ਨਵਾਂਸ਼ਹਿਰ /ਕਾਠਗੜ੍ਹ, 26 ਸਤੰਬਰ (ਜਤਿੰਦਰਪਾਲ ਸਿੰਘ ਕਲੇਰ ) :
ਰੋਪੜ੍ਹ -ਬਲਾਚੌਰ ਨੈਸ਼ਨਲ ਹਾਈਵੇ ਤੇ ਸਥਿਤ ਲੈਮਰੀਨ ਟੈਕਨੀਕਲ ਸਕਿੱਲ ਯੂਨੀਵਰਸਿਟੀ ਰੈਲਮਾਜਰਾ ਦੇ ਮੁੱਖ ਗੇਟ ਅੱਗੇ ਅੱਜ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਯੂਨੀਵਰਸਿਟੀ ਦੇ ਤਿੰਨ ਸਟਾਫ ਮੈਂਬਰਾਂ, ਜਿਨ੍ਹਾਂ ਵਿੱਚ ਦੋ ਮਹਿਲਾਵਾਂ ਵੀ ਸ਼ਾਮਿਲ ਹਨ, ਨੇ ਧਰਨਾ ਲਗਾ ਕੇ ਪ੍ਰਬੰਧਕਾਂ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਧਰਨੇ ਦੀ ਸੂਚਨਾ ਮਿਲਦਿਆਂ ਹੀ ਯੂਨੀਵਰਸਿਟੀ ਪ੍ਰਬੰਧਕਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ। ਖਬਰ ਮਿਲਦੇ ਹੀ ਨਜ਼ਦੀਕੀ ਪੁਲਿਸ ਚੌਂਕੀ ਦੇ ਇੰਚਾਰਜ ਸਿਕੰਦਰਪਾਲ ਸਿੰਘ ਅਤੇ ਥਾਣਾ ਮੁਖੀ ਕਾਠਗੜ੍ਹ ਇੰਸਪੈਕਟਰ ਕਮਲ ਤਨੇਜਾ ਆਪਣੀ ਟੀਮ ਸਮੇਤ ਮੌਕੇ ਤੇ ਪਹੁੰਚ ਗਏ। ਇਸ ਤੋਂ ਥੋੜ੍ਹੀ ਦੇਰ ਬਾਅਦ ਡੀਐਸਪੀ ਬਲਾਚੌਰ ਹੇਮੰਤ ਮਲਹੋਤਰਾ ਵੀ ਧਰਨਾ ਸਥਾਨ ਤੇ ਪੁੱਜ ਗਏ। ਉਨ੍ਹਾਂ ਨੇ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ਲਈ ਧਰਨਾਕਾਰੀਆਂ ਅਤੇ ਪ੍ਰਬੰਧਕਾਂ ਦੋਹਾਂ ਨਾਲ ਵੱਖ-ਵੱਖ ਤੌਰ ਤੇ ਗੱਲਬਾਤ ਕੀਤੀ ਅਤੇ ਤਿੰਨਾਂ ਸਟਾਫ ਕਰਮਚਾਰੀਆਂ ਨੂੰ ਗੇਟ ਛੱਡ ਕੇ ਸ਼ਾਂਤਮਈ ਤਰੀਕੇ ਨਾਲ ਧਰਨਾ ਪ੍ਰਦਰਸ਼ਨ ਕਰਨ ਦੀ ਸਲਾਹ ਦਿੱਤੀ।
– ਧਰਨਾਕਾਰੀਆਂ ਨੇ ਲਾਏ ਵੱਡੇ ਦੋਸ਼
ਧਰਨੇ ਤੇ ਬੈਠੇ ਸਟਾਫ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਧੱਕੇਸ਼ਾਹੀ ਨਾਲ ਨੌਕਰੀ ਤੋਂ ਕੱਢਿਆ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਯੂਨੀਵਰਸਿਟੀ ਦੇ ਤਿੰਨ-ਚਾਰ ਅਧਿਕਾਰੀਆਂ ਨੇ ਉਨ੍ਹਾਂ ਨਾਲ ਗਲਤ ਵਿਵਹਾਰ ਕਰਕੇ ਉਨ੍ਹਾਂ ਨੂੰ ਟਰਮੀਨੇਟ ਕਰ ਦਿੱਤਾ ਹੈ।
ਧਰਨਾਕਾਰੀਆਂ ਵਿੱਚੋਂ ਇੱਕ ਰਮਨ ਕੁਮਾਰ, ਜੋ ਕਿ ਪਹਿਲਾਂ ਚੰਗੇ ਅਹੁਦੇ ਤੇ ਰਹਿ ਚੁੱਕਾ ਹੈ, ਨੇ ਬਹੁਤ ਵੱਡਾ ਦੋਸ਼ ਲਗਾਉਂਦਿਆਂ ਕਿਹਾ ਕਿ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੀਆਂ ਡਿਗਰੀਆਂ ਨੂੰ ਲੈ ਕੇ ਵੱਡੇ ਪੱਧਰ ਤੇ ਹੇਰਾਫੇਰੀ ਕੀਤੀ ਜਾ ਰਹੀ ਹੈ।
ਮਹਿਲਾ ਸਟਾਫ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਵਿਭਾਗ ਬਦਲ ਕੇ ਉਨ੍ਹਾਂ ਦੀ ਤਨਖਾਹ ਘਟਾ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਨੌਕਰੀ ਛੱਡਣ ਲਈ ਮਜਬੂਰ ਕਰਨ ਦੇ ਮੰਤਵ ਨਾਲ ਜਾਣ-ਬੁੱਝ ਕੇ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਤਨਖਾਹ ਵੀ ਰੋਕੀ ਹੋਈ ਹੈ ਅਤੇ ਹੋਰ ਵੀ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਧਰਨਾਕਾਰੀਆਂ ਨੇ ਕਿਹਾ ਕਿ ਮਜਬੂਰੀ ਵੱਸ ਉਨ੍ਹਾਂ ਨੇ ਸਰਕਾਰ ਦਾ ਦਰਵਾਜ਼ਾ ਖੜਕਾਇਆ ਹੈ ਅਤੇ ਸਬੰਧਤ ਚਾਰੇ ਅਧਿਕਾਰੀਆਂ ਨੂੰ ਡਿਸਮਿਸ ਕਰਨ ਅਤੇ ਇਨਸਾਫ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਜਲਦੀ ਇਨਸਾਫ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਸੰਘਰਸ਼ ਨੂੰ ਹੋਰ ਵੱਡੇ ਪੱਧਰ ਤੇ ਲਿਜਾਇਆ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਯੂਨੀਵਰਸਿਟੀ ਪ੍ਰਬੰਧਕਾਂ ਅਤੇ ਪ੍ਰਸ਼ਾਸਨ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਨਸਾਫ ਨਹੀਂ ਮਿਲਦਾ, ਉਦੋਂ ਤੱਕ ਸ਼ਾਂਤਮਈ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ।

– ਕੀ ਕਹਿਣਾ ਹੈ ਯੂਨੀਵਰਸਿਟੀ ਪ੍ਰਬੰਧਕਾਂ ਦਾ
ਜਦੋਂ ਇਸ ਸਬੰਧੀ ਯੂਨੀਵਰਸਿਟੀ ਦੇ ਚਾਰੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵਿੱਚੋਂ ਦੋ ਅਧਿਕਾਰੀ ਮੌਕੇ ਤੇ ਮੌਜੂਦ ਸਨ, ਜਦਕਿ ਦੋ ਅਧਿਕਾਰੀ ਕਿਸੇ ਕੰਮ ਲਈ ਡਿਊਟੀ ਤੇ ਹਾਜ਼ਰ ਨਹੀਂ ਸਨ। ਮੌਜੂਦ ਅਧਿਕਾਰੀਆਂ ਵਿੱਚ ਏ.ਐਸ. ਚਾਵਲਾ ਜੋ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹਨ ਅਤੇ ਬੀ.ਐਸ. ਸਤਿਆਲ ਜੋ ਕਿ ਸਹਾਇਕ ਚਾਂਸਲਰ ਹਨ, ਨੇ ਦੱਸਿਆ ਕਿ ਦੋ ਸਟਾਫ ਮੈਂਬਰ ਖੁਦ ਨੌਕਰੀ ਛੱਡ ਕੇ ਗਏ ਹਨ ਅਤੇ ਤੀਜੇ ਨੂੰ ਯੂਨੀਵਰਸਿਟੀ ਦੀਆਂ ਗਤੀਵਿਧੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਟਰਮੀਨੇਟ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਧਰਨਾਕਾਰੀਆਂ ਵੱਲੋਂ ਲਗਾਏ ਜਾ ਰਹੇ ਸਾਰੇ ਦੋਸ਼ ਗਲਤ ਅਤੇ ਬੇ-ਬੁਨਿਆਦ ਹਨ, ਅਸੀਂ ਇਨ੍ਹਾਂ ਨੂੰ ਸਿਰੇ ਤੋਂ ਖਾਰਜ ਕਰਦੇ ਹਾਂ। ਡਿਗਰੀਆਂ ਦੀ ਹੇਰਾਫੇਰੀ ਦੇ ਦੋਸ਼ ਤੇ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੀਆਂ ਡਿਗਰੀਆਂ ਦਾ ਪਹਿਲਾ ਬੈਚ ਅਜੇ 2027 ਵਿੱਚ ਜਾਰੀ ਹੋਣਾ ਹੈ, ਤਾਂ ਹੇਰਾਫੇਰੀ ਕਿਵੇਂ ਹੋ ਸਕਦੀ ਹੈ।













Leave a Reply