ਲੋਕਾਂ ‘ਚ ਸਰਕਾਰ ਪ੍ਰਤੀ ਪਾਈ ਜਾ ਰਹੀ ਹੈ ਨਰਾਜਗੀ
ਨਵਾਂਸ਼ਹਿਰ /ਕਾਠਗੜ੍ਹ, 22 ਮਈ (ਜਤਿੰਦਰਪਾਲ ਸਿੰਘ ਕਲੇਰ)
ਭਾਵੇਂ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦੂਜੇ ਹਲਕਿਆਂ ਵਿੱਚ ਕੀਤੇ ਜਾ ਰਹੇ ਵੱਡੇ-ਵੱਡੇ ਵਿਕਾਸ ਕਾਰਜਾਂ ਦੀਆਂ ਖਬਰਾਂ ਪੜਨ-ਸੁਣਨ ਨੂੰ ਮਿਲ ਰਹੀਆਂ ਹਨ ਪਰੰਤੂ ਹਲਕਾ ਕਾਠਗੜ ਵਿੱਚ ਵਿਕਾਸ ਕਾਰਜ ਨਾਂਹ ਦੇ ਬਰਾਬਰ ਹੀ ਹਨ ਜਿਸ ਕਾਰਨ ਆਮ ਪਿੰਡਾਂ ਵਿੱਚ ਜਿੱਥੇ ਲੋਕਾਂ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਸਰਕਾਰ ਪ੍ਰਤੀ ਨਰਾਜ਼ਗੀ ਪਾਈ ਜਾ ਰਹੀ ਹੈ ਉਥੇ ਹੀ ਪਿੰਡਾਂ ਦੀਆਂ ਪੰਚਾਇਤਾਂ ਵੀ ਫੰਡਾਂ ਦੀ ਘਾਟ ਦੇ ਚਲਦਿਆਂ ਵਿਕਾਸ ਕਰਾਉਣ ਤੋਂ ਅਸਮਰਥ ਹਨ ।
ਭਰੋਸੇਯੋਗ ਸੂਤਰਾਂ ਅਤੇ ਕਥਿਤ ਜਾਣਕਾਰੀ ਮੁਤਾਬਿਕ ਪਿਛਲੀ ਕਾਂਗਰਸ ਸਰਕਾਰ ਸਮੇਂ ਬਲਾਚੌਰ ਦੇ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗਪੁਰ ਦੇ ਅਣਥੱਕ ਯਤਨਾਂ ਸਦਕਾ ਬਲਾਚੌਰ ਦੇ ਪੂਰੇ ਹਲਕੇ ਵਿੱਚ ਮਿਸਾਲੀ ਵਿਕਾਸ ਕਾਰਜ ਹੋਏ ਸਨ ਅਤੇ ਤਕਰੀਬਨ ਹਰ ਪਿੰਡ ਵਿੱਚ ਜਿੱਥੇ ਵੱਡੀਆਂ- ਵੱਡੀਆਂ ਗਰਾਂਟਾਂ ਵਿਕਾਸ ਕਾਰਜਾਂ ਲਈ ਦਿੱਤੀਆਂ ਗਈਆਂ ਉਥੇ ਹੀ ਹਲਕੇ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਤੋਂ ਇਲਾਵਾ ਨਵੀਆਂ ਲਿੰਕ ਸੜਕਾਂ ਦੇ ਨਾਲ-ਨਾਲ ਕੁੱਝ ਲਿੰਕ ਸੜਕਾਂ ਨੂੰ 18 ਫੁੱਟ ਤੱਕ ਚੌੜੀਆਂ ਵੀ ਕਰਵਾਇਆ ਗਿਆ। ਦੂਜੇ ਪਾਸੇ ਹੁਣ ਜਦੋਂ ਤੋਂ ਸੂਬੇ ਅੰਦਰ ਆਪ ਦੀ ਸਰਕਾਰ ਆਈ ਹੈ ਉਦੋਂ ਤੋਂ ਭਾਵੇਂ ਸੂਬੇ ਦੇ ਹੋਰ ਹਲਕਿਆਂ ਵਿੱਚ ਵਿਕਾਸ ਕਾਰਜਾਂ ਦੇ ਨਾਲ-ਨਾਲ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਕਾਫੀ ਸੁਧਾਰ ਹੋਇਆ ਹੈ ਪਰੰਤੂ ਹਲਕਾ ਕਾਠਗੜ੍ਹ ਵਿੱਚ ਪੈਂਦੀਆਂ ਖਸਤਾ ਹਾਲ ਲਿੰਕ ਸੜਕਾਂ ਤਾਂ ਪੈਚ ਵਰਕ ਨੂੰ ਵੀ ਤਰਸ ਰਹੀਆਂ ਹਨ। ਸਾਲ 2023 ਦੀ ਭਾਰੀ ਬਰਸਾਤ ਕਾਰਨ ਕਾਠਗੜ੍ਹ ਤੋਂ ਜਗਤੇਵਾਲ ਸੰਪਰਕ ਸੜਕ ਵਿੱਚ ਪੈਂਦੀ ਖੱਡ ਵਿੱਚ ਬਣਿਆ ਕਾਜ਼ਵੇ ਬੁਰੀ ਤਰ੍ਹਾਂ ਟੁੱਟ ਗਿਆ ਸੀ ਜਿਸ ਨਾਲ ਹਲਕੇ ਦੇ ਦਰਜਨਾਂ ਪਿੰਡਾਂ ਦਾ ਆਪਸੀ ਸੰਪਰਕ ਬੰਦ ਹੋ ਗਿਆ ਅਤੇ ਅੱਜ ਤੱਕ ਲੋਕਾਂ ਨੂੰ ਆਉਣ ਜਾਣ ਲਈ ਭਾਰੀ ਦਿੱਕਤਾਂ ਪੇਸ਼ ਆ ਰਹੀਆਂ ਹਨ। ਦੂਜਾ ਕਾਜ਼ਵੇ ਜੋ ਚਾਹਲ ਪਿੰਡ ਤੋਂ ਕਿਸ਼ਨਪੁਰ ਭਰਥਲਾ ਸੰਪਰਕ ਸੜਕ ਦਰਮਿਆਨ ਬਣਿਆ ਹੋਇਆ ਸੀ ਉਸ ਦੇ ਹੇਠਲੇ ਪਾਸੇ ਤੋਂ ਵੱਡੀ ਮਾਤਰਾ ਵਿੱਚ ਕਾਫੀ ਡੁੰਘਾਈ ਤੱਕ ਖੱਡ ਵਿੱਚੋਂ ਰੇਤ ਚੁੱਕ ਲਿਆ ਗਿਆ ਜਿਸ ਤੋਂ ਬਾਅਦ ਇਹ ਕਾਜਵੇ ਕਮਜ਼ੋਰ ਪੈ ਗਿਆ ਅਤੇ ਬਰਸਾਤੀ ਪਾਣੀ ਦੀ ਮਾਰ ਨਾ ਝੱਲਦਾ ਹੋਇਆ ਕੁੱਝ ਸਮੇਂ ਬਾਅਦ ਉਹ ਵੀ ਟੁੱਟ ਗਿਆ ਜਿਸ ਕਾਰਨ ਇਸ ਸੰਪਰਕ ਸੜਕ ਤੋਂ ਵੀ ਲੋਕਾਂ ਦਾ ਲਾਂਘਾ ਬੰਦ ਹੋ ਗਿਆ । ਜਿਨਾਂ ਟੁੱਟੇ ਕਾਜ਼ਮਵਿਆਂ ਨੂੰ ਲੋਕਾਂ ਨੇ ਮਿੱਟੀ ਆਦਿ ਪਾ ਕੇ ਰਸਤਾ ਬਣਾਇਆ ਵੀ ਹੁਣ ਅੱਗੇ ਆ ਰਹੀ ਬਰਸਾਤ ਦਾ ਡਰ ਉਹਨਾਂ ਨੂੰ ਹੋਰ ਸਤਾਉਣ ਲੱਗ ਪਿਆ ਹੈ ਕਿਉਂਕਿ ਬਰਸਾਤ ਦੌਰਾਨ ਸ਼ਿਵਾਲਕ ਦੀਆਂ ਪਹਾੜੀਆਂ ਤੋਂ ਲਗਾਤਾਰ ਆਉਂਦੇ ਪਾਣੀ ਕਾਰਨ ਕਾਜਵਿਆਂ ਵਾਲੀ ਜਗ੍ਹਾ ਦੀ ਮਿੱਟੀ ਹੜ ਜਾਵੇਗੀ ਅਤੇ ਲੋਕਾਂ ਦਾ ਸੰਪਰਕ ਕਾਠਗੜ੍ਹ ਨਾਲ ਟੁੱਟ ਜਾਵੇਗਾ। ਇਸ ਤੋਂ ਇਲਾਵਾ ਕਾਠਗੜ੍ਹ ਹਲਕੇ ਦਾ ਸਭ ਤੋਂ ਮੁੱਖ ਮਾਰਗ ਜੋ ਪੂਰੇ ਹਲਕੇ ਨੂੰ ਮੇਨ ਹਾਈਵੇ ਨਾਲ ਜੋੜਦਾ ਹੈ ਉਸ ਦਾ 10 ਕੁ ਮੀਟਰ ਟੋਟਾ ਪਿੰਡ ਚਾਹਲ ਦੇ ਨਜ਼ਦੀਕ ਪਾਣੀ ਦੀ ਮਾਰ ਨਾਲ ਸਾਲ 2023 ਵਿੱਚ ਟੁੱਟ ਗਿਆ ਸੀ ਜਿਸ ਨੂੰ ਲੋਕਾਂ ਨੇ ਆਪਣੇ ਪੱਧਰ ‘ਤੇ ਮਿੱਟੀ ਆਦਿ ਪਾ ਕੇ ਲੰਘਣ ਜੋਗਾ ਕੀਤਾ ਉਸ ਛੋਟੇ ਜਿਹੇ ਟੋਟੇ ਨੂੰ ਵੀ ਅੱਜ ਤੱਕ ਪੱਕਾ ਨਹੀਂ ਕੀਤਾ ਜਾ ਸਕਿਆ ਜਦਕਿ ਇਸ ਮਾਰਗ ਤੋਂ ਰੋਜ਼ਾਨਾ ਦਿਨ ਰਾਤ ਵੱਡੀ ਗਿਣਤੀ ਵਿੱਚ ਲੋਕਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ। ਇਸ ਟੁੱਟੇ ਮਾਰਗ ਤੋਂ ਸਰਕਾਰ ਦੇ ਮੰਤਰੀ, ਵਿਧਾਇਕ ਅਤੇ ਵਿਭਾਗਾਂ ਦੇ ਵੱਡੇ-ਵੱਡੇ ਅਧਿਕਾਰੀ ਵੀ ਗੁਜ਼ਰਦੇ ਹਨ ਪ੍ਰੰਤੂ ਸ਼ਾਇਦ ਏਸੀ ਗੱਡੀਆਂ ਵਿੱਚ ਬੈਠੇ ਹੋਣ ਕਾਰਨ ਉਹਨਾਂ ਨੂ ਇਹ ਛੋਟਾ ਜਿਹਾ ਟੁੱਟਿਆ ਮਾਰਗ ਨਜ਼ਰ ਨਹੀਂ ਆਉਂਦਾ। ਲੋਕਾਂ ਵੱਲੋਂ ਇਸ ਮਾਰਗ ਦੀ ਰਿਪੇਅਰ ਨੂੰ ਲੈ ਕੇ ਸਰਕਾਰ ‘ਤੇ ਕਈ ਤਰ੍ਹਾਂ ਦੀਆਂ ਗੱਲਾਂ ਕਰਕੇ ਭੜਾਸ ਕੱਢੀ ਜਾ ਰਹੀ ਹੈ ।
ਇਸੇ ਤਰ੍ਹਾਂ ਜਿਆਦਾਤਰ ਪਿੰਡ ਅਜਿਹੇ ਹਨ ਜਿਨਾਂ ਵਿੱਚ ਵਿਕਾਸ ਕਾਰਜਾਂ ਲਈ ਗਰਾਂਟਾਂ ਮਿਲਣੀਆਂ ਤਾਂ ਦੂਰ ਦੀ ਗੱਲ ਜਿਨਾਂ ਪੰਚਾਇਤਾਂ ਕੋਲ ਪਹਿਲਾਂ ਫੰਡ ਉਪਲਬਧ ਵੀ ਹਨ ਉਹਨਾਂ ਨੂੰ ਖਰਚਣ ਦੀ ਵੀ ਇਜਾਜਤ ਨਹੀਂ ਮਿਲ ਰਹੀ ਜਿਸ ਕਾਰਨ ਨਵੀਆਂ ਬਣੀਆਂ ਪੰਚਾਇਤਾਂ ਸਿਰਫ ਨਾਂ ਦੀਆਂ ਪੰਚਾਇਤਾਂ ਬਣ ਕੇ ਰਹਿ ਗਈਆਂ ਹਨ। ਹਲਕੇ ਵਿੱਚ ਵਿਕਾਸ ਕਾਰਜ ਨਾ ਹੋਣ ਕਰਕੇ ਲੋਕ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੂੰ ਯਾਦ ਕਰਦੇ ਕਹਿ ਰਹੇ ਹਨ ਕਿ ਉਹਨਾਂ ਦੇ ਸਮੇਂ ‘ਚ ਤਾਂ ਬੜੇ ਵਿਕਾਸ ਦੇ ਕੰਮ ਹੋਏ ਹਨ। ਹਲਕੇ ਦੇ ਲੋਕਾਂ ਦੀ ਮੌਜੂਦਾ ਆਪ ਸਰਕਾਰ ਖਾਸ ਕਰਕੇ ਹਲਕਾ ਵਿਧਾਇਕ ਤੋਂ ਮੰਗ ਹੈ ਕਿ ਪਿੰਡਾਂ ਦੇ ਵਿਕਾਸ ਕਾਰਜਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਨਾਲ ਹੀ ਟੁੱਟੇ ਕਾਜਵਿਆਂ ਦੀ ਥਾਂ ਪੁਲਾਂ ਦਾ ਨਿਰਮਾਣ ਕਰਾਉਣ ਤੇ ਖਸਤਾ ਹਾਲ ਲਿੰਕ ਸੜਕਾਂ ਦੀ ਮੁਰੰਮਤ ਨੂੰ ਪਹਿਲ ਦੇ ਅਧਾਰ ‘ਤੇ ਕਰਵਾਇਆ ਜਾਵੇ ਤਾਂ ਜੋ ਲੋਕਾਂ ਵਿੱਚ ਸਰਕਾਰ ਪ੍ਰਤੀ ਬਣੀ ਨਾਰਾਜ਼ਗੀ ਦੂਰ ਹੋ ਸਕੇ ਅਤੇ ਸਰਕਾਰ ਪ੍ਰਤੀ ਭਰੋਸਾ ਬਣਿਆ ਰਹੇ।



