ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਨਵਾਂਸ਼ਹਿਰ ਵਿੱਚ ਕਾਂਗਰਸ ਦਾ ਹੱਲਾ-ਬੋਲ


ਰਾਸ਼ਟਰਪਤੀ ਨੂੰ ਭੇਜਿਆ ਮੰਗ ਪੱਤਰ ਅਤੇ ਫੂਕਿਆ ਪੁਤਲਾ

ਨਵਾਂਸ਼ਹਿਰ, 28 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) :

ਵੋਟ ਚੋਰੀ ਦੇ ਸਨਸਨੀਖੇਜ਼ ਖੁਲਾਸਿਆਂ ਨੂੰ ਲੈ ਕੇ ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਕਾਂਗਰਸ ਪਾਰਟੀ ਵੱਲੋਂ ਭਾਜਪਾ ਸਰਕਾਰ ਖਿਲਾਫ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਦੀ ਅਗਵਾਈ ਹੇਠ ਅਤੇ ਪੰਜਾਬ ਪ੍ਰਧਾਨ ਸੇਵਾ ਦਲ ਸ੍ਰੀ ਸੁਭਾਸ਼ ਭਾਰਗਵ ਦੀ ਵਿਸ਼ੇਸ਼ ਹਾਜ਼ਰੀ ਵਿੱਚ ਕਾਂਗਰਸੀ ਵਰਕਰਾਂ ਨੇ ਡੀ ਸੀ ਦਫਤਰ ਸ਼ਹੀਦ ਭਗਤ ਸਿੰਘ ਨਗਰ ਦੇ ਸਾਹਮਣੇ ਜ਼ੋਰਦਾਰ ਰੋਸ ਮਾਰਚ ਕੱਢਿਆ।

ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਦੀ ਸਮੂਹ ਟੀਮ ਵੱਲੋਂ ਭਾਰਤ ਦੇ ਰਾਸ਼ਟਰਪਤੀ ਜੀ ਦੇ ਨਾਮ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਰਾਹੀਂ ਇੱਕ ਮੰਗ ਪੱਤਰ ਸੌਂਪਿਆ ਗਿਆ, ਜਿਸ ਵਿੱਚ ਮੁੱਖ ਚੋਣ ਕਮਿਸ਼ਨਰ ਸ੍ਰੀ ਗਿਆਨੇਸ਼ ਕੁਮਾਰ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਗਈ। ਮੰਗ ਪੱਤਰ ਸੌਂਪਣ ਤੋਂ ਬਾਅਦ ਕਾਂਗਰਸੀ ਵਰਕਰਾਂ ਨੇ ਭਾਜਪਾ ਸਰਕਾਰ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕ ਕੇ ਆਪਣਾ ਰੋਸ ਪ੍ਰਗਟ ਕੀਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਕਿਹਾ ਕਿ ਭਾਜਪਾ ਸਰਕਾਰ ਵੋਟ ਚੋਰੀ ਕਰਕੇ ਸੱਤਾ ਵਿੱਚ ਆਈ ਹੈ ਅਤੇ ਇਸ ਵੋਟ ਚੋਰੀ ਵਿੱਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਭਾਜਪਾ ਸਰਕਾਰ ਦਾ ਪੂਰਾ ਸਾਥ ਦਿੱਤਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਸਰਕਾਰ ਗੈਰ ਕਾਨੂੰਨੀ ਤਰੀਕੇ ਨਾਲ ਵੋਟਾਂ ਤਿਆਰ ਕਰਕੇ ਦੇਸ਼ ਵਿੱਚ ਆਪਣੀ ਪਾਰਟੀ ਨੂੰ ਫੈਲਾਉਣ ਦਾ ਕੰਮ ਕਰ ਰਹੀ ਹੈ, ਜੋ ਲੋਕਤੰਤਰ ਲਈ ਬਹੁਤ ਹੀ ਖਤਰਨਾਕ ਹੈ।

ਅਜੇ ਮੰਗੂਪੁਰ ਨੇ ਕਿਹਾ ਕਿ ਕਾਂਗਰਸ ਪਾਰਟੀ ਹੁਣ ਚੁੱਪ ਨਹੀਂ ਬੈਠੇਗੀ। ਪਾਰਟੀ ਘਰ ਘਰ ਜਾ ਕੇ ਲੋਕਾਂ ਨੂੰ ਭਾਜਪਾ ਸਰਕਾਰ ਦੀਆਂ ਵੋਟ ਚੋਰੀ ਦੀਆਂ ਨੀਤੀਆਂ ਬਾਰੇ ਜਾਗਰੂਕ ਕਰੇਗੀ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾ ਕੇ ਰਹੇਗੀ। ਇਸ ਮੌਕੇ ਕਾਂਗਰਸ ਦਫਤਰ ਤੋਂ ਡਿਪਟੀ ਕਮਿਸ਼ਨਰ ਦਫਤਰ ਤੱਕ ਕੱਢੇ ਗਏ ਰੋਸ ਮਾਰਚ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਗਿਆਨੇਸ਼ ਕੁਮਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ।

ਇਸ ਰੋਸ ਮਾਰਚ ਵਿੱਚ ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ, ਹਲਕਾ ਇੰਚਾਰਜ ਬੰਗਾ ਮੀਨਾ ਕੁਮਾਰੀ, ਜ਼ਿਲ੍ਹਾ ਪ੍ਰਧਾਨ ਸੇਵਾ ਦਲ ਰਾਜ ਕੁਮਾਰ, ਬਲਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ RGPRS, ਸਤਵੀਰ ਸਿੰਘ ਪੱਲੀ ਝਿੱਕੀ, ਮੋਹਨ ਲਾਲ ਸੰਧੂ ਬਲਾਕ ਪ੍ਰਧਾਨ ਬਲਾਚੌਰ, ਸੁਦੇਸ਼ ਕੁਮਾਰ ਸਾਬਕਾ ਡੀ ਜੀ ਪੀ, ਨਾਨਕ ਸਿੰਘ ਬਾਂਠ ਚੇਅਰਮੈਨ ਬਲਾਕ ਸੰਮਤੀ ਬਲਾਚੌਰ, ਸਰਬਜੀਤ ਸਿੰਘ ਬਲਾਕ ਪ੍ਰਧਾਨ ਨਵਾਂਸ਼ਹਿਰ-2, ਕੁਲਵਰਨ ਸਿੰਘ ਬਲਾਕ ਪ੍ਰਧਾਨ ਬੰਗਾ, ਰਾਮਦਾਸ ਸਿੰਘ ਬਲਾਕ ਪ੍ਰਧਾਨ ਔੜ, ਜਿੰਦਰ ਕੁਮਾਰ ਪ੍ਰਧਾਨ ਐਸ ਸੀ ਸੈੱਲ, ਸੁਰਿੰਦਰ ਸ਼ਿੰਦਾ ਬੁਲਾਰਾ ਡੀ ਸੀ ਸੀ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।


Leave a Reply

Your email address will not be published. Required fields are marked *