ਕਾਠਗੜ੍ਹ, (ਜਤਿੰਦਰਪਾਲ ਸਿੰਘ ਕਲੇਰ) :
ਐਤਵਾਰ ਬਾਅਦ ਦੁਪਹਿਰ ਅਚਾਨਕ ਮੌਸਮ ਨੇ ਕਰਵਟ ਲਈ ਅਤੇ ਅਸਮਾਨ ਵਿੱਚ ਕਾਲੀਆਂ ਘਟਾਵਾਂ ਛਾਉਣ ਲੱਗੀਆਂ। ਤੇਜ਼ ਹਵਾਵਾਂ ਚੱਲਣ ਦੇ ਨਾਲ ਹੀ ਮੀਂਹ ਨੇ ਐਨੀ ਜ਼ੋਰਦਾਰ ਦਸਤਕ ਦਿੱਤੀ ਕਿ ਸਿਰਫ 15 ਮਿੰਟਾਂ ਵਿੱਚ ਹੀ ਚਾਰੇ ਪਾਸੇ ਪਾਣੀ ਹੀ ਪਾਣੀ ਹੋ ਗਿਆ। ਇਹ ਬਾਰਿਸ਼ ਮੈਦਾਨੀ ਇਲਾਕਿਆਂ ਤੱਕ ਸੀਮਤ ਨਹੀਂ ਰਹੀ, ਸਗੋਂ ਸ਼ਿਵਾਲਿਕ ਦੇ ਸੰਘਣੇ ਜੰਗਲਾਂ ਵਿੱਚ ਲਗਾਤਾਰ ਮੂਸਲਾਧਾਰ ਵਰਖਾ ਹੁੰਦੀ ਰਹੀ, ਜਿਸ ਦਾ ਸਿੱਧਾ ਅਸਰ ਕਸਬਾ ਕਾਠਗੜ੍ਹ ਵਿੱਚ ਵਗਦੀ ਕਾਠਗੜ੍ਹ ਨਦੀ ‘ਤੇ ਪਿਆ।
ਜੰਗਲਾਂ ਦਾ ਸਾਰਾ ਪਾਣੀ ਨਦੀ ਵਿੱਚ ਆਉਣ ਕਾਰਨ ਨਦੀ ਵਿੱਚ ਇੱਕਦਮ ਹੜ੍ਹ ਵਰਗੀ ਸਥਿਤੀ ਬਣ ਗਈ ਅਤੇ ਪਾਣੀ ਦਾ ਤੇਜ਼ ਵਹਾਅ ਸ਼ੁਰੂ ਹੋ ਗਿਆ। ਨਦੀ ਦੇ ਵਿਚਕਾਰੋਂ ਦੀ ਲੰਘਣ ਵਾਲੀ ਪੀ.ਡਬਲਿਊ.ਡੀ. ਦੀ ਸੜਕ, ਜਿਹੜੀ ਆਮ ਤੌਰ ‘ਤੇ ਕੰਢੀ ਖੋਜ ਕੇਂਦਰ ਵਾਲੀ ਸੜਕ ਦੇ ਨਾਂ ਨਾਲ ਜਾਣੀ ਜਾਂਦੀ ਹੈ, ਪਾਣੀ ਵਿੱਚ ਡੁੱਬ ਗਈ। ਪਾਣੀ ਦਾ ਵਹਾਅ ਇੰਨਾ ਜ਼ਿਆਦਾ ਸੀ ਕਿ ਸੜਕ ਦੇ ਦੋਵੇਂ ਪਾਸੇ ਲੋਕਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ।
ਐਤਵਾਰ ਹੋਣ ਕਾਰਨ ਜਿੱਥੇ ਸਰਕਾਰੀ ਮੁਲਾਜ਼ਮ ਆਪੋ-ਆਪਣੇ ਘਰਾਂ ਵਿੱਚ ਸੁਰੱਖਿਅਤ ਰਹੇ, ਉੱਥੇ ਆਮ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੋਵੇਂ ਪਾਸੇ ਲੋਕ ਪਾਣੀ ਦਾ ਵਹਾਅ ਘੱਟ ਹੋਣ ਦੀ ਉਡੀਕ ਵਿੱਚ ਖੜੇ ਦੇਖੇ ਗਏ, ਤਾਂ ਜੋ ਉਹ ਆਪਣੀ ਮੰਜ਼ਿਲ ਵੱਲ ਜਾ ਸਕਣ। ਖਬਰ ਲਿਖੇ ਜਾਣ ਤੱਕ ਨਦੀ ਵਿੱਚ ਪਾਣੀ ਦਾ ਪੱਧਰ ਘਟਿਆ ਨਹੀਂ ਸੀ ਅਤੇ ਆਵਾਜਾਈ ਹਾਲੇ ਵੀ ਪ੍ਰਭਾਵਿਤ ਬਣੀ ਹੋਈ ਸੀ।













Leave a Reply