
ਪਿਛਲੇ ਦੋ ਸਾਲਾਂ ਤੋਂ ਲੋਕ ਮਿੱਟੀ ਪਾ ਕੇ ਰਸਤੇ ਨੂੰ ਕਰਦੇ ਆ ਰਹੇ ਹਨ ਠੀਕ
ਨਵਾਂਸ਼ਹਿਰ /ਕਾਠਗੜ੍ਹ 7 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )
ਕਸਬਾ ਤੋਂ ਕਾਠਗੜ੍ਹ ਤੋਂ ਜੋ ਲਿੰਕ ਰੋਡ ਜਗਤੇਵਾਲ ਅਤੇ ਹੋਰ ਪਿੰਡਾਂ ਨੂੰ ਆਪਸ ਵਿੱਚ ਜੋੜਦੀ ਹੈ ਉਸ ਦਰਮਿਆਨ ਪੈਂਦੀ ਖੱਡ ਵਿੱਚ ਬੀਤੇ ਦਿਨੀਂ ਵਿਭਾਗ ਵੱਲੋਂ ਸੀਮਿੰਟ ਦੇ ਪਾਈਪ ਦਬਾਕੇ ਬਣਾਇਆ ਗਿਆ ਆਰਜੀ ਰਸਤਾ ਟੁੱਟ ਜਾਣ ਨਾਲ ਲੋਕਾਂ ਦਾ ਲੰਘਣਾ ਬਹੁਤ ਮੁਸ਼ਕਿਲ ਹੋ ਗਿਆ ਹੈ ਜਿਸ ਨੂੰ ਲੈ ਕੇ ਹਲਕੇ ਦੇ ਕਈ ਪਿੰਡਾਂ ਵਿੱਚ ਸਰਕਾਰ ਪ੍ਰਤੀ ਰੋਸ ਵੀ ਪਾਇਆ ਜਾ ਰਿਹਾ ਹੈ।
ਖੱਡ ਵਿੱਚ ਟੁੱਟੇ ਰਸਤੇ ਨੂੰ ਦਿਖਾਉਂਦੇ ਹੋਏ ਰਾਹਗੀਰਾਂ ਨੇ ਦੱਸਿਆ ਕਿ ਸਾਲ 2023 ਦੀ ਭਾਰੀ ਬਰਸਾਤ ਦੌਰਾਨ ਖੱਡ ਵਿੱਚ ਬਣਾਇਆ ਗਿਆ ਕਾਜਵੇ (ਰੈਂਪ) ਟੁੱਟ ਗਿਆ ਸੀ ਅਤੇ ਲੋਕਾਂ ਦਾ ਕਾਠਗੜ੍ਹ ਨਾਲ ਆਪਸੀ ਸੰਪਰਕ ਬਿਲਕੁਲ ਬੰਦ ਹੋ ਗਿਆ ਸੀ। ਫਿਰ ਲੋਕਾਂ ਨੇ ਆਪਣੇ ਪੱਧਰ ‘ਤੇ ਮਿੱਟੀ ਪਾ ਕੇ ਖੱਡ ਵਿੱਚ ਲਾਂਘਾ ਬਣਾਇਆ ਲੇਕਿਨ ਜਦੋਂ ਵੀ ਮੀਂਹ ਪੈਂਦਾ ਉਦੋਂ ਹੀ ਆਰਜੀ ਰਸਤਾ ਟੁੱਟਦਾ ਰਹਿੰਦਾ ਅਤੇ ਲੋਕ ਰਸਤੇ ਨੂੰ ਠੀਕ ਕਰਦੇ ਰਹਿੰਦੇ। ਜਦਕਿ ਟੁੱਟੇ ਇਸ ਕਾਜਵੇ ਦਾ ਮੌਕਾ ਹਲਕਾ ਵਿਧਾਇਕ ਵੱਲੋਂ ਵੀ ਦੇਖਿਆ ਗਿਆ ਸੀ ।
ਹੁਣ ਮੰਡੀਕਰਨ ਵਿਭਾਗ ਵੱਲੋਂ ਕੁੱਝ ਦਿਨ ਪਹਿਲਾਂ ਕਿਸੇ ਹੋਰ ਪਾਸੇ ਤੋਂ ਪੁੱਟੇ ਗਏ ਸੀਮੈਂਟ ਦੇ ਪਾਈਪਾਂ ਨੂੰ ਜਗਤੇਵਾਲ ਮਾਰਗ ਦਰਮਿਆਨ ਪੈਂਦੀ ਖੱਡ ਵਿੱਚ ਬਿਨਾਂ ਕਿਸੇ ਪਕਿਆਈ ਤੋਂ ਦਬਾ ਦਿੱਤਾ ਗਿਆ ਸੀ ਪਰੰਤੂ ਦੋ ਦਿਨ ਪਹਿਲਾਂ ਮੀਂਹ ਪੈਣ ਕਾਰਨ ਖੱਡ ਵਿੱਚ ਆਏ ਥੋੜੇ ਜਿਹੇ ਪਾਣੀ ਨੇ ਹੀ ਦਬਾਏ ਗਏ ਪਾਈਪਾਂ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਲੋਕਾਂ ਦਾ ਲਾਂਘਾ ਫਿਰ ਤੋਂ ਬੰਦ ਹੋ ਗਿਆ। ਇਥੋਂ ਛੋਟੇ ਵਾਹਨਾਂ ਦਾ ਲੰਘਣਾ ਤਾਂ ਦੂਰ ਦੀ ਗੱਲ ਲੋਕ ਦੋਪਹੀਆ ਵਾਹਨਾਂ ਨੂੰ ਵੀ ਬੜੀ ਮੁਸ਼ਕਿਲ ਨਾਲ ਲੰਘਾਉਂਦੇ ਹਨ। ਰਾਹਗੀਰਾਂ ਨੇ ਦੱਸਿਆ ਕਿ ਦਬਾਏ ਗਏ ਪਾਈਪਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਪਕਿਆਈ ਨਹੀਂ ਕੀਤੀ ਗਈ ਜਿਸ ਕਾਰਨ ਗੱਡੀਆਂ ਦੇ ਲੰਘਣ ਨਾਲ ਪਾਈਪ ਹਿੱਲ ਗਏ ਅਤੇ ਪਏ ਮੀਂਹ ਦੇ ਪਾਣੀ ਨਾਲ ਪਾਈਪਾਂ ਉੱਤੇ ਪਾਈ ਗਈ ਮਿੱਟੀ ਰੁੜ ਗਈ ਅਤੇ ਆਰਜੀ ਰਸਤਾ ਟੁੱਟ ਗਿਆ। ਲੋਕਾਂ ਨੇ ਦੱਸਿਆ ਕਿ ਕਸਬਾ ਕਾਠਗੜ੍ਹ ਕਈ ਪਿੰਡਾਂ ਦਾ ਕੇਂਦਰ ਹੈ ਅਤੇ ਜਗਤੇਵਾਲ ਸੰਪਰਕ ਸੜਕ ਨਾਲ ਜਿੰਨੇ ਵੀ ਪਿੰਡ ਜੁੜਦੇ ਹਨ ਉਹਨਾਂ ਸਭ ਲਈ ਇਹ ਰਸਤਾ ਕਾਠਗੜ ਜਾਣ ਲਈ ਬਹੁਤ ਨਜ਼ਦੀਕ ਹੈ ਲੇਕਿਨ ਰਸਤੇ ਦੇ ਟੁੱਟ ਜਾਣ ਕਾਰਨ ਲੋਕਾਂ ਨੂੰ ਫਿਰ ਤੋਂ ਕਈ ਕਿਲੋਮੀਟਰ ਵਾਧੂ ਰਸਤਾ ਤੈਅ ਕਰਕੇ ਕਾਠਗੜ੍ਹ ਜਾਣਾ-ਆਉਣਾ ਪੈ ਰਿਹਾ ਹੈ। ਲੋਕਾਂ ਨੇ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਤੋਂ ਮੰਗ ਕੀਤੀ ਹੈ ਕਿ ਜਗਤੇਵਾਲ ਖੱਡ ਵਿੱਚ ਇੱਕ ਪੁੱਲ ਦਾ ਨਿਰਮਾਣ ਕਰਵਾਇਆ ਜਾਵੇ ਤਾਂ ਜੋ ਲੋਕਾਂ ਦਾ ਆਉਣਾ ਜਾਣਾ ਆਸਾਨ ਹੋ ਸਕੇ।
ਕੀ ਕਹਿਣਾ ਹੈ ਮੰਡੀ ਬੋਰਡ ਦੇ ਐਸਡੀਓ ਦਾ
ਉਕਤ ਮਾਰਗ ਦਰਮਿਆਨ ਪੈਂਦੀ ਖੱਡ ਵਿੱਚ ਪਾਈਪ ਦਬਾਕੇ ਆਰਜੀ ਰਸਤਾ ਬਣਾਏ ਜਾਣ ਸਬੰਧੀ ਜਦੋਂ ਮੰਡੀ ਬੋਰਡ ਵਿਭਾਗ ਦੇ ਐਸਡੀਓ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਵਿਭਾਗ ਵੱਲੋਂ ਪਾਈਪ ਦਬਾਕੇ ਦੇਖਿਆ ਗਿਆ ਸੀ ਕਿ ਸ਼ਾਇਦ ਇਹ ਕਾਮਯਾਬ ਹੋ ਜਾਣਗੇ ਪਰੰਤੂ ਜਾਪਦਾ ਹੈ ਕਿ ਇਸ ਖੱਡ ਵਿੱਚ ਪਾਈਪਾਂ ਦਾ ਟਿਕਣਾ ਔਖਾ ਹੈ ਇਸ ਕਰਕੇ ਇਹਨਾਂ ਪਾਈਪਾਂ ਨੂੰ ਇਥੋਂ ਚੁਕਵਾ ਲਿਆ ਜਾਵੇਗਾ।


