ਕਾਲਜ ਨੇੜਲੇ ਚੌਗਿਰਦੇ ਵਿਚ ਲਗਾਏ ਪੌਦੇ
ਆਦਮਪੁਰ (ਕਰਮਵੀਰ ਸਿੰਘ)-
ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਦੇ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਦੀ ਅਗਵਾਈ ਹੇਠ ਕੰਪਿਊਟਰ ਵਿਭਾਗ ਅਤੇ ਆਫਿਸ ਮੈਨੇਜਮੈਂਟ ਵੱਲੋਂ ਸਾਂਝੇ ਤੌਰ ‘ਤੇ ‘ਗੋ ਗਰੀਨ ਮੁਹਿੰਮ’ ਆਰੰਭੀ ਗਈ। ਇਸ ਗੋ ਗਰੀਨ ਮੁਹਿੰਮ ਤਹਿਤ ਰੁੱਖ ਲਗਾਓ ਦੇਸ਼ ਬਚਾਓ ਬੈਨਰ ਹੇਠ ਕੰਪਿਊਟਰ ਵਿਭਾਗ ਦੇ ਮੈਡਮ ਲਖਵਿੰਦਰ ਕੌਰ ਅਤੇ ਆਫਿਸ ਮੈਨੇਜਮੈਂਟ ਵਿਭਾਗ ਦੇ ਇੰਚਾਰਜ ਮੈਡਮ ਕੁਲਵੰਤ ਕੌਰ ਦੀ ਨਿਰਦੇਸ਼ਨਾ ਹੇਠ ਕਾਲਜ ਦੇ ਸਟਾਫ ਮੈਂਬਰਾਂ ਨੇ ਕਾਲਜ ਨੇੜਲੇ ਚੌਗਿਰਦੇ ਵਿਖੇ ਪੌਦੇ ਲਗਾਏ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਕਿਹਾ ਕਿ ਇਹ ਦੋਹਾਂ ਵਿਭਾਗਾਂ ਦਾ ਬਹੁਤ ਵਧੀਆ ਉਪਰਾਲਾ ਹੈ। ਉਹਨਾਂ ਕਿਹਾ ਕਿ ਕਾਦਰ ਦੀ ਪਛਾਣ ਕੁਦਰਤ ਤੇ ਕਿਰਤ ਵਿੱਚੋਂ ਕੀਤੀ ਜਾ ਸਕਦੀ ਹੈ, ਜਿਸ ਦੀ ਸਹੀ ਪਛਾਣ ਕਰਦਿਆਂ ਵਿਭਾਗ ਦੇ ਇੰਚਾਰਜਾਂ ਵੱਲੋਂ ਇਸ ਮੁਹਿੰਮ ਨੂੰ ਆਰੰਭਿਆ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਅਸੀਂ ਸਿਹਤਮੰਦ ਰਹਿਣਾ ਹੈ ਤਾਂ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਪੈਣਗੇ ਤੇ ਧਰਤੀ ਉੱਤੇ ਹਰਿਆਲੀ ਦਾ ਸੰਤੁਲਨ ਬਣਾ ਕੇ ਰੱਖਣਾ ਹੋਏਗਾ। ਦੱਸਣਾ ਬਣਦਾ ਹੈ ਕਿ ਗੁਰੂ ਨਾਨਕ ਖਾਲਸਾ ਕਾਲਜ ਕੁਦਰਤ ਦੀ ਗੋਦ ਵਿੱਚ ਪੇਂਡੂ ਖੇਤਰ ਵਿੱਚ ਵਸਿਆ ਹੋਇਆ ਹੈ ਜਿੱਥੇ ਕਾਲਜ ਵੱਲੋਂ ਅਕਸਰ ਪੌਦੇ ਲਗਾਉਣ ਦਾ ਉਪਰਾਲਾ ਕੀਤਾ ਜਾਂਦਾ ਰਹਿੰਦਾ ਹੈ। ਇਸ ਮੌਕੇ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਤੋਂ ਇਲਾਵਾ ਸੀਨੀਅਰ ਪ੍ਰੋਫੈਸਰ ਡਾ. ਰਚਨਾ ਤੁਲੀ, ਮੈਡਮ ਸਿਮਰਨਜੋਤ ਕੌਰ, ਮੈਡਮ ਲਖਵਿੰਦਰ ਕੌਰ, ਮੈਡਮ ਕੁਲਵੰਤ ਕੌਰ, ਦਲਜਿੰਦਰ ਸਿੰਘ, ਬਲਵੀਰ ਸਿੰਘ, ਗਗਨਦੀਪ ਸਿੰਘ, ਮੈਡਮ ਜਸਵੀਰ ਕੌਰ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ।


