ਬਲਾਚੌਰ , 5 ਅਕਤੂਬਰ (ਜਤਿੰਦਰ ਪਾਲ ਸਿੰਘ ਕਲੇਰ) – ਸਿਵਲ ਸਰਜਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਡਾ. ਅਮਨ ਸੂਦ ਵੱਲੋਂ ਹਾਲ ਹੀ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਦਿੱਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਰਕਾਰੀ ਹਸਪਤਾਲ ਕਾਠਗੜ੍ਹ ਦੀ ਟੀਮ ਵੱਲੋਂ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਇਸ ਸੈਮੀਨਾਰ ਵਿੱਚ ਮੁੱਖ ਤੌਰ ‘ਤੇ ਸੁਪਰਵਾਈਜ਼ਰ ਜਸਵਿੰਦਰ ਕੌਰ ਨੇ ਭਾਗ ਲਿਆ ਅਤੇ ਵੱਡੀ ਗਿਣਤੀ ਵਿੱਚ ਔਰਤਾਂ ਸ਼ਾਮਲ ਹੋਈਆਂ। ਇਸ ਮੌਕੇ ਔਰਤਾਂ ਨੂੰ ਸੰਬੋਧਨ ਕਰਦਿਆਂ ਸੁਪਰਵਾਈਜ਼ਰ ਜਸਵਿੰਦਰ ਕੌਰ ਨੇ ਕਿਹਾ ਕਿ ਬੇਟਾ ਹੋਵੇ ਚਾਹੇ ਬੇਟੀ, ਉਨ੍ਹਾਂ ਵਿੱਚ ਕੋਈ ਫ਼ਰਕ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਬੇਟੀਆਂ ਨੂੰ ਵੀ ਬੇਟਿਆਂ ਵਾਂਗ ਯੋਗ ਬਣਾਓ।
ਉਨ੍ਹਾਂ ਕਿਹਾ ਕਿ ਅੱਜ ਬੇਟੀਆਂ ਦੇਸ਼ ਵਿੱਚ ਬੇਟਿਆਂ ਦੇ ਵਾਂਗ ਹਰ ਖੇਤਰ ਵਿੱਚ ਕੰਮ ਕਰ ਰਹੀਆਂ ਹਨ। ਜਿੱਥੋਂ ਤੱਕ ਦੇਸ਼ ਦੀ ਸਰਹੱਦ ਦੀ ਰੱਖਿਆ ਦਾ ਸਵਾਲ ਹੈ, ਉੱਥੇ ਵੀ ਬੇਟੀਆਂ ਦੁਸ਼ਮਣ ਦੇ ਦੰਦ ਖੱਟੇ ਕਰਨ ਵਿੱਚ ਬਰਾਬਰ ਦੀ ਭੂਮਿਕਾ ਨਿਭਾ ਰਹੀਆਂ ਹਨ। ਬੇਟੀਆਂ ਨੂੰ ਹਰ ਤਰ੍ਹਾਂ ਨਾਲ ਜਿਊਣ ਦਾ ਅਧਿਕਾਰ ਹੈ ਅਤੇ ਉਨ੍ਹਾਂ ਨੂੰ ਬੇਟਿਆਂ ਵਾਂਗ ਹੀ ਪਿਆਰ ਦੀ ਲੋੜ ਹੈ। ਉਨ੍ਹਾਂ ਵਿੱਚ ਕਿਸੇ ਵੀ ਪ੍ਰਕਾਰ ਦਾ ਭੇਦਭਾਵ ਨਾ ਰੱਖੋ।
ਜਸਵਿੰਦਰ ਕੌਰ ਨੇ ਕਿਹਾ ਕਿ ਭਾਰਤ ਦੇਸ਼ ਵਿੱਚ ਅੱਜ ਵੀ ਬੇਟੀਆਂ ਦੇਸ਼ ਦੇ ਸਰਵਉੱਚ ਅਹੁਦਿਆਂ ‘ਤੇ ਤਾਇਨਾਤ ਹਨ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਰਹੀਆਂ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਬੇਟੀਆਂ ਨੂੰ ਪੜ੍ਹਾ ਕੇ, ਉਨ੍ਹਾਂ ਨੂੰ ਆਤਮ-ਨਿਰਭਰ ਬਣਾਉਣਾ ਚਾਹੀਦਾ ਹੈ।
ਇਸ ਮੌਕੇ ਪੋਸਟਰ ਜਾਰੀ ਕਰਕੇ ਵੀ ਔਰਤਾਂ ਨੂੰ ਜਾਗਰੂਕ ਕੀਤਾ ਗਿਆ। ਸਿਹਤ ਵਿਭਾਗ ਦੀ ਟੀਮ ਵਿੱਚ ਸੁਪਰਵਾਈਜ਼ਰ ਜਸਵਿੰਦਰ ਕੌਰ ਤੋਂ ਇਲਾਵਾ ਪ੍ਰਵੀਨ ਕੁਮਾਰੀ ਏ.ਐਨ.ਐਮ., ਕਮਲ ਕੁਮਾਰ ਹੈਲਥ ਵਰਕਰ, ਅਨੀਤਾ ਰਾਣੀ, ਆਂਗਣਵਾੜੀ ਵਰਕਰ ਆਸ਼ਾ ਰਾਣੀ, ਸੰਤੋਸ਼ ਰਾਣੀ ਆਦਿ ਹਾਜ਼ਰ ਸਨ।













Leave a Reply