ਭਰਥਲਾ ਤੋਂ ਕਾਂਗਰਸ ਨੇ ਛੇੜਿਆ ‘ਪੰਜਾਬ ਬਚਾਓ ਲੋਕ ਮਿਲਣੀ’ ਦਾ ਬਿਗੁਲ, 2027 ਦੀਆਂ ਚੋਣਾਂ ਲਈ ਵਰਕਰਾਂ ਨੂੰ ਲਾਮਬੰਦ ਕਰਨ ਦੀ ਮੁਹਿੰਮ ਸ਼ੁਰੂ


‘ਆਪ’ ਸਰਕਾਰ ’ਤੇ ਧੱਕੇਸ਼ਾਹੀ, ਨਸ਼ੇ, ਲੁੱਟ-ਖੋਹ ਤੇ ਗੈਂਗਸਟਰਵਾਦ ਨੂੰ ਲੈ ਕੇ ਕਾਂਗਰਸੀ ਆਗੂਆਂ ਨੇ ਘੇਰਿਆ

ਬਲਾਚੌਰ, (ਜਤਿੰਦਰਪਾਲ ਸਿੰਘ ਕਲੇਰ) :

ਕਾਂਗਰਸ ਪਾਰਟੀ ਵੱਲੋਂ ਪੰਜਾਬ ਵਿੱਚ ‘ਕਾਂਗਰਸ ਲਿਆਉ, ਪੰਜਾਬ ਬਚਾਓ’ ਦੇ ਨਾਅਰੇ ਹੇਠ ਸ਼ੁਰੂ ਕੀਤੀ ਜਾ ਰਹੀ ‘ਲੋਕ ਮਿਲਣੀ’ ਮੁਹਿੰਮ ਦਾ ਆਗਾਜ਼ ਅੱਜ ਹਲਕਾ ਬਲਾਚੌਰ ਦੇ ਪਿੰਡ ਭਰਥਲਾ ਤੋਂ ਕੀਤਾ ਗਿਆ। ਇਹ ਸ਼ੁਰੂਆਤ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਬਲਾਕ ਸੰਮਤੀ ਚੇਅਰਮੈਨ ਧਰਮਪਾਲ ਪਵਾਰ ਭਰਥਲਾ ਅਤੇ ਸਮੂਹ ਪਵਾਰ ਪਰਿਵਾਰ ਦੇ ਸਹਿਯੋਗ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ, ਅਹੁਦੇਦਾਰ ਅਤੇ ਜੁਝਾਰੂ ਵਰਕਰ ਹਾਜ਼ਰ ਰਹੇ।

ਲੋਕ ਮਿਲਣੀ ਦੀ ਸ਼ੁਰੂਆਤ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਬਲਾਕ ਸੰਮਤੀ ਬਲਾਚੌਰ ਦੇ ਚੇਅਰਮੈਨ ਨਾਨਕ ਸਿੰਘ ਜੰਡੀ, ਕਾਂਗਰਸੀ ਆਗੂ ਦੀਪਾ ਸਰਪੰਚ ਨਿੱਘੀ, ਮੋਹਨ ਲਾਲ ਸੰਧੂ, ਬਲਾਕ ਸੰਮਤੀ ਮੈਂਬਰ ਮਹਿੰਦਰ ਪਾਲ ਭੂੰਬਲਾ ਭਰਥਲਾ, ਚੇਅਰਮੈਨ ਜਿੰਦਰ ਬਲਾਚੌਰ ਅਤੇ ਪ੍ਰਧਾਨ ਸੁਰਿੰਦਰ ਛਿੰਦਾ ਰੈਲ ਮਾਜਰਾ ਸਮੇਤ ਕਈ ਆਗੂਆਂ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ ਕਾਂਗਰਸੀ ਆਗੂਆਂ ਨੇ ਪੰਜਾਬ ਦੀ ਮੌਜੂਦਾ ਸਿਆਸੀ ਅਤੇ ਸਮਾਜਿਕ ਸਥਿਤੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖੇ ਸਿਆਸੀ ਹਮਲੇ ਕੀਤੇ। ਆਗੂਆਂ ਨੇ ਦੋਸ਼ ਲਗਾਇਆ ਕਿ ਸੂਬੇ ਵਿੱਚ ਕਾਨੂੰਨ-ਵਿਵਸਥਾ ਦੀ ਸਥਿਤੀ, ਗੈਂਗਸਟਰਵਾਦ, ਲੁੱਟ-ਖੋਹ ਅਤੇ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰੀ। ਇਸ ਦੌਰਾਨ ਗੁਲਜ਼ਾਰ ਸਿੰਘ ਅਤੇ ਮੋਹਨਜੀਤ ਸ਼ੋਰੇ ਨਾਲ ਸਬੰਧਤ ਮੁੱਦੇ ਵੀ ਚਰਚਾ ਦਾ ਕੇਂਦਰ ਬਣੇ।

ਕਾਂਗਰਸੀ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਵਿੱਚ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਨਿਰਾਸ਼ਾ ਪਾਈ ਜਾ ਰਹੀ ਹੈ ਅਤੇ ਸੂਬੇ ਦੇ ਮਾਹੌਲ ਨੂੰ ਸੁਧਾਰਨ ਲਈ ਕਾਂਗਰਸ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਹੀ ਨਸ਼ਿਆਂ ਦੀ ਸਮੱਸਿਆ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਪਾਉਣ ਅਤੇ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਿਹਤਰ ਬਣਾਉਣ ਲਈ ਸਮਰੱਥ ਹੈ।

ਜ਼ਿਲ੍ਹਾ ਕਾਂਗਰਸ ਪ੍ਰਧਾਨ ਅਜੇ ਮੰਗੂਪੁਰ ਨੇ ਕਿਹਾ ਕਿ ‘ਲੋਕ ਮਿਲਣੀ’ ਮੁਹਿੰਮ ਨੂੰ ਹਲਕੇ ਦੇ ਹਰ ਪਿੰਡ ਤੱਕ ਵੱਡੇ ਪੱਧਰ ’ਤੇ ਲਿਜਾਇਆ ਜਾਵੇਗਾ ਅਤੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਮੁੱਦਿਆਂ ਨੂੰ ਸੁਣਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦੇ ਹੱਕਾਂ ਅਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਹਰ ਸੰਭਵ ਯਤਨ ਕਰੇਗੀ। ਉਨ੍ਹਾਂ ਕਿਹਾ ਕਿ ਪਾਰਟੀ ਦਾ ਮੁੱਖ ਟੀਚਾ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਜ਼ਮੀਨੀ ਪੱਧਰ ’ਤੇ ਸੰਗਠਨ ਨੂੰ ਮਜ਼ਬੂਤ ਕਰਨਾ ਅਤੇ ਲੋਕਾਂ ਨਾਲ ਲਗਾਤਾਰ ਸੰਪਰਕ ਬਣਾਉਣਾ ਹੈ।

ਇਸ ਮੌਕੇ ਕਾਂਗਰਸੀ ਵਰਕਰਾਂ ਵਿੱਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਆਗੂਆਂ ਨੇ ਵਰਕਰਾਂ ਨੂੰ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਸੰਪਰਕ ਕਰਨ ਅਤੇ ਕਾਂਗਰਸ ਦੀਆਂ ਨੀਤੀਆਂ ਤੇ ਪੰਜਾਬ ਨਾਲ ਸਬੰਧਤ ਮੁੱਦਿਆਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਸੱਦਾ ਦਿੱਤਾ। ਭਰਥਲਾ ਤੋਂ ਸ਼ੁਰੂ ਹੋਈ ਇਸ ਲੋਕ ਮਿਲਣੀ ਨੂੰ ਕਾਂਗਰਸ ਵੱਲੋਂ 2027 ਦੀਆਂ ਚੋਣਾਂ ਦੀਆਂ ਤਿਆਰੀਆਂ ਦੇ ਸੰਦਰਭ ਵਿੱਚ ਇੱਕ ਅਹਿਮ ਸਿਆਸੀ ਕਦਮ ਵਜੋਂ ਦੇਖਿਆ ਜਾ ਰਿਹਾ ਹੈ।

ਇਸ ਮੌਕੇ ਬਿੱਟੂ ਬਾਬਾ ਮੰਡਿਆਣੀ, ਬੀਰੂ ਹੈਡੋਂ ਬੇਟ, ਰਾਜੂ ਭਾਊ, ਜਸਵਿੰਦਰ ਜੱਸੀ, ਮੇਜਰ ਸਰਪੰਚ ਰਾਏਪੁਰ, ਮਹਿੰਦਰ ਪਾਲ, ਬਲਵਿੰਦਰ ਸਿੰਘ, ਬਾਬਾ ਦੀਦਾਰ ਸਿੰਘ, ਸਰਪੰਚ ਜਤਿੰਦਰ ਪਾਲ ਭੱਲਾ ਜਮੀਤਗੜ੍ਹ, ਅਵਤਾਰ ਸਿੰਘ ਤਾਰੀ, ਸਰਪੰਚ ਮਾਸਟਰ ਰਜਿੰਦਰ ਸਿੰਘ, ਟੋਨੀ ਬੱਛੂਆਂ, ਦੇਵ ਸਰਪੰਚ ਭੱਲਾ ਬੇਟ, ਕੇਵਲ ਸਿੰਘ, ਸਰਦਾਰਾ ਸਿੰਘ, ਸੰਦੇਸ਼ ਰਾਜ, ਗੁਰਪ੍ਰੀਤ ਸਿੰਘ, ਸੂਬੇਦਾਰ ਸੁਰਜੀਤ ਸਿੰਘ, ਚੌਧਰੀ ਗਿਰਧਾਰੀ ਲਾਲ, ਕੁਲਵੀਰ ਸਿੰਘ, ਸੂਬੇਦਾਰ ਪਰਮਜੀਤ ਦੁੱਗਲ, ਘੋਲਾ ਕਿਸ਼ਨਪੁਰ, ਗੁਰਦੇਵ ਸਿੰਘ, ਦਲਵੀਰ ਸਿੰਘ, ਕੁਲਵਿੰਦਰ ਮੰਡ, ਨਰੇਸ਼ ਚੇਚੀ ਬਲਾਚੌਰ, ਦਿਨੇਸ਼ ਕੁਮਾਰ ਪੈਨੀ ਐਮ.ਸੀ. ਬਲਾਚੌਰ, ਸੋਨੂ ਮਾਲੇਵਾਲ, ਗੁਰਮੁਖ ਸਿੰਘ, ਚੌਧਰੀ ਤੀਰਥ ਰਾਮ, ਨਿਰਮਲ ਸਿੰਘ, ਜਸਵੀਰ ਭਾਟੀਆ, ਰਾਜੂ ਬੂੰਗੜੀ, ਮਨੋਹਰ ਲਾਲ ਭਾਟੀਆ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਆਗੂ ਹਾਜ਼ਰ ਸਨ।


Leave a Reply

Your email address will not be published. Required fields are marked *