ਬਲਾਚੌਰ 28 ਅਪ੍ਰੈਲ 2025:
ਹਲਕਾ ਬਲਾਚੌਰ ਦੇ ਬਲਾਕ ਸੜੋਆ ਦੇ ਅਧੀਨ ਪੈਂਦੇ ਪਿੰਡ ਸਹੂੰਗੜਾ ਵਿਖੇ ਖੜ੍ਹੀ ਕਣਕ ਦੀ ਫਸਲ ਅਤੇ ਇੱਕ ਟਰੈਕਟਰ ਨੂੰ ਅੱਗ ਲੱਗਣ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਵਿਧਾਇਕ ਸੰਤੋਸ਼ ਕੁਮਾਰੀ ਕਟਾਰੀਆ ਨੇ ਮੌਕੇ ‘ਤੇ ਪਹੁੰਚ ਕੇ ਪੀੜਤ ਕਿਸਾਨਾਂ ਨਾਲ ਮੁਲਾਕਾਤ ਕੀਤੀ। ਅੱਗ ਨਾਲ ਕਿਸਾਨਾਂ ਨੂੰ ਹੋਏ ਵਿੱਤੀ ਨੁਕਸਾਨ ਦੀ ਪੂਰਤੀ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਆਵਜ਼ਾ ਦਿਵਾਉਣ ਦਾ ਉਨ੍ਹਾਂ ਨੇ ਕਿਸਾਨ ਭਰਾਵਾਂ ਨੂੰ ਪੂਰਾ ਭਰੋਸਾ ਦਿੱਤਾ।
ਵਿਧਾਇਕ ਸੰਤੋਸ਼ ਕਟਾਰੀਆ ਨੇ ਕਿਹਾ, “ਕਿਸਾਨ ਸਾਡੇ ਅੰਨਦਾਤਾ ਹਨ ਅਤੇ ਉਨ੍ਹਾਂ ਦੀ ਹਰ ਸਮੱਸਿਆ ਦਾ ਹੱਲ ਕਰਨਾ ਸਾਡੀ ਪਹਿਲੀ ਤਰਜੀਹ ਹੈ। ਅੱਗ ਨਾਲ ਹੋਏ ਨੁਕਸਾਨ ਦੀ ਪੜਤਾਲ ਕਰਕੇ ਪੀੜਤ ਕਿਸਾਨਾਂ ਨੂੰ ਜਲਦ ਤੋਂ ਜਲਦ ਮੁਆਵਜ਼ਾ ਦੁਆਇਆ ਜਾਵੇਗਾ।” ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਨੁਕਸਾਨ ਦਾ ਜਲਦੀ ਅੰਦਾਜ਼ਾ ਲਗਾਉਣ ਅਤੇ ਮੁਆਵਜ਼ੇ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ ਵੀ ਦਿੱਤੇ।
ਪੀੜਤ ਕਿਸਾਨਾਂ ਨੇ ਵਿਧਾਇਕ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਅਤੇ ਉਮੀਦ ਜਤਾਈ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਜਲਦ ਰਾਹਤ ਮਿਲੇਗੀ। ਇਸ ਮੌਕੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਮੌਜੂਦ ਸਨ।


