ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨ ਲਈ ਔਰਤਾਂ ਦੀ ਭੂਮਿਕਾ ਅਹਿਮ – ਡੀ.ਐਸ.ਪੀ. ਹੇਮੰਤ ਮਲਹੋਤਰਾ


ਯੁੱਧ ਨਸ਼ਿਆਂ ਵਿਰੁੱਧ ਤਹਿਤ ਕਾਠਗੜ੍ਹ ਅਨਾਜ ਮੰਡੀ ‘ਚ ਸੈਮੀਨਾਰ ਦਾ ਆਯੋਜਨ, ਤਸਕਰਾਂ ਦੀ ਤੂਸੂਚਨਾ ਦੇਣ ਵਾਲੇ ਦਾ ਨਾਮ ਰੱਖਿਆ ਜਾਵੇਗਾ ਗੁਪਤ – ਪੰਚਾਇਤਾਂ ਨੂੰ ਵੱਧ ਯੋਗਦਾਨ ਪਾਉਣ ਦਾ ਸੱਦਾ

ਬਲਾਚੌਰ , 29 ਸਤੰਬਰ (ਜਤਿੰਦਰਪਾਲ ਸਿੰਘ ਕਲੇਰ ) –

ਨਸ਼ੇ ਨੂੰ ਜੜ੍ਹ ਤੋਂ ਦੂਰ ਕਰਨ ਵਿੱਚ ਮਹਿਲਾਵਾਂ ਦਾ ਯੋਗਦਾਨ ਬਹੁਤ ਜ਼ਰੂਰੀ ਹੈ। ਜੇਕਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ ਤਾਂ ਪਹਿਲਾਂ ਹਰ ਪਿੰਡ ਨੂੰ ਨਸ਼ਾ ਮੁਕਤ ਬਣਾਉਣਾ ਪਵੇਗਾ। ਇਹ ਵਿਚਾਰ ਡੀ.ਐਸ.ਪੀ. ਬਲਾਚੌਰ ਹੇਮੰਤ ਮਲਹੋਤਰਾ ਨੇ ਪ੍ਰਗਟ ਕੀਤੇ।

ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਗ੍ਰਾਮ ਸਭਾ ਹਾਲ ਅਨਾਜ ਮੰਡੀ ਕਾਠਗੜ੍ਹ ਵਿਖੇ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਮੁੱਖ ਤੌਰ ‘ਤੇ ਡੀ.ਐਸ.ਪੀ. ਬਲਾਚੌਰ ਹੇਮੰਤ ਮਲਹੋਤਰਾ ਨੇ ਭਾਗ ਲਿਆ।  ਉਨ੍ਹਾਂ ਦੇ ਨਾਲ ਥਾਣਾ ਮੁਖੀ ਕਾਠਗੜ੍ਹ ਇੰਸਪੈਕਟਰ ਕਮਲ ਤਨੇਜਾ ਨੇ ਵੀ ਸ਼ਿਰਕਤ ਕੀਤੀ।

ਇਸ ਸੈਮੀਨਾਰ ਵਿੱਚ ਨਗਰ ਨਿਵਾਸੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ, ਜਿਸ ਵਿੱਚ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਜ਼ਿਆਦਾ ਵੇਖਣ ਨੂੰ ਮਿਲੀ। ਡੀ.ਐਸ.ਪੀ. ਹੇਮੰਤ ਮਲਹੋਤਰਾ ਨੇ ਕਿਹਾ ਕਿ ਨਸ਼ਾ ਹੁਣ ਇੱਕ ਗੰਭੀਰ ਅਪਰਾਧ ਬਣਦਾ ਜਾ ਰਿਹਾ ਹੈ ਅਤੇ ਚੋਰੀਆਂ ਵਰਗੀਆਂ ਵਾਰਦਾਤਾਂ ਦਾ ਵੱਡਾ ਕਾਰਨ ਵੀ ਨਸ਼ਾ ਹੀ ਹੈ। ਜੇਕਰ ਨਸ਼ੇ ਨੂੰ ਜੜ੍ਹ ਤੋਂ ਖ਼ਤਮ ਕਰਨਾ ਹੈ ਤਾਂ ਔਰਤਾਂ ਸਭ ਤੋਂ ਵੱਧ ਭੂਮਿਕਾ ਨਿਭਾ ਸਕਦੀਆਂ ਹਨ। ਮਾਂ ਆਪਣੇ ਬੱਚਿਆਂ ‘ਤੇ ਸਖ਼ਤ ਨਜ਼ਰ ਰੱਖੇ, ਬੱਚਿਆਂ ਦੇ ਕੰਮ-ਕਾਜ ਅਤੇ ਉਨ੍ਹਾਂ ਦੀ ਸੰਗਤ ‘ਤੇ ਧਿਆਨ ਦੇਵੇ।

ਥਾਣਾ ਮੁਖੀ ਕਮਲ ਤਨੇਜਾ ਨੇ ਕਿਹਾ ਕਿ ਨਸ਼ੇ ਦੇ ਤਸਕਰਾਂ ਬਾਰੇ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਪਹਿਲਾਂ ਨਸ਼ਾ ਮੁਕਤ ਪਿੰਡ ਬਣਾਉਣਾ ਜ਼ਰੂਰੀ ਹੈ ਅਤੇ ਇਸ ਵਿੱਚ ਪੰਚਾਇਤਾਂ ਦਾ ਸਭ ਤੋਂ ਵੱਧ ਯੋਗਦਾਨ ਹੋਣਾ ਚਾਹੀਦਾ ਹੈ।

ਇਸ ਮੌਕੇ ਬਲਜੀਤ ਸਿੰਘ ਜ਼ਿਲ੍ਹਾ ਕੁਆਰਡੀਨੇਟਰ ਨੇ ਵੀ ਨਸ਼ੇ ਦੀ ਗੰਭੀਰਤਾ ਅਤੇ ਇਸ ਨੂੰ ਲੈ ਕੇ ਸਰਕਾਰ ਦੀਆਂ ਪ੍ਰਾਪਤੀਆਂ ‘ਤੇ ਚਾਨਣਾ ਪਾਇਆ।

ਇਸ ਸਮਾਗਮ ਵਿੱਚ ਪੰਚਾਇਤ ਸਕੱਤਰ ਮੁਖਤਿਆਰ ਸਿੰਘ, ਭੁਪਿੰਦਰ ਸਿੰਘ, ਹਰਵਿੰਦਰ ਸਿੰਘ, ਪੰਕਜ ਚੌਧਰੀ ਸਾਂਝ ਕੇਂਦਰ ਇੰਚਾਰਜ ਤੋਂ ਇਲਾਵਾ ਸੇਵਾਦਾਰ ਸਾਈ ਕਾਲੇ ਸ਼ਾਹ ਜੁ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਕਾਠਗੜ੍ਹ ਰਿਸ਼ੂ ਬਾਲਾ, ਸਾਬਕਾ ਸਰਪੰਚ ਸੁਭਾਸ਼ ਆਨੰਦ, ਮਾਰਕੀਟ ਪ੍ਰਧਾਨ ਰਾਜ ਕੁਮਾਰ ਆਨੰਦ, ਨਵੀਨ ਚੌਧਰੀ ਪੰਚ, ਸੁਰੇਸ਼ ਕੁਮਾਰ ਬਲਾਕ ਸੰਮਤੀ ਮੈਂਬਰ, ਜੀਤ ਰਾਮ ਫੌਜੀ, ਸਰਪੰਚ ਰਾਜ ਰਾਣੀ, ਦੀਪਕ ਕਲਿਆਣ ਪੰਚ, ਸੀਮਾ ਰਾਣੀ ਪੰਚ, ਏ.ਐਸ.ਆਈ. ਰਾਮ ਸ਼ਾਹ, ਧਰਮਿੰਦਰ ਕੁਮਾਰ ਸਾਬਕਾ ਪੰਚ, ਧਰਮਪਾਲ, ਸ਼ੇਖਰ ਚੌਧਰੀ ਸਮੇਤ ਦੋਵੇਂ ਪੰਚਾਇਤਾਂ ਦੇ ਪੰਚ, ਸਰਪੰਚ ਅਤੇ ਹੋਰ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਅੰਤ ਵਿੱਚ ਗ੍ਰਾਮ ਪੰਚਾਇਤ ਕਾਠਗੜ੍ਹ ਵੱਲੋਂ ਡੀ.ਐਸ.ਪੀ. ਬਲਾਚੌਰ, ਥਾਣਾ ਮੁਖੀ ਕਾਠਗੜ੍ਹ ਅਤੇ ਬੀ.ਐਲ.ਓ. ਟੀਮ ਨੂੰ ਸਿਰੋਪੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ।


Leave a Reply

Your email address will not be published. Required fields are marked *