ਬਲਾਚੌਰ, 18 ਸਤੰਬਰ (ਜਤਿੰਦਰਪਾਲ ਸਿੰਘ ਕਲੇਰ):
ਕੇਂਦਰ ਸਰਕਾਰ ਦੀ ਨਸ਼ਿਆਂ ਵਿਰੋਧੀ ਏਜੰਸੀ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਨੇ ਦੇਸ਼ ਦੀ ਗੰਭੀਰ ਤਸਵੀਰ ਪੇਸ਼ ਕੀਤੀ ਹੈ, ਜਿਸ ਮੁਤਾਬਕ ਦੇਸ਼ ਦੇ 272 ਜ਼ਿਲ੍ਹੇ ਮਾਰੂ ਨਸ਼ਿਆਂ ਦੀ ਲਪੇਟ ਵਿੱਚ ਹਨ ਅਤੇ ਇਸ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਰਿਪੋਰਟ ਮੁਤਾਬਕ ਪੰਜਾਬ ਦੇ ਛੇ ਜ਼ਿਲ੍ਹਿਆਂ ਵਿੱਚ ਹਾਲਾਤ ਬੇਹੱਦ ਗੰਭੀਰ ਹਨ। ਉਨ੍ਹਾਂ ਦੋਸ਼ ਲਾਇਆ ਕਿ ਦੇਸੀ ਅਤੇ ਵਿਦੇਸ਼ੀ ਮਾਫੀਆ ਵੱਲੋਂ ਚਲਾਏ ਜਾ ਰਹੇ ਨਸ਼ੇ ਦੇ ਧੰਦੇ ਵਿੱਚ ਸਰਕਾਰੀ ਅਧਿਕਾਰੀਆਂ ਅਤੇ ਰਾਜ ਕਰਦੀਆਂ ਪਾਰਟੀਆਂ ਦੀ ਸਿੱਧੀ ਹਿੱਸੇਦਾਰੀ ਹੈ, ਇਸ ਲਈ ਦੇਸ਼ ਦੇ ਲੋਕਾਂ ਨੂੰ ਇਸ ਮਾਰੂ ਹਮਲੇ ਦਾ ਟਾਕਰਾ ਕਰਨ ਲਈ ਵੱਡੇ ਜਨ ਅੰਦੋਲਨ ਦੀ ਲੋੜ ਹੈ, ਨਹੀਂ ਤਾਂ ਇਹ ਦੇਸ਼ ਦੇ ਭਵਿੱਖ ਦਾ ਵੱਡਾ ਨੁਕਸਾਨ ਕਰੇਗਾ। ਉਨ੍ਹਾਂ ਕਿਹਾ ਕਿ ਸਰਕਾਰਾਂ ਵਿਦਿਆ ਅਤੇ ਰੁਜ਼ਗਾਰ ਦੇਣ ਤੋਂ ਅਸਮਰੱਥ ਹਨ, ਜਿਸ ਕਾਰਨ ਮਾਰੂ ਨਸ਼ੇ ਕੌੜੀ ਵੇਲ ਵਾਂਗ ਵਧ ਰਹੇ ਹਨ।
ਪੰਜਾਬ ਦਾ ਜ਼ਿਕਰ ਕਰਦਿਆਂ ਸਾਥੀ ਰਾਣਾ ਨੇ ਦੱਸਿਆ ਕਿ ਮਾਰੂ ਨਸ਼ਿਆਂ ਨੇ ਪਿਛਲੇ 20 ਸਾਲਾਂ ਦੌਰਾਨ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਡੰਗਿਆ ਹੈ ਅਤੇ ਇਹ ਸਿਲਸਿਲਾ ਲਗਾਤਾਰ ਵੱਧ ਰਿਹਾ ਹੈ। 2007 ਤੋਂ 2017 ਤੱਕ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੀ ਸਾਂਝੀ ਸਰਕਾਰ ਵੇਲੇ ਮਾਰੂ ਨਸ਼ਿਆਂ ਦੀ ਬਿਮਾਰੀ ਨੇ ਤੇਜ਼ੀ ਫੜੀ ਸੀ, ਪਰ ਇਨ੍ਹਾਂ ਹੁਕਮਰਾਨਾਂ ਨੇ ਸਵੀਕਾਰ ਹੀ ਨਹੀਂ ਕੀਤਾ ਸੀ ਕਿ ਪੰਜਾਬ ਵਿੱਚ ਮਾਰੂ ਨਸ਼ਿਆਂ ਦਾ ਵਾਧਾ ਹੋ ਰਿਹਾ ਹੈ। ਇਸ ਤੋਂ ਬਾਅਦ ਲੋਕਾਂ ਨੇ ਰਾਜ ਕਾਂਗਰਸ ਪਾਰਟੀ ਨੂੰ ਸੰਭਾਲਿਆ ਕਿਉਂਕਿ ਉਨ੍ਹਾਂ ਨੇ ਚਾਰ ਹਫਤੇ ਵਿੱਚ ਮਾਰੂ ਨਸ਼ੇ ਖਤਮ ਕਰਨ ਦਾ ਵਾਅਦਾ ਕੀਤਾ ਸੀ। ਪੰਜਾਬ ਦੇ ਅੱਜ ਦੇ ਹੁਕਮਰਾਨਾਂ ਨੇ ਵੀ ਮਾਰੂ ਨਸ਼ੇ ਨੂੰ ਚਾਰ ਮਹੀਨੇ ਵਿੱਚ ਖਤਮ ਕਰਨ ਦਾ ਵਾਅਦਾ ਕੀਤਾ ਸੀ, ਜੋ ਸਿਰੇ ਨਹੀਂ ਚੜ੍ਹਿਆ ਅਤੇ ਪਹਿਲਾਂ ਵਾਂਗ ਅੱਜ ਵੀ ਪੰਜਾਬ ਦੀਆਂ ਮਾਵਾਂ ਦੀਆਂ ਗੋਦਾਂ ਸੱਖਣੀਆਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਵੀ ਇਹੀ ਹਾਕਮ ਧਿਰ ਮਾਰੂ ਨਸ਼ਿਆਂ ਨੂੰ ਖਤਮ ਕਰਨ ਦੇ ਨਾਂ ’ਤੇ ਵੱਖ-ਵੱਖ ਤਰੀਕਿਆਂ ਨਾਲ ਲੋਕਾਂ ਨਾਲ ਝੂਠ ਬੋਲੇਗੀ। ਉਨ੍ਹਾਂ ਅੱਗੇ ਕਿਹਾ ਕਿ ਭਾਵੇਂ ਮਾਰੂ ਨਸ਼ਾ ਦੁਨੀਆ ਪੱਧਰ ਦੇ ਗੈਰ-ਕਾਨੂੰਨੀ ਵਪਾਰ ਦਾ ਹਿੱਸਾ ਹੈ ਅਤੇ ਇਹ ਸਾਡੇ ਦੇਸ਼ ਵਿੱਚ ਅਧਿਕਾਰੀਆਂ, ਮਾਫੀਆ ਅਤੇ ਰਾਜ ਕਰਦੀਆਂ ਧਿਰਾਂ ਦੇ ਗਠਜੋੜ ਦਾ ਸਿੱਟਾ ਹੈ, ਕਿਉਂਕਿ ਜਿੱਥੇ ਪੰਜਾਬ ਸਰਕਾਰ ਨਸ਼ਿਆਂ ਨੂੰ ਰੋਕਣ ਵਿੱਚ ਅਸਮਰੱਥ ਹੈ, ਉੱਥੇ ਹੀ ਕੇਂਦਰ ਸਰਕਾਰ ਵੀ ਇਸ ਲਈ ਜ਼ਿੰਮੇਵਾਰ ਹੈ, ਫੇਰ ਵੀ ਲੋਕ ਇਸ ਨੂੰ ਰੋਕ ਸਕਦੇ ਹਨ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਮਾਰੂ ਨਸ਼ਿਆਂ ਵਿਰੁੱਧ ਚੱਲ ਰਹੇ ਜਨ ਅੰਦੋਲਨ ਨੂੰ ਹੋਰ ਵਿਸ਼ਾਲ ਕਰਨ ਤਾਂ ਜੋ ਇਸ ਬਿਮਾਰੀ ਨੂੰ ਪੁੱਠਾ ਗੇੜਾ ਦਿੱਤਾ ਜਾ ਸਕੇ, ਕਿਉਂਕਿ ਹਕੂਮਤ ਕਰਨ ਵਾਲੇ ਲੋਕਾਂ ’ਤੇ ਕੋਈ ਵਿਸ਼ਵਾਸ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਬਾਰਡਰ ਏਰੀਏ ਦੇ 50 ਕਿਲੋਮੀਟਰ ਤੱਕ ਕੇਂਦਰੀ ਬਲਾਂ ਦੀ ਜ਼ਿੰਮੇਵਾਰੀ ਹੈ, ਉਸ ਤੋਂ ਬਾਅਦ ਪੰਜਾਬ ਸਰਕਾਰ ਆਉਂਦੀ ਹੈ। ਇਸ ਮੌਕੇ ਉਨ੍ਹਾਂ ਨਾਲ ਪ੍ਰੇਮ ਸਿੰਘ ਸਾਬਕਾ ਸਰਪੰਚ, ਤਰਲੋਕ ਸਿੰਘ ਅਤੇ ਭਜਨ ਸਿੰਘ ਵੀ ਹਾਜ਼ਰ ਸਨ।













Leave a Reply