ਨਵਾਂਸ਼ਹਿਰ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਵਿਸ਼ੇਸ਼ ਇਕੱਤਰਤਾ, ਸਮਾਜ ਸੇਵੀ ਕਾਰਜਾਂ ਨੂੰ ਵਧਾਉਣ ਦਾ ਲਿਆ ਪ੍ਰਣ


ਨਵਾਂਸ਼ਹਿਰ, (ਜਤਿੰਦਰਪਾਲ ਸਿੰਘ ਕਲੇਰ) :

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਰੂਪਨਗਰ–ਸ਼ਹੀਦ ਭਗਤ ਸਿੰਘ ਨਗਰ ਜ਼ੋਨ ਦੇ ਨਵਾਂਸ਼ਹਿਰ ਖੇਤਰ ਦੀ ਵਿਸ਼ੇਸ਼ ਇਕੱਤਰਤਾ ਗੁਰਦੁਆਰਾ ਸਿੰਘ ਸਭਾ ਚੰਡੀਗੜ੍ਹ ਚੌਂਕ ਨਵਾਂਸ਼ਹਿਰ ਵਿਖੇ ਹੋਈ। ਇਸ ਮੌਕੇ ਜ਼ੋਨਲ ਸਕੱਤਰ ਮਨਦੀਪ ਸਿੰਘ ਅਨੰਦਪੁਰੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਵਿਚਾਰਧਾਰਾ, ਉਦੇਸ਼ਾਂ ਅਤੇ ਜਥੇਬੰਦੀ ਵੱਲੋਂ ਸਮਾਜ ਅੰਦਰ ਕੀਤੇ ਜਾ ਰਹੇ ਵੱਖ-ਵੱਖ ਕਾਰਜਾਂ ਬਾਰੇ ਵਿਸਤਾਰ ਸਹਿਤ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੈਤਿਕ ਸਿੱਖਿਆ ਇਮਤਿਹਾਨ, ‘ਘਰ-ਘਰ ਅੰਦਰ ਧਰਮਸਾਲ’, ਸ਼ਖ਼ਸੀਅਤ ਉਸਾਰੀ ਕੈਂਪ, ਗੁਰਮਤਿ ਕਿਆਰੀਆਂ, ਪਰਿਵਾਰ ਜੋੜੋ ਮੁਹਿੰਮ, ਕੇਸ ਪਿਆਰ ਮੁਹਿੰਮ, ਨਸ਼ਿਆਂ ਵਿਰੁੱਧ ਮੁਹਿੰਮ, ਗਿਆਨ ਅੰਜਨ ਸਮਰ ਕੈਂਪ ਅਤੇ ਮੋਦੀਖਾਨੇ ਸਮੇਤ ਵੱਖ-ਵੱਖ ਗਤੀਵਿਧੀਆਂ ਦੇ ਉਦੇਸ਼ ਅਤੇ ਸਮਾਜ ਉੱਤੇ ਪੈ ਰਹੇ ਪ੍ਰਭਾਵ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ।

ਇਕੱਤਰਤਾ ਦੌਰਾਨ ਡਾ. ਕਸ਼ਮੀਰ ਸਿੰਘ ਸੁੱਜੋਵਾਲ, ਰਿਟਾਇਰਡ ਡੀ.ਐਸ.ਪੀ ਦੀਦਾਰ ਸਿੰਘ ਗਹੂੰਣ, ਬੀਰ ਕੁਲਵਿੰਦਰ ਸਿੰਘ ਸੁੱਧਾ ਮਾਜਰਾ ਕਥਾਵਾਚਕ, ਦਲਵਿੰਦਰ ਸਿੰਘ ਨੂਰਪੁਰ ਬੇਦੀ, ਸਿਮਰਪ੍ਰੀਤ ਸਿੰਘ ਨਵਾਂਸ਼ਹਿਰ, ਹਰਸਿਮਰਨਜੀਤ ਸਿੰਘ ਗ੍ਰੰਥੀ ਗੁਰਦੁਆਰਾ ਸਭਾ ਮਾਣੇਵਾਲ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਬੁਲਾਰਿਆਂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ, ਸਮਾਜਿਕ ਬੁਰਾਈਆਂ ਅਤੇ ਨੈਤਿਕ ਕਦਰਾਂ-ਕੀਮਤਾਂ ਤੋਂ ਦੂਰ ਹੁੰਦੇ ਰੁਝਾਨ ਤੋਂ ਬਚਾਉਣ ਲਈ ਅਜਿਹੇ ਉਸਾਰੂ, ਗੁਰਮਤਿ ਆਧਾਰਿਤ ਅਤੇ ਸਮਾਜ-ਸੇਵੀ ਕਾਰਜਾਂ ਦੀ ਬਹੁਤ ਜ਼ਿਆਦਾ ਲੋੜ ਹੈ। ਹਾਜ਼ਰ ਮੈਂਬਰਾਂ ਨੇ ਜਥੇਬੰਦੀ ਦੇ ਕਾਰਜਾਂ ਨੂੰ ਹੋਰ ਵਿਸ਼ਾਲ ਪੱਧਰ ‘ਤੇ ਪਹੁੰਚਾਉਣ ਅਤੇ ਵੱਧ ਤੋਂ ਵੱਧ ਨੌਜਵਾਨਾਂ ਤੇ ਪਰਿਵਾਰਾਂ ਨੂੰ ਇਨ੍ਹਾਂ ਗਤੀਵਿਧੀਆਂ ਨਾਲ ਜੋੜਨ ਲਈ ਪੂਰਨ ਸਹਿਯੋਗ ਦੇਣ ਦਾ ਭਰੋਸਾ ਵੀ ਪ੍ਰਗਟ ਕੀਤਾ।


Leave a Reply

Your email address will not be published. Required fields are marked *