ਨਵਾਂਸ਼ਹਿਰ, 5 ਅਕਤੂਬਰ (ਜਤਿੰਦਰ ਪਾਲ ਸਿੰਘ ਕਲੇਰ) – ਹਲਕਾ ਬਲਾਚੌਰ ਦੇ ਪਿੰਡ ਭੱਦੀ ਵਿਖੇ ਸਥਿਤ ਪ੍ਰਸਿੱਧ ਇਤਿਹਾਸਕ ਧਾਰਮਿਕ ਅਸਥਾਨ ਸ਼੍ਰੀ ਸਿੱਧ ਬਾਬਾ ਕੈਂਥਲ ਜੀ ਦੇ ਮੰਦਿਰ ਵਿਖੇ ਸਾਲਾਨਾ ਸੱਭਿਆਚਾਰਕ ਮੇਲਾ ਬੜੀ ਸ਼ਰਧਾ ਪੂਰਵਕ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੇਲੇ ਵਿੱਚ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚੇ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮੰਦਿਰ ਨੂੰ ਬੜੇ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ ਅਤੇ ਸਾਰਾ ਦਿਨ ਧਾਰਮਿਕ ਤੇ ਸੱਭਿਆਚਾਰਕ ਗਤੀਵਿਧੀਆਂ ਦਾ ਦੌਰ ਜਾਰੀ ਰਿਹਾ। ਇਸ ਪਵਿੱਤਰ ਮੌਕੇ ‘ਤੇ ਸੀਨੀਅਰ ਭਾਜਪਾ ਆਗੂ ਅਤੇ ਓ.ਬੀ.ਸੀ. ਮੋਰਚਾ ਪੰਜਾਬ ਦੇ ਸੀਨੀਅਰ ਆਗੂ ਸੰਦੀਪ ਭਾਟੀਆ ਸੋਨੂੰ ਆਦੋਆਣਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਉਨ੍ਹਾਂ ਮੰਦਿਰ ਵਿੱਚ ਨਤਮਸਤਕ ਹੋ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਪਾ ਕੇ ਅਤੇ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਸੰਦੀਪ ਭਾਟੀਆ ਸੋਨੂੰ ਆਦੋਆਣਾ ਨੇ ਕਿਹਾ ਕਿ ਅਜਿਹੇ ਮੇਲੇ ਸਾਡੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਦੇ ਪ੍ਰਤੀਕ ਹਨ। ਇਹ ਮੇਲੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜਦੇ ਹਨ। ਉਨ੍ਹਾਂ ਕਿਹਾ ਕਿ ਸ਼੍ਰੀ ਸਿੱਧ ਬਾਬਾ ਕੈਂਥਲ ਜੀ ਦਾ ਇਹ ਅਸਥਾਨ ਇਲਾਕੇ ਦੇ ਲੋਕਾਂ ਲਈ ਆਸਥਾ ਦਾ ਵੱਡਾ ਕੇਂਦਰ ਹੈ ਅਤੇ ਇੱਥੇ ਹਰ ਕਿਸੇ ਦੀ ਮਨੋਕਾਮਨਾ ਪੂਰੀ ਹੁੰਦੀ ਹੈ। ਉਨ੍ਹਾਂ ਸਮੂਹ ਪ੍ਰਬੰਧਕ ਕਮੇਟੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਇੰਨਾ ਮਾਣ-ਸਤਿਕਾਰ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਗਏ ਪ੍ਰਬੰਧ ਬਹੁਤ ਹੀ ਸ਼ਲਾਘਾਯੋਗ ਹਨ। ਮੇਲੇ ਦੌਰਾਨ ਸੁਰੱਖਿਆ ਅਤੇ ਸੰਗਤਾਂ ਦੀ ਸਹੂਲਤ ਲਈ ਕੀਤੇ ਗਏ ਇੰਤਜ਼ਾਮਾਂ ਦੀ ਵੀ ਸਭ ਨੇ ਪ੍ਰਸ਼ੰਸਾ ਕੀਤੀ। ਇਸ ਮੌਕੇ ਤੇ ਮੰਦਿਰ ਕਮੇਟੀ ਦੇ ਪ੍ਰਧਾਨ, ਮੈਂਬਰ ਸਾਹਿਬਾਨ ਅਤੇ ਪਿੰਡ ਭੱਦੀ ਦੇ ਪਤਵੰਤੇ ਸੱਜਣਾਂ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।
ਹਲਕਾ ਬਲਾਚੌਰ ਦੇ ਪਿੰਡ ਭੱਦੀ ਵਿਖੇ ਸਥਿਤ ਇਤਿਹਾਸਕ ਸ਼੍ਰੀ ਸਿੱਧ ਬਾਬਾ ਕੈਂਥਲ ਜੀ ਮੰਦਿਰ ਵਿਖੇ ਸੱਭਿਆਚਾਰਕ ਮੇਲਾ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ













Leave a Reply