ਬਲਾਚੌਰ, 18 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) :
ਨੈਸ਼ਨਲ ਹਾਈਵੇ ਤੇ ਵੱਧ ਰਹੇ ਹਾਦਸਿਆਂ ਨੂੰ ਲੈ ਕੇ ਡੀ.ਐਸ.ਪੀ. ਬਲਾਚੌਰ ਹੇਮੰਤ ਮਲਹੋਤਰਾ ਨੇ ਨੈਸ਼ਨਲ ਹਾਈਵੇ ਦੇ ਨਾਲ ਲੱਗਦੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਮੋਹਤਬਰ ਸ਼ਖ਼ਸੀਅਤਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਨੌਜਵਾਨ ਜਾਂ ਆਮ ਨਾਗਰਿਕ ਨੈਸ਼ਨਲ ਹਾਈਵੇ ਅਤੇ ਸਰਵਿਸ ਰੋਡ ’ਤੇ ਦੌੜ ਜਾਂ ਸੈਰ ਕਰਦੇ ਹਨ, ਉਨ੍ਹਾਂ ਨੂੰ ਸਮਝਾਇਆ ਜਾਵੇ ਕਿ ਪਿੰਡਾਂ ਵਿੱਚ ਗਰਾਊਂਡਾਂ ਅਤੇ ਹੋਰ ਖੁੱਲ੍ਹੀਆਂ ਥਾਵਾਂ ਮੌਜੂਦ ਹਨ, ਉੱਥੇ ਹੀ ਆਪਣੀਆਂ ਸਰੀਰਕ ਗਤੀਵਿਧੀਆਂ ਕਰਨ। ਡੀ.ਐਸ.ਪੀ. ਨੇ ਕਿਹਾ ਕਿ ਹਾਈਵੇ ’ਤੇ ਦੌੜਨਾ ਆਪਣੀ ਜਾਨ ਨੂੰ ਖਤਰੇ ਵਿੱਚ ਪਾਉਣ ਦੇ ਬਰਾਬਰ ਹੈ। ਇਸ ਦੀ ਤਾਜ਼ਾ ਅਤੇ ਬੇਹੱਦ ਦੁਖਦਾਈ ਮਿਸਾਲ ਪਿੰਡ ਰੈਲਮਾਜਰਾ ਦੇ ਨੌਜਵਾਨ ਲਵਪ੍ਰੀਤ ਸਿੰਘ ਪੁੱਤਰ ਜਸਵੀਰ ਸਿੰਘ ਦੀ ਹੈ, ਜੋ ਆਪਣਾ ਅਤੇ ਆਪਣੇ ਪਰਿਵਾਰ ਦਾ ਭਵਿੱਖ ਬਣਾਉਣ ਲਈ ਸਰਵਿਸ ਰੋਡ ’ਤੇ ਦੌੜ ਕੇ ਫੌਜੀ ਬਣਨ ਦਾ ਸੁਪਨਾ ਦੇਖ ਰਿਹਾ ਸੀ, ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਉਹ ਚੜ੍ਹਦੀ ਜਵਾਨੀ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਦੱਸਿਆ ਜਾ ਰਿਹਾ ਹੈ ਕਿ ਲਵਪ੍ਰੀਤ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ, ਜਿਸ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਇਸ ਸੰਬੰਧੀ ਥਾਣਾ ਕਾਠਗੜ੍ਹ ਦੇ ਐਸ.ਐਚ.ਓ. ਇੰਸਪੈਕਟਰ ਕਮਲ ਤਨੇਜਾ ਅਤੇ ਚੌਕੀ ਇੰਚਾਰਜ ਸਿਕੰਦਰ ਪਾਲ ਨੇ ਵੀ ਇਸ ਮਸਲੇ ਨੂੰ ਬਹੁਤ ਗੰਭੀਰ ਦੱਸਦਿਆਂ ਕਿਹਾ ਕਿ ਇਹ ਬਹੁਤ ਜ਼ਰੂਰੀ ਮੁੱਦਾ ਹੈ ਅਤੇ ਇਸ ਨੂੰ ਗੰਭੀਰਤਾ ਨਾਲ ਸਮਝਣਾ ਸਾਡੇ ਸਾਰੇ ਇਲਾਕਾ ਨਿਵਾਸੀਆਂ ਦਾ ਫਰਜ਼ ਬਣਦਾ ਹੈ ਤਾਂ ਜੋ ਭਵਿੱਖ ਵਿੱਚ ਅਜਿਹੇ ਦੁਖਦਾਈ ਹਾਦਸਿਆਂ ਨੂੰ ਰੋਕਿਆ ਜਾ ਸਕੇ।













Leave a Reply