ਬਲਾਚੌਰ ਦੀ ਸਿਆਸਤ ’ਚ ਅਜੇ ਵੀ ਚੱਲਦੀ ਹੈ ਚੌਧਰੀ ਨੰਦ ਲਾਲ ਦੀ ਤੂਤੀ


– ਪੋਤਰੇ ਰਮਨ ਨੰਦ ਲਾਲ ਦਾ ਵੱਡਾ ਬਿਆਨ, ਕਿਹਾ ਜਲਦ ਹੀ ਕਰਾਂਗਾ ਵੱਡੀ ਪ੍ਰੈੱਸ ਕਾਨਫਰੰਸ ’ਚ ਸਾਰੀ ਸਥਿਤੀ ਸਾਫ

– ਗਰੀਬਾਂ ਦੇ ਮਸੀਹਾ, ਅਕਾਲੀ ਦਲ ਦੇ ਨਿੱਡਰ ਸਿਪਾਹੀ ਅਤੇ ਬਾਦਲ ਪਰਿਵਾਰ ਦੇ ਸਭ ਤੋਂ ਕਰੀਬੀ ਸਾਥੀ ਵਜੋਂ ਜਾਣੇ ਜਾਂਦੇ ਸਨ ਚਾਰ ਵਾਰ ਦੇ ਵਿਧਾਇਕ ਚੌਧਰੀ ਨੰਦ ਲਾਲ

ਬਲਾਚੌਰ, 15 ਸਤੰਬਰ (ਜਤਿੰਦਰਪਾਲ ਸਿੰਘ ਕਲੇਰ):

ਬਲਾਚੌਰ ਹਲਕੇ ਦੀ ਸਿਆਸਤ ’ਚ ਇੱਕ ਅਜਿਹਾ ਨਾਮ, ਜਿਸ ਦੀ ਤੂਤੀ ਅੱਜ ਵੀ ਬੋਲਦੀ ਹੈ ਅਤੇ ਜੋ ਹਰ ਦਿਲ ’ਚ ਵੱਸਦਾ ਹੈ, ਉਹ ਹੈ ਚਾਰ ਵਾਰ ਵਿਧਾਇਕ ਰਹੇ ਸਵਰਗੀ ਚੌਧਰੀ ਨੰਦ ਲਾਲ ਜੀ ਦਾ। ਉਨ੍ਹਾਂ ਦੇ ਪੋਤਰੇ ਰਮਨ ਨੰਦ ਲਾਲ ਨੇ ਵਿਸ਼ੇਸ਼ ਗੱਲਬਾਤ ਦੌਰਾਨ ਤਿੱਖੇ ਸ਼ਬਦਾਂ ’ਚ ਕਿਹਾ ਕਿ ਅਜਿਹੇ ਸੁਝਵਾਨ, ਨਿਮਰ ਅਤੇ ਲੋਕਾਂ ਦੇ ਦੁੱਖ-ਸੁੱਖ ’ਚ ਸਾਥ ਦੇਣ ਵਾਲੇ ਲੀਡਰ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਨੂੰ ਅਣਗੌਲਿਆਂ ਕਰਨਾ ਚਾਹੀਦਾ ਹੈ। ਉਨ੍ਹਾਂ ਐਲਾਨ ਕੀਤਾ ਕਿ ਉਨ੍ਹਾਂ ਵੱਲੋਂ ਜਲਦ ਹੀ ਪ੍ਰੈੱਸ ਕਾਨਫਰੰਸ ਕਰਕੇ ਸਾਰੀ ਸਥਿਤੀ ਸਾਫ਼ ਕਰ ਦਿੱਤੀ ਜਾਵੇਗੀ।

– 9ਵੀਂ ਤੋਂ ਬਾਅਦ ਮਜ਼ਦੂਰੀ ਤੋਂ ਚਾਰ ਵਾਰ ਵਿਧਾਇਕ ਤੱਕ ਦਾ ਸਫ਼ਰ

ਰਮਨ ਨੰਦ ਲਾਲ ਨੇ ਦਾਦਾ ਜੀ ਦੀ ਜੀਵਨੀ ’ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਚੌਧਰੀ ਨੰਦ ਲਾਲ ਜੀ ਦਾ ਜਨਮ 10 ਅਕਤੂਬਰ 1946 ਨੂੰ ਪਿੰਡ ਕਰੀਮਪੁਰ ਧਿਆਨੀ ਵਿਖੇ ਪਿਤਾ ਚੌਧਰੀ ਲਛਮਣ ਦਾਸ ਬਜਾੜ ਦੇ ਘਰ ਹੋਇਆ ਸੀ। ਬਹੁਤ ਛੋਟੀ ਉਮਰ ’ਚ ਪਿਤਾ ਦੇ ਦੇਹਾਂਤ ਤੋਂ ਬਾਅਦ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਉਨ੍ਹਾਂ ਦੇ ਮੋਢਿਆਂ ’ਤੇ ਆ ਗਈ। ਘਰ ਦੀ ਆਰਥਿਕ ਤੰਗੀ ਕਾਰਨ ਉਨ੍ਹਾਂ ਨੇ 9ਵੀਂ ਜਮਾਤ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਅਤੇ ਮੰਡੀਆਂ ’ਚ ਮਜ਼ਦੂਰੀ ਕੀਤੀ, ਬਾਅਦ ’ਚ ਆਪਣੀ ਮਿਹਨਤ ਸਦਕਾ ਠੇਕੇਦਾਰੀ ਦਾ ਕੰਮ ਸ਼ੁਰੂ ਕੀਤਾ ਅਤੇ ਆਪਣਾ ਵੱਖਰਾ ਮੁਕਾਮ ਬਣਾਇਆ।

– ਛੋਟੀ ਉਮਰ ’ਚ ਸਰਪੰਚ, 15 ਸਾਲ ਕੀਤਾ ਰਾਜ

ਉਨ੍ਹਾਂ ਦੱਸਿਆ ਕਿ ਸਮਾਜ ਸੇਵਾ ਦੀ ਭਾਵਨਾ ਕਾਰਨ ਉਹ ਬਹੁਤ ਛੋਟੀ ਉਮਰ ’ਚ ਹੀ ਪਿੰਡ ਦੇ ਸਰਪੰਚ ਬਣ ਗਏ ਸਨ। ਸਾਲ 1983 ’ਚ ਉਹ ਆਪਣੇ ਪਿੰਡ ਦੇ ਸਰਬਸੰਮਤੀ ਨਾਲ ਸਰਪੰਚ ਚੁਣੇ ਗਏ ਅਤੇ ਲਗਭਗ 15 ਸਾਲ ਤੱਕ ਸਰਪੰਚ ਦੇ ਅਹੁੱਦੇ ’ਤੇ ਰਹਿ ਕੇ ਪਿੰਡ ਦਾ ਚਹੁੰ-ਪਾਸਾ ਵਿਕਾਸ ਕਰਵਾਇਆ। ਇਸ ਦੌਰਾਨ ਉਹ ਹੁਸ਼ਿਆਰਪੁਰ ਪਲੈਨਿੰਗ ਬੋਰਡ ਦੇ ਮੈਂਬਰ ਵੀ ਨਿਯੁਕਤ ਹੋਏ।

– 20 ਸਾਲ ਬਲਾਚੌਰ ’ਤੇ ਰਾਜ, ਬਾਦਲ ਸਾਹਿਬ ਦੇ ਸਭ ਤੋਂ ਕਰੀਬੀ

ਸਿਆਸੀ ਸਫ਼ਰ ਬਾਰੇ ਦੱਸਦਿਆਂ ਰਮਨ ਨੇ ਕਿਹਾ ਕਿ ਦਾਦਾ ਜੀ ਨੇ ਪਹਿਲੀ ਵਾਰ 1992 ’ਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਅਤੇ ਦੂਜੇ ਸਥਾਨ ’ਤੇ ਰਹੇ। ਫਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਉਨ੍ਹਾਂ ’ਤੇ ਭਰੋਸਾ ਜਤਾਇਆ ਅਤੇ 1997, 2002, 2007 ਅਤੇ 2012 ’ਚ ਲਗਾਤਾਰ ਚਾਰ ਵਾਰ ਵਿਧਾਇਕ ਬਣ ਕੇ ਉਨ੍ਹਾਂ ਨੇ 20 ਸਾਲ ਤੱਕ ਬਲਾਚੌਰ ਹਲਕੇ ਦੀ ਨੁਮਾਇੰਦਗੀ ਕੀਤੀ। ਉਹ ਪੰਜਾਬ ਸਰਕਾਰ ’ਚ ਚੀਫ਼ ਪਾਰਲੀਮਾਨੀ ਸਕੱਤਰ ਵੀ ਰਹੇ। ਉਨ੍ਹਾਂ ਨੂੰ ਇੱਕ ਪ੍ਰਮੁੱਖ ਗੁੱਜਰ ਆਗੂ ਵਜੋਂ ਜਾਣਿਆ ਜਾਂਦਾ ਸੀ ਅਤੇ ਬਲਾਚੌਰ ਇਲਾਕੇ ’ਚ ਉਨ੍ਹਾਂ ਦੀ ਮਜ਼ਬੂਤ ਪਕੜ ਸੀ। ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਫ਼ਾਦਾਰ ਅਤੇ ਨਿੱਡਰ ਸਿਪਾਹੀ ਸਨ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਦੇ ਬਹੁਤ ਨਜ਼ਦੀਕੀ ਸਾਥੀ ਮੰਨੇ ਜਾਂਦੇ ਸਨ। 14 ਅਪ੍ਰੈਲ 2019 ਨੂੰ 74 ਸਾਲ ਦੀ ਉਮਰ ’ਚ ਕੈਂਸਰ ਦੀ ਬਿਮਾਰੀ ਕਾਰਨ ਮੋਹਾਲੀ ਦੇ ਨਿੱਜੀ ਹਸਪਤਾਲ ’ਚ ਉਨ੍ਹਾਂ ਦਾ ਦਿਹਾਂਤ ਹੋ ਗਿਆ।

– ਮਾਤਾ ਸੁਨੀਤਾ ਚੌਧਰੀ ਨੇ ਪਹਿਲੀ ਵਾਰ ’ਚ ਹੀ ਬਣਾਇਆ ਵੱਡਾ ਵੋਟ ਬੈਂਕ

ਰਮਨ ਨੰਦ ਲਾਲ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੀ ਸਵਰਗਵਾਸੀ ਮਾਤਾ ਸੁਨੀਤਾ ਚੌਧਰੀ ਨੇ ਵੀ ਪਰਿਵਾਰ ਦੀ ਸਿਆਸੀ ਵਿਰਾਸਤ ਨੂੰ ਅੱਗੇ ਤੋਰਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਮੀਦਵਾਰ ਵਜੋਂ 2022 ਦੀ ਵਿਧਾਨ ਸਭਾ ਚੋਣ ਬਲਾਚੌਰ ਹਲਕੇ ਤੋਂ ਲੜੀ ਸੀ। ਉਸ ਸਮੇਂ ਪੂਰੇ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਤੇਜ਼ ਹਨੇਰੀ ਚੱਲ ਰਹੀ ਸੀ, ਜਿਸ ਕਾਰਨ ਉਹ ਸਿਰਫ਼ ਥੋੜ੍ਹੀਆਂ ਜਿਹੀਆਂ ਵੋਟਾਂ ਦੇ ਫ਼ਰਕ ਨਾਲ ਚੋਣ ਹਾਰ ਗਏ ਅਤੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਸੰਤੋਸ਼ ਕਟਾਰੀਆ ਜਿੱਤ ਗਏ। ਪਰ ਪਹਿਲੀ ਵਾਰ ਚੋਣ ਲੜਦਿਆਂ ਹੀ ਸਵ: ਸੁਨੀਤਾ ਚੌਧਰੀ ਨੇ ਵੱਡਾ ਵੋਟ ਬੈਂਕ ਕਾਇਮ ਕਰ ਲਿਆ ਸੀ, ਜੋ ਇਸ ਗੱਲ ਦਾ ਸਬੂਤ ਹੈ ਕਿ ਚੌਧਰੀ ਪਰਿਵਾਰ ਅੱਜ ਵੀ ਲੋਕਾਂ ਦੇ ਦਿਲਾਂ ’ਚ ਵੱਸਦਾ ਹੈ।

– 2027 ਦਾ ਫ਼ੈਸਲਾ ਲੋਕ ਕਰਨਗੇ – ਰਮਨ ਨੰਦ ਲਾਲ

ਅੰਤ ’ਚ ਰਮਨ ਨੰਦ ਲਾਲ ਨੇ ਕਿਹਾ ਕਿ ਮੇਰੇ ਦਾਦਾ ਚੌਧਰੀ ਨੰਦ ਲਾਲ ਜੀ  ਬਹੁਤ ਹੀ ਨਿਮਰਤਾ ਵਾਲੇ ਸੁਭਾਅ ਦੇ ਮਾਲਕ ਸਨ ਅਤੇ ਲੀਡਰ ਹੋਣ ਦੇ ਬਾਵਜੂਦ ਗਰੀਬਾਂ ਦੇ ਮਸੀਹਾ ਵਜੋਂ ਹਰ ਇੱਕ ਦੇ ਦੁੱਖ-ਸੁੱਖ ’ਚ ਬਾਂਹ ਫੜਦੇ ਸਨ। ਉਨ੍ਹਾਂ ਕਿਹਾ ਕਿ ਉਹਨਾਂ ਦੇ ਪਰਿਵਾਰ ਵੱਲੋਂ ਜਲਦ ਹੀ ਇੱਕ ਵੱਡੀ ਪ੍ਰੈੱਸ ਕਾਨਫਰੰਸ ਕਰਕੇ ਸਾਰੀ ਸਥਿਤੀ ਸਾਫ਼ ਕਰਨਗੇ। ਬਾਕੀ ਸਭ ਕੁਝ 2027 ਦੀਆਂ ਵਿਧਾਨ ਸਭਾ ਚੋਣਾਂ ਤੈਅ ਕਰਨਗੀਆਂ ਕਿ ਲੋਕ ਕਿਸ ਉਮੀਦਵਾਰ ਦੇ ਹੱਕ ’ਚ ਫ਼ਤਵਾ ਦਿੰਦੇ ਹਨ ਅਤੇ ਸਮਾਂ ਬਹੁਤ ਨੇੜੇ ਹੈ।

ਫੋਟੋ ਕੈਪਸ਼ਨ :ਸਵ ਚੋਧਰੀ ਨੰਦ ਲਾਲ ਦੀ ਫਾਈਲ ਫੋਟੋ ਅਤੇ ਰਮਨਨੰਦ ਲਾਲ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ 


Leave a Reply

Your email address will not be published. Required fields are marked *