ਸਨਾਤਨ ਧਰਮ ਸਭਾ (ਰਜਿ.) ਬਲਾਚੌਰ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਜਿਕ ਸਮਰਸਤਾ ਅਤੇ ਨਸ਼ਾ ਮੁਕਤੀ ਵਿਸ਼ੇ ‘ਤੇ ਵਿਸ਼ਾਲ ਸਮਾਗਮ ਆਯੋਜਿਤ


ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਟੌਂਸਾ ਵਿਖੇ ਡੇਰਾ ਬਾਬਾ ਸਰਵਣ ਦਾਸ ਜੀ ਬਾਉੜੀ ਸਾਹਿਬ ਦੇ ਗੱਦੀ ਨਸ਼ੀਨ ਸਵਾਮੀ ਦਿਆਲ ਦਾਸ ਜੀ ਮੁੱਖ ਮਹਿਮਾਨ ਅਤੇ ਪ੍ਰਸਿੱਧ ਚਿੰਤਕ ਕੁਲਦੀਪ ਅਗਨੀਹੋਤਰੀ ਮੁੱਖ ਬੁਲਾਰੇ ਵਜੋਂ ਪਹੁੰਚੇ, 31 ਪਿੰਡਾਂ ਦੇ ਪੰਚਾਂ-ਸਰਪੰਚਾਂ ਸਮੇਤ ਸੰਗਤਾਂ ਦਾ ਵੱਡਾ ਇਕੱਠ

ਬਲਾਚੌਰ, 27 ਸਤੰਬਰ (ਜਤਿੰਦਰਪਾਲ ਸਿੰਘ ਕਲੇਰ ) :

ਸਨਾਤਨ ਧਰਮ ਸਭਾ (ਰਜਿ.) ਬਲਾਚੌਰ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਵਿਸ਼ਾਲ ਅਤੇ ਪ੍ਰਭਾਵਸ਼ਾਲੀ ਸਮਾਗਮ ਸਮਾਜਿਕ ਸਮਰਸਤਾ ਅਤੇ ਨਸ਼ਾ ਮੁਕਤੀ ਵਿਸ਼ੇ ‘ਤੇ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਟੌਂਸਾ ਵਿਖੇ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ।

ਸਮਾਗਮ ਦੀ ਸ਼ੁਰੂਆਤ ਪ੍ਰਸਿੱਧ ਇਤਿਹਾਸਕਾਰ ਅਤੇ ਚਿੰਤਕ ਕੁਲਦੀਪ ਅਗਨੀਹੋਤਰੀ ਜੀ ਵੱਲੋਂ ਭਾਰਤ ਮਾਤਾ ਅੱਗੇ ਜੋਤੀ ਜਗਾ ਕੇ ਕੀਤੀ ਗਈ। ਸਭਾ ਦੇ ਜਨਰਲ ਸਕੱਤਰ ਪਰਮਜੀਤ ਰੱਤੇਵਾਲੀਆਂ ਨੇ ਬਾਖੂਬੀ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ।

ਇਸ ਵਿਸ਼ਾਲ ਸਮਾਗਮ ਵਿੱਚ ਡੇਰਾ ਬਾਬਾ ਸਰਵਣ ਦਾਸ ਜੀ ਬਾਉੜੀ ਸਾਹਿਬ ਦੇ ਗੱਦੀ ਨਸ਼ੀਨ ਸਵਾਮੀ ਦਿਆਲ ਦਾਸ ਜੀ ਮੁੱਖ ਮਹਿਮਾਨ ਵਜੋਂ ਅਤੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਰੀਜ਼ਨਲ ਸੈਂਟਰ ਧਰਮਸ਼ਾਲਾ ਦੇ ਨਿਰਦੇਸ਼ਕ ਕੁਲਦੀਪ ਅਗਨੀਹੋਤਰੀ ਜੀ ਮੁੱਖ ਬੁਲਾਰੇ ਵਜੋਂ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ।

ਸਭਾ ਦੇ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਸੁਰਿੰਦਰ ਪਨੇਸਰ, ਰਣਦੀਪ ਕੌਸ਼ਲ, ਪ੍ਰਦੀਪ ਨਾਗਪਾਲ, ਸੋਮਨਾਥ ਤਕਲਾ, ਅਮਰਜੀਤ ਸਿੰਘ ਅਤੇ ਸੁਰਜੀਤ ਕੋਹਲੀ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਦਾ ਸਰੋਪੇ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ।

ਇਸ ਮੌਕੇ ਇਲਾਕੇ ਦੇ ਲਗਭਗ 31 ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਪੰਚਾਂ-ਸਰਪੰਚਾਂ, ਧਾਰਮਿਕ ਨੁਮਾਇੰਦਿਆਂ ਅਤੇ ਸ਼ਰਧਾਲੂਆਂ ਨੇ ਭਾਗ ਲੈ ਕੇ ਸਮਾਗਮ ਦੀ ਸ਼ੋਭਾ ਵਧਾਈ।

ਆਪਣੇ ਪ੍ਰਭਾਵਸ਼ਾਲੀ ਸੰਬੋਧਨ ਵਿੱਚ ਮੁੱਖ ਬੁਲਾਰੇ ਕੁਲਦੀਪ ਅਗਨੀਹੋਤਰੀ ਜੀ ਨੇ ਗੁਰਬਾਣੀ ਅਤੇ ਵੱਖ-ਵੱਖ ਮਹਾਂਪੁਰਖਾਂ ਵੱਲੋਂ ਦਿੱਤੀਆਂ ਸਿੱਖਿਆਵਾਂ ਅਤੇ ਇਤਿਹਾਸਕ ਤੱਥਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤੀ ਸਮਾਜ ਵਿੱਚ ਜਾਤ-ਪਾਤ ਦੀ ਕੁਰੀਤੀ ਵਿਦੇਸ਼ੀ ਹਾਕਮਾਂ ਵੱਲੋਂ ਜਾਣ-ਬੁੱਝ ਕੇ ਪੈਦਾ ਕੀਤੀ ਗਈ ਸੀ ਤਾਂ ਜੋ ਭਾਰਤ ਨੂੰ ਵੰਡਿਆ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਭਾਰਤ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਲਈ ਜਾਤ-ਪਾਤ ਦੇ ਖਾਤਮੇ ਅਤੇ ਸਮਾਜਿਕ ਸਮਰਸਤਾ ਲਿਆਉਣ ਲਈ ਹਰ ਇੱਕ ਨੂੰ ਲਗਾਤਾਰ ਕੰਮ ਕਰਨਾ ਪਵੇਗਾ।

ਨਸ਼ਿਆਂ ਦੇ ਵੱਧ ਰਹੇ ਪ੍ਰਭਾਵਾਂ ‘ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨੂੰ ਰੋਕਣ ਲਈ ਸਿਰਫ਼ ਸਰਕਾਰੀ ਨੀਤੀਆਂ ਹੀ ਨਹੀਂ ਸਗੋਂ ਪਰਿਵਾਰਕ ਮੈਂਬਰਾਂ ਦਾ ਆਪਸੀ ਪਿਆਰ ਅਤੇ ਸਤਿਕਾਰ ਬਹੁਤ ਜ਼ਰੂਰੀ ਹੈ। ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਗੁਜ਼ਾਰਨ ਅਤੇ ਉਨ੍ਹਾਂ ਨੂੰ ਸਮਾਜਿਕ ਰੀਤੀ-ਰਿਵਾਜਾਂ, ਪਰੰਪਰਾਵਾਂ ਅਤੇ ਕਦਰਾਂ-ਕੀਮਤਾਂ ਬਾਰੇ ਜਾਣਕਾਰੀ ਦੇਣ ਤਾਂ ਜੋ ਬੱਚੇ ਨਸ਼ਿਆਂ ਵਰਗੀ ਭਿਆਨਕ ਅਲਾਮਤ ਤੋਂ ਬਚੇ ਰਹਿਣ।

ਇਸ ਮੌਕੇ ਸਵਾਮੀ ਦਿਆਲ ਦਾਸ ਜੀ ਨੇ ਆਪਣੇ ਅੰਮ੍ਰਿਤਮਈ ਪ੍ਰਵਚਨਾਂ ਨਾਲ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸਭ ਨੂੰ ਸਮਾਜ ਭਲਾਈ ਲਈ ਆਸ਼ੀਰਵਾਦ ਦਿੱਤਾ।

ਸਮਾਗਮ ਦੇ ਅੰਤ ਵਿੱਚ ਸਵਾਮੀ ਦਿਆਲ ਦਾਸ ਜੀ, ਕੁਲਦੀਪ ਅਗਨੀਹੋਤਰੀ ਜੀ ਅਤੇ ਸੁਰਿੰਦਰ ਪਨੇਸਰ ਵੱਲੋਂ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਆਏ ਪੰਚਾਂ-ਸਰਪੰਚਾਂ ਅਤੇ ਧਾਰਮਿਕ ਨੁਮਾਇੰਦਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਸੰਦੀਪ ਹਨੀ ਟੌਂਸਾ ਸੀਨੀਅਰ ਅਕਾਲੀ ਆਗੂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ, ਕ੍ਰਿਸ਼ਨ ਰਾਮ ਸਾਬਕਾ ਇੰਸਪੈਕਟਰ, ਮਾਸਟਰ ਬਲਦੇਵ ਸਿੰਘ, ਰਾਜ ਕੁਮਾਰ, ਪ੍ਰਦੀਪ ਰਾਣਾ, ਲਲਿਤ ਕੁਮਾਰ, ਵਿਸ਼ੂ ਰਾਣਾ, ਸੰਜੀਵ ਕੁਮਾਰ, ਅਰਿੰਦਰ ਸਿੰਘ, ਨਵੀਨ ਸੰਦੇਸ਼, ਮਾਸਟਰ ਹਰਵਿੰਦਰ ਪਾਲ, ਜਸਵਿੰਦਰ ਸਿੰਘ ਸੋਢੀ, ਮਹਿੰਦਰ ਪਾਲ ਚੇਅਰਮੈਨ, ਗਗਨਦੀਪ ਕੌਸ਼ਲ, ਮਾਸਟਰ ਅਨੂਪ ਕੁਮਾਰ, ਵਰਿੰਦਰ ਭੂੰਬਲਾ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜ਼ਰ ਸਨ।


Leave a Reply

Your email address will not be published. Required fields are marked *