ਸਮਾਜ, ਸਾਂਝੀਵਾਲਤਾ, ਭਾਈਚਾਰੇ ਦੇ ਵੈਰੀਆਂ ਵਿਰੁੱਧ ਵੀ ਸਬਕ ਸਿਖਾਉਣ ਵਾਲੀਆਂ ਸਖ਼ਤ ਕਾਰਵਾਈਆਂ ਜ਼ਰੂਰ-ਬਰ-ਜ਼ਰੂਰ ਹੋਣੀਆਂ ਚਾਹੀਦੀਆਂ ਹਨ।
ਮਹਿੰਗਾਈ ਤੇ ਰੁਪਏ ਦੇ ਖਸਾਰੇ ਨੇ ਗ਼ਰੀਬਾਂ ਖ਼ਿਲਾਫ਼ ਖ਼ਾਸਾ ਸਰਜੀਕਲ ਸਟਰਾਈਕ ਕੀਤਾ ਹੋਇਆ ਹੈ। ਭਾਈ-ਭਤੀਜਾਵਾਦ ਅਤੇ ਬੇਰੁਜ਼ਗਾਰੀ ਬੇਸ਼ੁਮਾਰ ਕਾਬਿਲ, ਤਾਲੀਮ ਯਾਫ਼ਤਾ ਲਾਇਕ ਨੌਜੁਆਨ ਕੁੜੀਆਂ-ਮੁੰਡਿਆਂ ਖ਼ਿਲਾਫ਼ ਸਰਜੀਕਲ ਸਟਰਾਈਕ ਦੇ ਮੋਡ ਵਿੱਚ ਹੈ। ਪਤਾ ਨਹੀਂ ਮਹਿੰਗਾਈ, ਬੇਰੁਜ਼ਗਾਰੀ, ਭੁੱਖਮਰੀ ਖ਼ਿਲਾਫ਼ ਕਦੋਂ ਅਸਰਦਾਇਕ ਤੇ ਫ਼ੈਸਲਾਕੁੰਨ ਸਰਜੀਕਲ ਸਟਰਾਈਕ ਕੀਤਾ ਜਾਵੇਗਾ ? ਹਾਕਮ, ਪੂੰਜੀਪਤੀ, ਮੁਨਾਫ਼ਾਖੋਰ, ਲੀਡਰ-ਸ਼ੀਡਰ ਆਮ ਲੋਕਾਂ, ਗ਼ਰੀਬਾਂ, ਬੇਰੁਜ਼ਗਾਰਾਂ ਦੇ ਹੱਕ ਵਿੱਚ ‘ਹਾਅ ਦਾ ਨਾਅਰਾ’ ਕਿਉਂ ਨਹੀਂ ਮਾਰਦੇ ? ਆਪਣੇ ਹਿੱਤਾਂ ਤੇ ਮੁਨਾਫ਼ਾਖੋਰੀ ਦਾ ਮੋਹ ਕਿਉਂ ਨਹੀਂ ਛੱਡਦੇ ? ਕੀ ਉਹ ਜੁਆਬਦੇਹ ਨਹੀਂ ਹਨ ?
ਜੇਕਰ ਜੰਗੀ ਹਥਿਆਰਾਂ ਨਾਲ ਕੀਤਾ ਜਾਂਦਾ ਹਮਲਾ ਖ਼ਤਰਨਾਕ ਹੋ ਸਕਦਾ ਹੈ, ਤਾਂ ਅਲਫ਼ਾਜ਼ ਦੇ ਹਥਿਆਰਾਂ ਨਾਲ ਮਿੱਥ ਕੇ ਕੀਤਾ ਜਾਂਦਾ ਹਮਲਾ ਵੀ ਖ਼ਤਰਨਾਕ ਤੇ ਮਾਰੂ ਹੁੰਦਾ ਹੈ। ਅਲਫ਼ਾਜ਼ ਦੇ ਹਥਿਆਰ ਤਾਂ ਮਹਾਂਯੁੱਧਾਂ ਨੂੰ ਜਨਮ ਦੇ ਦਿੰਦੇ ਹਨ। ਕਈਆਂ ਜਾਨਾਂ ਦਾ ਘਾਣ ਕਰ ਦਿੰਦੇ ਹਨ। ਮਾਲ-ਅਸਬਾਬ ਦਾ ਘਣਾ ਨੁਕਸਾਨ ਕਰ ਦਿੰਦੇ ਹਨ। ਮੂੰਹਾਂ ਦੇ ਤੋਪਖ਼ਾਨਿਆਂ ਵਿੱਚੋਂ ਨਿਕਲੇ ਸ਼ਬਦਾਂ ਦੇ ਗੋਲੇ ਦਿਲਾਂ ’ਤੇ ਡੂੰਘੇ ਫੱਟ ਮਾਰ ਦਿੰਦੇ ਨੇ। ਮਾਨਸਿਕ ਸਕੂਨ ਨੂੰ ਤਹਿਸ-ਨਹਿਸ ਕਰ ਦਿੰਦੇ ਨੇ। …ਤੇ ਯੁੱਗਾਂ-ਯੁੱਗਾਂ ਤੋਂ ਹੀ ਭੈੜੀ ਤੇ ਕੋਝੀ ਮਾਨਸਿਕਤਾ ਵਾਲੇ ਲੋਕ ਲੜਾਈਆਂ-ਝਗੜਿਆਂ ਦੇ ਭਾਂਬੜ ਮਚਾਉਣ ਖ਼ਾਤਰ ਸ਼ਬਦਾਂ ਨੂੰ ਤੀਰਾਂ, ਤਲਵਾਰਾਂ, ਗੋਲੀਆਂ, ਗੋਲਿਆਂ ਵਾਂਗ ਇਸਤੇਮਾਲ ਕਰਦੇ ਆ ਰਹੇ ਹਨ। ਅਜੋਕੇ ਮਸਨੂਈ ਸਿਆਣਪ ਵਾਲੇ ਯੁੱਗ ਅੰਦਰ ਅੰਗਿਆਰਾਂ, ਬਾਰੂਦ ‘ਚੁਆਤੀਆਂ’ ਦੀ ਵਰਤੋਂ ਕਾਫ਼ੀ ਸਿਆਣਪ ਨਾਲ ਡੱਬੂ ਕਿਸਮ ਦੇ ਲੋਕ ਕਰ ਰਹੇ ਹਨ। ਸਾਈਬਰ ਅਪਰਾਧੀ ਲੋਕਾਂ ਦੇ ਬੈਂਕ ਖਾਤਿਆਂ ਉੱਪਰ ਸਰਜੀਕਲ ਸਟਰਾਈਕ ਕਰ ਦਿੰਦੇ ਹਨ। ਨੇਤਾ ਲੋਕ ਤਾਂ ਇਕ-ਦੂਜੇ ਖ਼ਿਲਾਫ਼ ਅਲਫ਼ਾਜ਼ ਦਾ ਸਰਜੀਕਲ ਸਟਰਾਈਕ ਕਰਦੇ ਹੀ ਰਹਿੰਦੇ ਹਨ। ਸਿਰਫ਼ ਦਹਿਸ਼ਤਵਾਦ ਖ਼ਿਲਾਫ਼ ਹੀ ਨਹੀਂ, ਸਗੋਂ ਤਮਾਮ ਸਮਾਜਕ ਤੇ ਆਰਥਕ ਸਮੱਸਿਆਵਾਂ ਅਤੇ ਬੁਰਿਆਈਆਂ ਖ਼ਿਲਾਫ਼ ਵੀ ਸਰਜੀਕਲ ਸਟਰਾਈਕ ਕੀਤੇ ਜਾਣ ਦੀ ਲੋੜ ਹੈ। ਤਾਂ ਕਿ ਆਮ ਲੋਕਾਂ ਨੂੰ ‘ਸੁਖ ਦਾ ਸਾਹ’ ਆਵੇ।

ਨੂਰ ਸੰਤੋਖਪੁਰੀ
ਬੀ. ਐਕਸ/925, ਮੁਹੱਲਾ ਸੰਤੋਖਪੁਰਾ, ਹੁਸ਼ਿਆਰਪੁਰ ਰੋਡ, ਜਲੰਧਰ-144008, ਫ਼ੋਨ ਨੰ. 9872254990

Related Articles

LEAVE A REPLY

Please enter your comment!
Please enter your name here

Latest Articles