Join
Friday, March 27, 2026
Friday, March 27, 2026

ਸਿੱਖ ਪੰਥ ਦਾ ਅਟੁੱਟ ਅੰਗ: ਉਦਾਸੀ ਸੰਪਰਦਾ।

ਠਾਕੁਰ ਦਲੀਪ ਸਿੰਘ ਜੀ

“ਗੁਰੂ ਨਾਨਕ ਨਾਮ ਲੇਵਾ” ਦੀ ਰੰਗ ਬਿਰੰਗੀ ਫੁਲਵਾੜੀ ਦੇ ਰੰਗ-ਬਿਰੰਗੇ ਫੁੱਲ ਕਈ ਸੰਪ੍ਰਦਾਵਾਂ ਦੇ ਰੂਪ ਵਿੱਚ ਹਨ; ਜੋ ਸਾਰੇ ਹੀ ਗੁਰੂ ਨਾਨਕ ਪੰਥੀ “ਸਿੱਖ” ਹਨ। ਇਹਨਾਂ ਹੀ ਸੰਪਰਦਾਵਾਂ ਵਿੱਚੋਂ ਇੱਕ ਨਾਨਕ ਪੰਥੀਆਂ ਦੀ “ਉਦਾਸੀ ਸੰਪਰਦਾ” ਹੈ ਜੋ ਪਰਮ ਪੂਜ ਅਤੇ ਮਹਾ ਤਪੱਸਵੀ ਭਗਵਾਨ ਸ੍ਰੀ ਚੰਦ ਜੀ ਤੋਂ ਸ਼ੁਰੂ ਹੁੰਦੀ ਹੈ। ਇਸ ਸੰਪ੍ਰਦਾ ਨੇ ਸਿੱਖੀ ਅਤੇ ਗੁਰਬਾਣੀ ਦਾ ਸਭ ਤੋਂ ਵੱਧ ਪ੍ਰਚਾਰ ਕੀਤਾ। ਉਦਾਸੀ ਸਿੱਖਾਂ ਨੇ ਆਪਣੇ ਹੱਥੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਤੇ ਪੋਥੀਆਂ ਲਿਖੀਆਂ। ਉਦਾਸੀ ਸੰਪ੍ਰਦਾ ਦੇ ਸੇਵਕਾਂ ਨੇ ਬਿਨਾਂ ਕਿਸੇ ਤਨਖਾਹ ਤੋਂ, ਥਾਂ ਥਾਂ ਉੱਤੇ ਜਾ ਕੇ ਧਾਰਮਿਕ ਇਤਿਹਾਸਿਕ ਅਸਥਾਨਾਂ ਨੂੰ ਸੰਭਾਲਿਆ, ਉੱਥੇ ਗੁਰਦੁਆਰੇ ਬਣਾਏ, ਸੇਵਾ ਕੀਤੀ ਅਤੇ ਸਿੱਖੀ ਦਾ ਪ੍ਰਚਾਰ ਕੀਤਾ। ਪਰੰਤੂ, ਅੱਜ ਵੱਡੇ ਇਤਿਹਾਸਕ ਗੁਰਦੁਆਰਿਆਂ ਉੱਤੇ ਕਾਬਜ ਧੜਾ ਅਤੇ “ਕੱਟੜ ਪੰਥੀ ਅਖੌਤੀ ਸਿੱਖ” ਸਿੱਖ ਪੰਥ ਦਾ ਸਭ ਤੋਂ ਵੱਧ ਪ੍ਰਚਾਰ ਕਰਨ ਵਾਲੇ ਇਹਨਾਂ ਉਦਾਸੀ ਸਿੱਖਾਂ ਬਾਰੇ ਕਹਿੰਦੇ ਹਨ “ਇਹ ‘ਸਿੱਖ’ ਹੀ ਨਹੀਂ ਹਨ”।

ਭਗਵਾਨ ਸ੍ਰੀ ਚੰਦ ਜੀ ਅਤੇ ਉਦਾਸੀਆਂ ਦਾ ਵਿਰੋਧ ਕਰਨ ਵਾਲੇ ਕੱਟੜ ਪੰਥੀ ਅੰਮ੍ਰਿਤਧਾਰੀਆਂ ਨੂੰ ਇਹ ਵਿਚਾਰਨ ਦੀ ਲੋੜ ਹੈ ਕਿ ਭਗਵਾਨ ਸ੍ਰੀ ਚੰਦ ਜੀ ਦਾ ਹਰ ਪ੍ਰਕਾਰ ਦਾ ਸਤਿਕਾਰ ਤਾਂ ਦੂਸਰੀ ਪਾਤਸ਼ਾਹੀ ਤੋਂ ਲੈ ਕੇ ਛੇਵੀਂ ਪਾਤਸ਼ਾਹੀ ਤੱਕ, ਪੰਜੇ ਸਤਿਗੁਰੂ ਸਾਹਿਬਾਨ ਕਰਦੇ ਰਹੇ ਹਨ। ਹਰ ਸਾਲ ਉਹਨਾਂ ਨੂੰ ਭੇਟਾ ਦਿੰਦੇ ਰਹੇ। ਇਥੋਂ ਤੱਕ ਕਿ ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਜੀ ਨੇ ਤਾਂ ਆਪਣੇ ਵੱਡੇ ਸਪੁੱਤਰ ਗੁਰਦਿੱਤਾ ਜੀ ਨੂੰ ਵੀ ਭਗਵਾਨ ਸ੍ਰੀ ਚੰਦ ਜੀ ਦੇ ਅਰਪਣ ਕਰ ਦਿੱਤਾ ਸੀ। ਸ੍ਰੀ ਗੁਰਦਿੱਤਾ ਜੀ, ਭਗਵਾਨ ਸ੍ਰੀ ਚੰਦ ਜੀ ਦੇ ਪਹਿਲੇ ਵੱਡੇ ਸੇਵਕ ਹੋਏ ਅਤੇ ਉਦਾਸੀਨ ਮੱਤ ਦੇ ਪਹਿਲੇ ਗੱਦੀ ਨਸ਼ੀਨ ਵੀ ਹੋਏ। ਪੂਜਯ ਸ੍ਰੀ ਗੁਰਦਿੱਤਾ ਜੀ ਦੇ ਸਪੁੱਤਰ ਹਰਿ ਰਾਏ ਜੀ ਹੋਏ, ਜੋ ਕਿ ਸਿੱਖ ਪੰਥ ਦੇ ਸੱਤਵੇਂ ਸਤਿਗੁਰੂ ਜੀ ਬਣੇ। ਭਾਵ, ਉਦਾਸੀ ਮੱਤ ਦੇ ਪਹਿਲੇ ਸ੍ਰੀ ਮਹੰਤ ਦੇ ਸਪੁੱਤਰ ਹਰਿ ਰਾਏ ਜੀ ਨੂੰ, ਸਤਿਗੁਰੂ ਹਰਗੋਬਿੰਦ ਜੀ ਨੇ ਆਪਣੀ ਗੁਰਗੱਦੀ ਦਿੱਤੀ। ਇਸ ਤੋਂ ਇਹ ਬਹੁਤ ਪ੍ਰਤੱਖ ਹੋ ਜਾਂਦਾ ਹੈ ਕਿ ਜਦੋਂ ਪੂਜਯ ਸ੍ਰੀ ਗੁਰਦਿੱਤਾ ਜੀ, ਉਦਾਸੀਨ ਸੰਪਰਦਾ ਦੇ ਬਾਨੀ ਭਗਵਾਨ ਸ੍ਰੀ ਚੰਦ ਜੀ ਦੇ ਗੱਦੀ ਨਸ਼ੀਨ ਮਹੰਤ ਵੀ ਸਨ, ਅਤੇ ਉਹਨਾਂ ਦੇ ਸਪੁੱਤਰ ਹਰਿ ਰਾਏ ਜੀ ਵੀ ਤਾਂ ਉਦਾਸੀ ਹੀ ਸਨ। ਫਿਰ, ਗੁਰੂ ਜੀ ਨੇ ਇੱਕ ਉਦਾਸੀ ਸ੍ਰੀ ਮਹੰਤ ਦੇ, ਉਦਾਸੀ ਸਪੁੱਤਰ ਨੂੰ ਗੱਦੀ ਦਿੱਤੀ, ਤਾਂ ਉਦਾਸੀ, ਸਿੱਖ ਪੰਥ ਤੋਂ ਵੱਖਰੇ ਕਿਵੇਂ ਕੀਤੇ ਜਾ ਸਕਦੇ ਹਨ? ਸਤਿਗੁਰੂ ਹਰਗੋਬਿੰਦ ਜੀ ਦੇ ਹੋਰ ਸਪੁੱਤਰ ਵੀ ਸਨ ਅਤੇ ਹੋਰ ਪੋਤਰੇ ਵੀ ਹੈਗੇ ਸਨ। ਪਰ, ਗੁਰੂ ਜੀ ਨੇ ਪੂਜਯ ਗੁਰਦਿੱਤਾ ਜੀ (ਉਦਾਸੀਆਂ ਦੇ ਸ੍ਰੀ ਮਹੰਤ) ਦੇ ਸਪੁੱਤਰ ਨੂੰ ਹੀ ਗੱਦੀ ਕਿਉਂ ਦਿੱਤੀ?

ਭਗਵਾਨ ਸ੍ਰੀ ਚੰਦ ਜੀ ਦਾ ਵਿਰੋਧ ਅਤੇ ਉਦਾਸੀ ਸੰਪਰਦਾ ਦਾ ਵਿਰੋਧ: ਅੰਗਰੇਜ਼ਾਂ ਦੀ ਬਣਾਈ ਸਿੰਘ ਸਭਾ ਦੇ ਪ੍ਰਭਾਵ ਹੇਠ ਹੀ ਆਰੰਭ ਹੋਇਆ ਹੈ। ਕਿਉਂਕਿ ਈਸਾਈ ਅੰਗਰੇਜ਼, ਸਿੱਖ ਪੰਥ ਨੂੰ ਘਟਾ ਕੇ, ਆਪਸ ਵਿੱਚ ਪਾਟਕ ਪਵਾ ਕੇ, ਲੜਾ ਕੇ ਸਮਾਪਤ ਕਰਨਾ ਚਾਹੁੰਦੇ ਸਨ ਅਤੇ ਸਾਰੇ ਸਿੱਖਾਂ ਨੂੰ ਸਮਾਪਤ ਕਰ ਕੇ ਈਸਾਈ ਬਣਾਉਣਾ ਚਾਹੁੰਦੇ ਸਨ। ਸਿੱਖ ਪੰਥ ਨੂੰ ਸਮਾਪਤ ਕਰਨ ਦੇ ਲਕਸ਼ ਨੂੰ ਪੂਰਾ ਕਰਨ ਵਾਸਤੇ, ਅੰਗਰੇਜਾਂ ਨੇ ਜੋ ਲਾਹੌਰ ਸਿੰਘ ਸਭਾ ਬਣਾਈ, ਉਸ ਦੇ ਰਾਹੀਂ ਐਸਾ ਇੱਕ ਪ੍ਰਚਾਰ ਕਰ ਦਿੱਤਾ “ਉਦਾਸੀ, ਸਿੱਖ ਹੀ ਨਹੀਂ ਹੈਗੇ”। ਗੁਰੂ ਸ੍ਰੀ ਚੰਦ ਜੀ ਦਾ ਵਿਰੋਧ ਵੀ ਹੌਲੀ ਹੌਲੀ ਆਰੰਭ ਕਰਵਾ ਦਿੱਤਾ। ਅੱਜ ਅੰਮ੍ਰਿਤਧਾਰੀ ਖਾਲਸਿਆਂ ਨੂੰ ਇਸ ਵਿਰੋਧ ਤੋਂ ਬਚਣ ਦੀ ਲੋੜ ਹੈ। ਅਤੇ ਆਪਣੀ ਸੰਕੀਰਨ ਕੱਟੜ ਸੋਚ ਨੂੰ ਛੱਡ ਕੇ, ਗੁਰੂ ਸ੍ਰੀ ਚੰਦ ਜੀ ਅਤੇ ਉਦਾਸੀ ਸੰਪਰਦਾ ਦਾ ਵਿਰੋਧ ਛੱਡ ਕੇ; ਉਹਨਾਂ ਨਾਲ ਪ੍ਰੇਮ ਕਰਕੇ, ਸਿੱਖ ਪੰਥ ਨੂੰ ਵਧਾਉਣ ਦੀ ਲੋੜ ਹੈ। ਤਾਂ ਕਿ ਸਾਰੇ ਸੰਸਾਰ ਵਿੱਚ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਜੈ ਜੈਕਾਰ ਹੋਵੇ। ਸਭ ਪਾਸੇ “ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਹੋਵੇ” ਅਤੇ ਸਾਰੇ ਲੋਕ ਆਪਸੀ ਵੈਰ ਵਿਰੋਧ ਛੱਡ ਕੇ ਸੁਖੀ ਵਸਣ।

ਸੰਪਰਕ ਨੰਬਰ : ਰਾਜਪਾਲ ਕੌਰ 9023150008, ਰਤਨਦੀਪ ਸਿੰਘ 9650066108,

ਤਜਿੰਦਰ ਸਿੰਘ 9041000625

Email : info@namdhari-sikhs.com

Related Articles

LEAVE A REPLY

Please enter your comment!
Please enter your name here

Latest Articles

2

2