ਜਲੰਧਰ, 09 ਜੂਨ (ਨਿਰਮਲ ਸਿੰਘ) –
ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰਕਾਰਾਂ ਦੀ ਆਜ਼ਾਦੀ ਨੂੰ ਦਬਾਉਣ ਅਤੇ ਡਰਾਉਣ ਦੀਆਂ ਜੋ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਹਨਾਂ ਨੂੰ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਕਰਮਵੀਰ ਸਿੰਘ ਸਰਪ੍ਰਸਤ ਦੀ ਵਰਕਿੰਗ ਰਿਪੋਰਟਰ ਐਸੋਸੀਏਸ਼ਨ (ਰਜਿ) ਪੰਜਾਬ ਇੰਡੀਆ ਯੂਨਿਟ ਜਲੰਧਰ ਵੱਲੋ ਕੀਤਾ ਗਿਆ ਉਹਨਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਪੁਲਿਸ ਵੱਲੋਂ ਪੱਤਰਕਾਰਾਂ ਦੇ ਘਰਾਂ ਵਿੱਚ ਜਾਣ ਅਤੇ ਉਨ੍ਹਾਂ ਤੋਂ ਘੰਟਿਆਂ ਬੱਧੀ ਪੁੱਛਗਿੱਛ ਕਰਨ ਦੀਆਂ ਰਿਪੋਰਟਾਂ ਬਹੁਤ ਚਿੰਤਾਜਨਕ ਹਨ। ਇਹ ਲੋਕਤੰਤਰ ਦੇ ਚੌਥੇ ਥੰਮ੍ਹ ‘ਤੇ ਸਿੱਧਾ ਸਿੱਧਾ ਇੱਕ ਬਹੁਤ ਹੀ ਭਿਆਨਕ ਹਮਲਾ ਹੈ। ਉਹਨਾਂ ਕਿਹਾ ਕਿ ਅਸੀਂ ਪੱਤਰਕਾਰ ਮਨਿੰਦਰਜੀਤ ਸਿੰਘ (ਲੋਕ ਆਵਾਜ਼), ਸੁਖਵਿੰਦਰ ਸਿੰਘ ਸਿੱਧੂ (ਲੋਕ ਨਾਦ), ਸੰਦੀਪ ਲਾਧੂਕਾ (ਏ.ਬੀ.ਸੀ ਪੰਜਾਬ), ਜੱਸ ਗਰੇਵਾਲ (ਆਰ.ਐਮ.ਬੀ ਟੈਲੀਵਿਜ਼ਨ), ਗੁਰਪ੍ਰੀਤ ਸਿੰਘ (ਪੰਜਾਬੀ ਨਿਊਜ਼ ਕਾਰਨਰ) ਉਹ ਇਲਾਵਾ ਕਿਸੇ ਵੀ ਪੱਤਰਕਾਰ ਨਾਲ ਜੇ ਸਰਕਾਰ ਵਧੀਕੀ ਕਰਦੀ ਹੈ ਤਾਂ ਅਸੀਂ ਉਹਨਾਂ ਨਾਲ ਚਟਾਣ ਵਾਂਗ ਖੜੇ ਹਾਂ। ਉਹਨਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਪੱਤਰਕਾਰਾਂ ਨੂੰ ਤੰਗ ਪਰੇਸ਼ਾਨ ਕਰਨ ਦੀਆਂ ਆਪਣੀਆਂ ਕੋਝੀਆਂ ਹਰਕਤਾਂ ਬੰਦ ਨਾ ਕੀਤੀਆਂ ਤਾਂ ਸਰਕਾਰ ਨੂੰ ਇਸਦੇ ਬਹੁਤ ਬੁਰੇ ਨਤੀਜੇ ਭੁਗਤਣੇ ਪੈਣਗੇ। ਅਤੇ ਇਸ ਦੀ ਜਿੰਮੇਵਾਰ ਭਗਵੰਤ ਮਾਨ ਸਰਕਾਰ ਖੁਦ ਹੋਵੇਗੀ। ਉਹਨਾਂ ਕਿਹਾ ਕਿ ਸਰਕਾਰ ਵੱਲੋ ਪੱਤਰਕਾਰਾਂ ਨੂੰ ਡਰਾ ਧਮਕਾ ਕੇ ਚੁੱਪ ਨਹੀਂ ਕਰਵਾਇਆ ਜਾ ਸਕਦਾ ਕਿਉਂਕਿ ਪੱਤਰਕਾਰ ਲੋਕਾਂ ਦੀ ਆਵਾਜ਼ ਹਨ ਅਤੇ ਹਮੇਸ਼ਾ ਉਹ ਲੋਕਾਂ ਦੇ ਮੁੱਦਿਆ ਨੂੰ ਸਾਰਿਆਂ ਦੇ ਸਾਹਮਣੇ ਇਸੇ ਤਰ੍ਹਾਂ ਹੀ ਰੱਖਦੇ ਰਹਿਣਗੇ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਹੱਲ ਕਰਨ ਅਤੇ ਪੱਤਰਕਾਰਾਂ ਨੂੰ ਡਰਾਉਣ ਤੋਂ ਗੁਰੇਜ਼ ਕਰਨ। ਉਹਨਾਂ ਕਿਹਾ ਕਿ ਪੱਤਰਕਾਰਾਂ ਨੂੰ ਪਰੇਸ਼ਾਨ ਕਰਨ ਨਾਲ ਸੱਚਾਈ ਨੂੰ ਲੁਕਾਇਆ ਨਹੀਂ ਜਾ ਸਕਦਾ।


