ਖੇਤੀ ਦੇ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦੁਆਰਾ ਸਿਫਾਰਿਸ਼ ਕੀਤੇ ਬੀਜ, ਖਾਦ ਅਤੇ ਦਵਾਈਆਂ ਦੀ ਹੀ ਵਰਤੋਂ ਕਰਨ ਕਿਸਾਨ: ਵਿਧਾਇਕ ਸੰਤੋਸ਼ ਕਟਾਰੀਆ  


– ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਕਿਸਾਨ:-ਸਤਨਾਮ ਸਿੰਘ ਜਲਵਾਹਾ 
– ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਕੀਤੀ ਅਪੀਲ 

ਨਵਾਂਸ਼ਹਿਰ, ਬਲਾਚੌਰ, 9 ਅਕਤੂਬਰ(ਜਤਿੰਦਰ ਪਾਲ ਸਿੰਘ ਕਲੇਰ ) ਕਿਸਾਨਾਂ ਨੂੰ ਹਾੜੀ ਦੀਆਂ ਫਸਲਾਂ ਬਾਰੇ ਤਕਨੀਕੀ ਜਾਣਕਾਰੀ ਦੇਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਆਤਮਾ ਸਕੀਮ ਅਧੀਨ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ, ਬੁੱਧਵਾਰ ਨੂੰ ਸਹਿਨਸ਼ਾਹ ਪੈਲੇਸ, ਗੜ੍ਹਸ਼ੰਕਰ-ਬਲਾਚੌਰ ਰੋਡ, ਪਿੰਡ ਕਰਾਵਰ, ਬਲਾਕ ਸੜੋਆ ਤਹਿਸੀਲ ਬਲਾਚੌਰ ਵਿਖੇ ਲਗਾਇਆ ਗਿਆ। ਇਸ ਮੇਲੇ ਵਿਚ ਸ੍ਰੀਮਤੀ ਸੰਤੋਸ਼ ਕਟਾਰੀਆ ਵਿਧਾਇਕ ਹਲਕਾ ਬਲਾਚੌਰ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

       ਵਿਧਾਇਕ ਹਲਕਾ ਬਲਾਚੌਰ ਸ੍ਰੀਮਤੀ ਸੰਤੋਸ਼ ਕਟਾਰੀਆ ਨੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਦੇ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦੁਆਰਾ ਸਿਫਾਰਿਸ਼ ਕੀਤੇ ਬੀਜ, ਖਾਦ ਅਤੇ ਦਵਾਈਆਂ ਦੀ ਹੀ ਵਰਤੋਂ ਕਰਨ। ਉਹਨਾਂ ਕਿਹਾ ਕਿ ਸਰਕਾਰ ਦੀ ਸਕੀਮ “ਪਾਣੀ ਬਚਾਓ ਪੈਸਾ ਬਚਾਓ” ਤਹਿਤ ਵੱਧ ਤੋਂ ਵੱਧ ਕਿਸਾਨ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਡਿੱਗਣ ਤੋਂ ਬਚਾਉਣ ਦੇ ਨਾਲ ਚੰਗਾ ਮੁਨਾਫਾ ਵੀ ਕਮਾ ਸਕਦੇ ਹਨ।ਉਹਨਾਂ ਮੇਲੇ ਵਿਚ ਖੇਤੀਬਾੜੀ ਵਿਭਾਗ, ਸਹਿਯੋਗੀ ਮਹਿਕਮਿਆਂ ਅਤੇ ਸੈਲਫ ਹੈਲਪ ਗੁਰੱਪਾਂ ਵਲੋਂ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਦੀ ਵਿਜਿਟ ਵੀ ਕੀਤੀ ਗਈ। ਉਨਾਂ ਨੇ ਕਿਸਾਨਾਂ ਨੂੰ ਪਰਾਲੀ ਨੂੰ ਨਾ ਸਾੜਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਵਾਤਾਵਰਨ ਦੂਸ਼ਿਤ ਹੁੰਦਾ ਹੈ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ।

ਸ੍ਰੀ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਤੇਲ ਬੀਜ ਫਸਲਾਂ ਹੇਠ ਰਕਬਾ ਵਧਾਉਣ ਤਾਂ ਜੋ ਪੰਜਾਬ ਵਿੱਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕੀਤਾ ਜਾ ਸਕੇ।ਉਹਨਾਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਕਿਸਾਨ ਪੱਖੀ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ।

ਸ੍ਰੀ ਬਲਵੀਰ ਸਿੰਘ ਕਰਨਾਣਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਸਾਨਾਂ ਨੂੰ ਆਪਣੀ ਬਿਜਾਈ ਕਰਨ ਤੋਂ ਪਹਿਲਾਂ ਜ਼ਿਲ੍ਹੇ ਦੇ ਖੇਤੀ ਮਾਹਿਰਾਂ ਤੋਂ ਸੇਧ ਲੈਣੀ ਚਾਹੀਦੀ ਹੈ ਤਾਂ ਜੋ ਫਸਲਾਂ ਤੋਂ ਵੱਧ ਤੋਂ ਵੱਧ ਮੁਨਾਫਾ ਲਿਆ ਜਾ ਸਕੇ।ਸ੍ਰੀ ਲਲਿਤ ਮੋਹਨ ਪਾਠਕ ਹਲਕਾ ਪ੍ਰਧਾਨ ਆਮ ਆਦਮੀ ਪਾਰਟੀ ਇਸ ਮੇਲੇ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।ਸ੍ਰੀ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਵੀ ਉਚੇਚੇ ਤੌਰ ਤੇ ਹਾਜ਼ਰ ਹੋਏ। 

       ਡਾ. ਲੇਖ ਰਾਜ ਬੇਗੋਵਾਲ ਮੁੱਖ ਖੇਤੀਬਾੜੀ ਅਫਸਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਜ਼ਿਲ੍ਹਾ ਭਰ ਤੋਂ ਆਏ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਹਾੜੀ ਸੀਜਨ 2026-27 ਦੌਰਾਨ ਕਣਕ ਹੇਠ 77,000 ਹੈਕ., ਸਰੋਂ ਹੇਠ 1800 ਹੈਕ. ਅਤੇ ਦਾਲਾਂ ਹੇਠ 220 ਹੈਕ. ਰਕਬਾ ਲਿਆਂਦਾ ਜਾਵੇਗਾ। ਕਿਸਾਨਾਂ ਨੂੰ ਮਿਆਰੀ ਕਿਸਮ ਦੇ ਬੀਜ/ਖਾਦਾਂ/ਕੀੜੇਮਾਰ ਦਵਾਈਆਂ ਮੁਹੱਈਆ ਕਰਵਾਉਣ ਲਈ ਵਿਭਾਗ ਵਲੋਂ ਬਿਲ ਚੈਕਿੰਗ ਮੁਹਿੰਮ ਚਲਾਈ ਜਾਵੇਗੀ।ਉਹਨਾਂ ਇਹ ਵੀ ਕਿਹਾ ਕਿ ਪੰਜਾਬ ਵਿਚ ਕਿਸਾਨਾਂ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਸੀ.ਆਰ.ਐੱਮ ਸਾਲ 2026-27 ਦੌਰਾਨ  ਵੱਖ-ਵੱਖ ਮਸ਼ੀਨਰੀ ਉਪਦਾਨ ਤੇ ਦੇਣ ਲਈ ਆਨ ਲਾਈਨ ਪੋਰਟਲ ਰਾਹੀਂ 328 ਮਸ਼ੀਨਾਂ ਸਬਸੀਡੀ ਤੇ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ।ਇਸ ਸਾਲ ਵੱਖ-ਵੱਖ ਮਸ਼ੀਨਰੀ ਉਪਦਾਨ ਤੇ ਦੇਣ ਲਈ ਆਨ ਲਾਈਨ ਪੋਰਟਲ ਤੇ ਵਿਅਕਤੀਗਤ ਕੈਟੇਗਰੀ ਦੇ ਐਸ.ਸੀ. ਬਿਨੈਕਾਰਾਂ ਵੱਲੋਂ ਅਰਜੀਆਂ ਦੀ ਮੰਗ ਮਿਤੀ 29.09.2026 ਤੋਂ ਮੁੜ ਤੋਂ ਕੀਤੀ ਗਈ ਹੈ, ਇਨ੍ਹਾਂ ਬਿਨੈਕਾਰਾਂ ਦੀ ਚੌਣ ਵਿਭਾਗ ਦੀਆਂ ਹਦਾਇਤਾਂ ਅਨੁਸਾਰ “ਪਹਿਲਾਂ ਆਓ ਅਤੇ ਪਹਿਲਾਂ ਪਾਓ” ਦੇ ਅਧਾਰ ਤੇ ਕੀਤੀ ਜਾਵੇਗੀ।ਜੀ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕਿਸਾਨਾਂ ਦੁਆਰਾ ਖੇਤੀਬਾੜੀ ਵਿਭਾਗ ਅੰਦਰ ਚੱਲ ਰਹੀਆਂ ਕਿਸਾਨ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਐਗਰੀਸਟੈਕ ਸਕੀਮ ਅਧੀਨ ਫਾਰਮਰ ਆਈ.ਡੀ. ਜਰੂਰ ਬਣਾਈ ਜਾਵੇ।ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਫਸਲਾਂ ਵਿੱਚ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਪੀ.ਏ.ਯ.ੂ ਲੁਧਿਆਣਾ ਦੀਆਂ ਸਿਫਾਰਿਸ਼ਾ ਅਨੁਸਾਰ ਕੀਤੀ ਜਾਵੇ।

     ਇਸ ਤੋਂ ਇਲਾਵਾ ਡਾ.ਰਾਜੇਸ਼ ਕੁਮਾਰ ਬਾਗਬਾਨੀ ਵਿਭਾਗ, ਵਲੋਂ ਆਪਣੇ ਵਿਭਾਗ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ।ਡਾ. ਪ੍ਰਦੀਪ ਕੁਮਾਰ ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਅਤੇ ਉਹਨਾਂ ਦੀ ਟੀਮ ਵਲੋਂ ਕਿਸਾਨ ਮੇਲੇ ਵਿੱਚ ਕਿਸਾਨਾਂ ਨੂੰ ਫਸਲਾਂ ਸੰਬੰਧੀ ਸੰਪੂਰਨ ਤਕਨੀਕੀ ਜਾਣਕਾਰੀ ਦਿੱਤੀ ਗਈ।ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਅੱਜ ਦੇ ਸਮੇਂ ਦੀ ਲੋੜ “ਕੁਦਰਤੀ ਸੋਮਿਆਂ ਦੀ ਸੰਭਾਲ” ਕਰਦੇ ਹੋਏ ਨਵੀਆਂ ਤਕਨੀਕਾਂ ਨੂੰ ਅਪਣਾ ਕੇ ਖੇਤੀ ਕਰਨ ਤਾਂ ਜੋ ਬੇਲੋੜੀਆਂ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਵਧੇਰੀ ਵਰਤੋਂ ਤੋਂ ਗੁਰੇਜ਼ ਕਰਕੇ, ਖੇਤੀ ਵਿੱਚ ਖਰਚੇ ਘਟਾ ਕੇ ਵੱਧ ਮੁਨਾਫਾ ਲਿਆ ਜਾ ਸਕੇ।

    ਇਸ ਮੋਕੇ ਡਾ. ਕੁਲਵਿੰਦਰ ਕੌਰ ਏ.ਪੀ.ਪੀ.ਓ. ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ।ਇਸ ਮੌਕੇ ਡਾ. ਰਾਜ ਕੁਮਾਰ ਏ.ਓ. ਨਵਾਂਸ਼ਹਿਰ, ਡਾ.ਲਛਮਣ ਦਾਸ ਏ.ਓ. ਬੰਗਾ, ਡਾ.ਨਿਤਿਨ ਏ.ਓ. ਸੜੋਆ, ਡਾ. ਅਸ਼ਵਿੰਦਰ ਕੁਮਾਰ ਏ.ਸੀ.ਡੀ.ਓ. ਨਵਾਂਸ਼ਹਿਰ, ਡਾ. ਵਿਜੈ ਕੁਮਾਰ ਏ.ਡੀ.ਓ.(ਇਨਫੋ.), ਡਾ. ਕਮਲਦੀਪ ਸਿੰਘ ਪ੍ਰੋਜਕੈਟ ਡਾਇਰੈਕਟਰ ਆਤਮਾ, ਡਾ.ਪਰਮਵੀਰ ਡੀਪੀਡੀ ਅਤੇ ਯੋਗੇਸ਼ ਕੁਮਾਰ ਬੱਸੀ ਹਾਜ਼ਰ ਸਨ।ਇਸ ਤੋਂ ਇਲਾਵਾ ਸ਼੍ਰੀ ਗੁਰਨੇਕ ਸਿੰਘ ਚੂਹੜਪੁਰ,ਗੁਰਨਾਮ ਸਿੰਘ ਕਰਨਾਣਾ, ਗੁਰਪਾਲ ਸਿੰਘ ਸੋਨਾ, ਸੁਰਜੀਤ ਸਿੰਘ ਲੰਗੇਰੀ, ਸੋਮਨਾਥ ਹੁਸੈਨਪੁਰ, ਪਰਮਜੀਤ ਸਿੰਘ ਜਾਨੀਆਂ  ਸ੍ਰੀ ਜੁਝਾਰ ਸਿੰਘ ਕਟਾਰੀਆਂ, ਸ੍ਰੀ ਉਤਮ ਸਿੰਘ ਨਾਮਧਾਰੀ ਸੀਡ ਸਟੋਰ, ਗੁਰਨਾਮ ਸਿੰਘ ਕਰਨਾਣਾ, ਬਲਵੀਰ  ਸਿੰਘ ਮਾਜਰਾ ਜੱਟਾਂ, ਬਲਿਹਾਰ ਸਿੰਘ ਘਟਾਰੋਂ, ਹਰਵਿੰਦਰ ਸਿੰਘ ਸੂੰਢ, ਸੰਤੋਖ ਸਿੰਘ, ਸ੍ਰੀਮਤੀ ਰੇਸ਼ਮ ਕੌਰ, ਕਮਲੇਸ਼ ਰਾਣੀ,  ਆਦਿ ਹਾਜ਼ਰ ਸਨ।ਇਸ ਮੌਕੇ ਡਾ. ਸੁਰਿੰਦਰ ਕੁਮਾਰ ਜ਼ਿਲ੍ਹਾ ਸਿਖਲਾਈ ਅਫਸਰ ਨੇ ਕਿਸਾਨ ਮੇਲੇ ਵਿੱਚ ਆਏ ਕਿਸਾਨਾਂ ਦਾ ਧੰਨਵਾਦ ਕੀਤਾ।ਜਿਲ੍ਹੇ ਦੇ ਵੱਖ-ਵੱਖ ਹਿੱਸਿਆਂ ਤੋਂ ਆਏ 1000 ਤੋਂ ਵੱਧ ਕਿਸਾਨ ਅਤੇ ਕਿਸਾਨ ਬੀਬੀਆਂ ਨੇ ਇਸ ਕੈਂਪ ਵਿੱਚ ਭਾਗ ਲਿਆ।


Leave a Reply

Your email address will not be published. Required fields are marked *