ਨਵਾਂਸ਼ਹਿਰ /ਕਾਠਗੜ੍ਹ, 26 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) :
ਪਿਤਰ ਪੱਖ ਅਤੇ ਪੂਰਨਮਾਸ਼ੀ ਦੇ ਪਵਿੱਤਰ ਮੌਕੇ ਤੇ ਸਵਾਮੀ ਗੰਗਾ ਨੰਦ ਜੀ ਮਹਾਰਾਜ ਭੂਰੀ ਵਾਲਿਆਂ ਦੇ ਪ੍ਰਸਿੱਧ ਅਧਿਆਤਮਿਕ ਅਸਥਾਨ ਸੱਤਲੋਕ ਧਾਮ, ਰੱਤੇਵਾਲ ਵਿਖੇ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਵਿਸ਼ੇਸ਼ ਕੈਂਪ ਹੋਮੀ ਭਾਭਾ ਕੈਂਸਰ ਹਸਪਤਾਲ, ਚੰਡੀਗੜ੍ਹ ਦੀ ਮਾਹਿਰ ਡਾਕਟਰਾਂ ਦੀ ਟੀਮ ਦੇ ਸਹਿਯੋਗ ਨਾਲ ਲਗਾਇਆ ਗਿਆ, ਜਿਸ ਦਾ ਮੁੱਖ ਮੰਤਵ ਲੋੜਵੰਦ ਮਰੀਜ਼ਾਂ ਲਈ ਖੂਨ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ ਸੀ।
ਪ੍ਰੋਗਰਾਮ ਦੀ ਸ਼ੁਰੂਆਤ ਸੱਤਲੋਕ ਧਾਮ ਦੇ ਗੱਦੀ ਨਸ਼ੀਨ ਸਵਾਮੀ ਕ੍ਰਿਸ਼ਨਾ ਨੰਦ ਜੀ ਮਹਾਰਾਜ ਅਤੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਸਾਂਝੇ ਤੌਰ ਤੇ ਕੀਤੀ।ਇਸ ਮੌਕੇ ਆਪਣੇ ਸੰਬੋਧਨ ਵਿੱਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਕਿਹਾ ਕਿ ਖੂਨਦਾਨ ਮਹਾਂਦਾਨ ਹੈ ਅਤੇ ਇਸ ਸੰਸਾਰ ਵਿੱਚ ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਖੂਨ ਦੀ ਇੱਕ ਯੂਨਿਟ ਕਈ ਜ਼ਿੰਦਗੀਆਂ ਬਚਾ ਸਕਦੀ ਹੈ, ਇਸ ਲਈ ਹਰ ਤੰਦਰੁਸਤ ਵਿਅਕਤੀ ਨੂੰ ਅੱਗੇ ਆ ਕੇ ਖੂਨਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਖੁਦ ਵੀ ਖੂਨਦਾਨ ਕਰਕੇ ਸਮਾਜ ਨੂੰ ਪ੍ਰੇਰਨਾ ਦਿੱਤੀ। ਉਨ੍ਹਾਂ ਇਸ ਪੁੰਨ ਦੇ ਕਾਰਜ ਲਈ ਸਵਾਮੀ ਕ੍ਰਿਸ਼ਨਾ ਨੰਦ ਜੀ ਮਹਾਰਾਜ ਅਤੇ ਸਮੁੱਚੀ ਪ੍ਰਬੰਧਕ ਕਮੇਟੀ ਦੀ ਸ਼ਲਾਘਾ ਕੀਤੀ।

ਸਵਾਮੀ ਕ੍ਰਿਸ਼ਨਾ ਨੰਦ ਜੀ ਮਹਾਰਾਜ ਨੇ ਕਿਹਾ ਕਿ ਸਵਾਮੀ ਗੰਗਾ ਨੰਦ ਜੀ ਮਹਾਰਾਜ ਨੇ ਹਮੇਸ਼ਾ ਹੀ ਗਊ-ਗਰੀਬ ਦੀ ਰੱਖਿਆ ਅਤੇ ਮਾਨਵਤਾ ਦੀ ਸੇਵਾ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਦੇ ਦਿਖਾਏ ਮਾਰਗ ਤੇ ਚਲਦਿਆਂ ਸੱਤਲੋਕ ਧਾਮ ਵਿਖੇ ਸਮੇਂ-ਸਮੇਂ ਤੇ ਅਜਿਹੇ ਸੇਵਾ ਕਾਰਜ ਕੀਤੇ ਜਾਂਦੇ ਹਨ। ਸੰਤ ਸਮਾਜ ਹਮੇਸ਼ਾ ਹੀ ਮਾਨਵ ਭਲਾਈ ਲਈ ਕੰਮ ਕਰਦਾ ਹੈ।ਇਹ ਖੂਨਦਾਨ ਕੈਂਪ ਸਵੇਰੇ 9 ਵਜੇ ਸ਼ੁਰੂ ਹੋ ਕੇ ਦੁਪਹਿਰ 1 ਵਜੇ ਤੱਕ ਚੱਲਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਅਤੇ ਸੇਵਾਦਾਰਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਸਵੈ-ਇੱਛਾ ਨਾਲ ਖੂਨਦਾਨ ਕੀਤਾ।
ਕੈਂਪ ਦੌਰਾਨ ਡਾਕਟਰਾਂ ਦੀ ਟੀਮ ਨੇ ਖੂਨਦਾਨੀਆਂ ਦੀ ਸਿਹਤ ਦੀ ਜਾਂਚ ਵੀ ਕੀਤੀ ਅਤੇ ਖੂਨਦਾਨ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਦੁਰਗੇਸ਼ ਜੰਡੀ, ਰਜਿੰਦਰ ਖਟਾਣਾ, ਵਿਜੇ ਖਟਾਣਾ, ਸੁੱਚਾ ਰਾਮ, ਅਸ਼ੋਕ ਨੰਬਰਦਾਰ, ਵਾਸਦੇਵ ਭੂੰਬਲਾ, ਸੁਖਦੇਵ ਖੇਪੜ, ਰਾਮ ਪਾਲ ਸਮੇਤ ਵੱਡੀ ਗਿਣਤੀ ਵਿੱਚ ਸੰਤ-ਮਹਾਂਪੁਰਸ਼, ਪੰਚ-ਸਰਪੰਚ, ਨੰਬਰਦਾਰ, ਬੁੱਧੀਜੀਵੀ ਅਤੇ ਇਲਾਕੇ ਦੀ ਸੰਗਤ ਮੌਜੂਦ ਰਹੀ।













Leave a Reply