– ਕਾਠਗੜ੍ਹ-ਮਾਲੇਵਾਲ ਰੋਡ ‘ਤੇ ਬਣੇ ਬੱਚਿਆਂ ਦੇ ਪਾਰਕ ਵਿੱਚ ਬਰਸਾਤਾਂ ਕਾਰਨ ਉੱਗਿਆ 2-2 ਫੁੱਟ ਲੰਬਾ ਘਾਹ ਅਤੇ ਸੱਪਾਂ ਦੇ ਡਰ ਕਾਰਨ ਬੱਚਿਆਂ ਦਾ ਖੇਡਣਾ ਹੋਇਆ ਸੀ ਮੁਸ਼ਕਲ, ਬਾਬਾ ਜੀ ਦੇ ਇਸ ਸ਼ਲਾਘਾਯੋਗ ਕਦਮ ਦੀ ਹਰ ਪਾਸੇ ਹੋ ਰਹੀ ਹੈ ਪ੍ਰਸ਼ੰਸਾ
ਨਵਾਂਸ਼ਹਿਰ /ਕਾਠਗੜ੍ਹ, 27 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ) :
ਕਾਠਗੜ੍ਹ-ਮਾਲੇਵਾਲ ਰੋਡ ‘ਤੇ ਬਣੇ ਬੱਚਿਆਂ ਦੇ ਪਾਰਕ ਦੀ ਖ਼ਸਤਾ ਹਾਲਤ ਨੂੰ ਦੇਖਦੇ ਹੋਏ ਅੱਜ ਇਲਾਕੇ ਦੇ ਪ੍ਰਸਿੱਧ ਸਮਾਜ ਸੇਵੀ ਅਤੇ ਖੇਡ ਪ੍ਰੇਮੀ ਸੇਵਾਦਾਰ ਸਾਈਂ ਕਾਲੇ ਸ਼ਾਹ ਜੀ ਨੇ ਇੱਕ ਬਹੁਤ ਹੀ ਸ਼ਲਾਘਾਯੋਗ ਅਤੇ ਪ੍ਰੇਰਨਾਦਾਇਕ ਕਦਮ ਚੁੱਕਿਆ ਹੈ, ਜਿਸ ਦੀ ਚਾਰੇ ਪਾਸੇ ਭਰਪੂਰ ਪ੍ਰਸ਼ੰਸਾ ਹੋ ਰਹੀ ਹੈ।
ਜਾਣਕਾਰੀ ਅਨੁਸਾਰ ਬਰਸਾਤਾਂ ਦੇ ਮੌਸਮ ਕਾਰਨ ਬੱਚਿਆਂ ਦੇ ਪਾਰਕ ਵਿੱਚ 2
-2 ਫੁੱਟ ਲੰਬਾ ਘਾਹ ਅਤੇ ਜੰਗਲੀ ਬੂਟੀ ਉੱਗ ਗਈ ਸੀ, ਜਿਸ ਕਾਰਨ ਬੱਚਿਆਂ ਨੂੰ ਖੇਡਣ ਅਤੇ ਪਾਰਕ ਵਿੱਚ ਜਾਣ ਲਈ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਬੱਚਿਆਂ ਦਾ ਕਹਿਣਾ ਸੀ ਕਿ ਕਈ ਵਾਰ ਇਸ ਵੱਡੇ ਘਾਹ ਵਿੱਚ ਸੱਪ ਅਤੇ ਹੋਰ ਜ਼ਹਿਰੀਲੇ ਜੀਵ ਵੀ ਦੇਖੇ ਗਏ ਹਨ, ਜਿਸ ਕਾਰਨ ਮਾਪਿਆਂ ਵਿੱਚ ਡਰ ਦਾ ਮਾਹੌਲ ਸੀ ਅਤੇ ਬੱਚੇ ਪਾਰਕ ਵਿੱਚ ਜਾਣ ਤੋਂ ਕਤਰਾ ਰਹੇ ਸਨ।
ਬੱਚਿਆਂ ਦੀ ਇਸ ਮੁਸ਼ਕਲ ਨੂੰ ਦੇਖਦੇ ਹੋਏ ਸੇਵਾਦਾਰ ਸਾਈਂ ਕਾਲੇ ਸ਼ਾਹ ਜੀ ਨੇ ਅੱਜ ਤਪਦੀ ਗਰਮੀ ਦੀ ਵੀ ਪ੍ਰਵਾਹ ਨਾ ਕਰਦੇ ਹੋਏ ਖ਼ੁਦ ਆਪਣੇ ਹੱਥੀਂ ਘਾਹ ਕੱਟਣ ਵਾਲੀ ਮਸ਼ੀਨ ਲੈ ਕੇ ਪਾਰਕ ਦੀ ਸਫ਼ਾਈ ਸੇਵਾ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਆਪਣੇ ਹੋਰ ਸੇਵਾਦਾਰ ਸਾਥੀਆਂ ਨਾਲ ਮਿਲ ਕੇ ਪੂਰੇ ਪਾਰਕ ਦੀ ਸਫ਼ਾਈ ਕੀਤੀ ਅਤੇ ਉਸ ਨੂੰ ਬੱਚਿਆਂ ਦੇ ਖੇਡਣ ਯੋਗ ਬਣਾਇਆ। ਬਾਬਾ ਜੀ ਵੱਲੋਂ ਕੀਤੀ ਗਈ ਇਸ ਨਿਸ਼ਕਾਮ ਸੇਵਾ ਨਾਲ ਬੱਚਿਆਂ ਦੇ ਚਿਹਰਿਆਂ ‘ਤੇ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਇਲਾਕਾ ਨਿਵਾਸੀਆਂ ਨੇ ਸਾਈਂ ਕਾਲੇ ਸ਼ਾਹ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਜ਼ਿਕਰਯੋਗ ਹੈ ਕਿ ਸੇਵਾਦਾਰ ਸਾਈਂ ਕਾਲੇ ਸ਼ਾਹ ਜੀ ਡੇਰਾ ਟਿੱਬੀ ਸਾਹਿਬ ਵਿਖੇ ਆਪਣਾ ਖਾੜਾ ਚਲਾਉਂਦੇ ਹਨ, ਜਿੱਥੇ ਉਹ ਛੋਟੀ ਉਮਰ ਤੋਂ ਲੈ ਕੇ ਵੱਡੇ ਨੌਜਵਾਨਾਂ ਨੂੰ ਕਬੱਡੀ ਅਤੇ ਹੋਰ ਖੇਡਾਂ ਦੀ ਮੁਫ਼ਤ ਟ੍ਰੇਨਿੰਗ ਦਿੰਦੇ ਹਨ। ਉਨ੍ਹਾਂ ਦਾ ਮੁੱਖ ਮਕਸਦ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨਾ ਅਤੇ ਨਸ਼ਿਆਂ ਵਰਗੀ ਭਿਆਨਕ ਦਲਦਲ ਤੋਂ ਦੂਰ ਰੱਖਣਾ ਹੈ। ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਵੀ ਉਨ੍ਹਾਂ ਵੱਲੋਂ ਸਮੇਂ-ਸਮੇਂ ‘ਤੇ ਅਜਿਹੇ ਉਪਰਾਲੇ ਕੀਤੇ ਜਾਂਦੇ ਹਨ।
ਇਲਾਕਾ ਨਿਵਾਸੀਆਂ ਨੇ ਕਿਹਾ ਕਿ ਸਾਈਂ ਕਾਲੇ ਸ਼ਾਹ ਜੀ ਵਰਗੇ ਮਹਾਂਪੁਰਸ਼ਾਂ ਦੀ ਅੱਜ ਸਮਾਜ ਨੂੰ ਬਹੁਤ ਲੋੜ ਹੈ, ਜੋ ਬਿਨਾਂ ਕਿਸੇ ਸਵਾਰਥ ਤੋਂ ਸਮਾਜ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਦੀ ਇਹ ਸੇਵਾ ਹੋਰ ਨੌਜਵਾਨਾਂ ਲਈ ਵੀ ਇੱਕ ਵੱਡੀ ਪ੍ਰੇਰਨਾ ਹੈ।













Leave a Reply