ਏ.ਆਈ. (ਆਰਟੀਫੀਸ਼ੀਅਲ ਇੰਟੈਲੀਜੈਂਸ) ਦੇ ਤੇਜ਼ ਵਿਕਾਸ ਨੂੰ ਮਾਨਵਤਾ ਦੇ ਭਲੇ ਵੱਲ ਮੋੜਨ ਵਿਗਿਆਨੀ, ਸਮਾਜ ਸ਼ਾਸਤਰੀ ਤੇ ਆਰਥਿਕ ਮਾਹਰ: ਕਰਨ ਸਿੰਘ ਰਾਣਾ


ਬਲਾਚੌਰ (ਜਤਿੰਦਰਪਾਲ ਸਿੰਘ ਕਲੇਰ ) 

ਪੂਰੀ ਦੁਨੀਆ ਵਿੱਚ ਏ.ਆਈ. (ਏ ਆਈ ) ਸਾਧਨਾਂ ਰਾਹੀਂ ਹੋ ਰਹੀ ਤੇਜ਼ ਤਰੱਕੀ ਨੇ ਤਰਥੱਲੀ ਮਚਾ ਦਿੱਤੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ, ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ (ਸਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ) ਨੇ ਅੱਜ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੂੰਜੀਵਾਦੀ ਬੁੱਧੀਜੀਵੀ ਐਲੋਨ ਮਸਕ, ਜੈਕ ਬੀ, ਸਕੋਟ ਪੈਟਰਨ ਅਤੇ ਹੋਰ ਅਨੇਕਾਂ ਵਿਗਿਆਨੀ ਸੁਪਰ ਏ.ਆਈ. ਵਿੱਚ ਤੇਜ਼ੀ ਨਾਲ ਹੋ ਰਹੀ ਤਰੱਕੀ ਦਾ ਜ਼ਿਕਰ ਕਰਦਿਆਂ ਸੰਕੇਤ ਦੇ ਰਹੇ ਹਨ ਕਿ ਏ.ਆਈ. ਰੋਬੋਟ ਸਾਲ 2030 ਤੱਕ ਮਨੁੱਖੀ ਕਿਰਤ ਦਾ ਬਦਲ ਬਣ ਜਾਣਗੇ, ਯਾਨੀ ਜੋ ਕੰਮ ਇਨਸਾਨੀ ਕਿਰਤ ਨਾਲ ਹੁੰਦਾ ਹੈ, ਉਸ ਦੀ ਜਗ੍ਹਾ ਸੁਪਰ ਏ.ਆਈ. ਲੈ ਲਵੇਗੀ।

ਸਾਥੀ ਰਾਣਾ ਨੇ ਦੋਸ਼ ਲਾਇਆ ਕਿ ਪੂਰੀ ਦੁਨੀਆ ਵਿੱਚ ਕਾਰਪੋਰੇਟ ਪੂੰਜੀਪਤੀ ਮੁਨਾਫ਼ੇ ਦੀ ਅੰਨੀ ਦੌੜ ਕਾਰਨ ਸੁਪਰ ਏ.ਆਈ. ਦੇ ਨਵੇਂ-ਨਵੇਂ ਮਾਡਲ ਬਣਾ ਰਹੇ ਹਨ। ਸਾਮਰਾਜੀ ਪੂੰਜੀਪਤੀਆਂ ਨੂੰ ਸਿਰਫ਼ ਮੁਨਾਫ਼ਾ ਚਾਹੀਦਾ ਹੈ ਪਰ ਇਸ ਨਾਲ ਹੋਣ ਵਾਲੇ ਨੁਕਸਾਨ ਨੂੰ ਉਹ ਦੇਖਣ ਤੋਂ ਅਸਮਰਥ ਹਨ। ਉਨ੍ਹਾਂ ਕਿਹਾ ਕਿ ਸੁਪਰ ਏ.ਆਈ. ਦੇ ਨਵੇਂ ਮਾਡਲਾਂ ਦੀਆਂ ਖੋਜਾਂ ਅਥਾਹ ਪੈਦਾਵਾਰ ਕਰਨਗੀਆਂ ਅਤੇ ਖੇਤੀਬਾੜੀ, ਉਦਯੋਗ, ਇਲਾਜ, ਵਿੱਦਿਆ, ਖਾਨਾਂ ਅਤੇ ਖੋਜਾਂ ਵਿੱਚ ਰੁਜ਼ਗਾਰ-ਰਹਿਤ ਬੇਤਹਾਸ਼ਾ ਤਰੱਕੀ ਹੋਵੇਗੀ।

ਉਨ੍ਹਾਂ ਅੱਗੇ ਕਿਹਾ ਕਿ ਮਨੁੱਖੀ ਸਮਾਜ ਅਤੇ ਇਸ ਦੇ ਵਿਚਾਰਾਂ ਵਿੱਚ ਤਬਦੀਲੀ ਪੈਦਾਵਾਰ ਦੇ ਸਾਧਨਾਂ ਦੀ ਤਰੱਕੀ ‘ਤੇ ਨਿਰਭਰ ਕਰਦੀ ਹੈ। ਸਮਾਜ ਵਿਗਿਆਨੀ ਮਨੁੱਖੀ ਸਮਾਜ ਦੇ ਵਿਕਾਸ ਦੀਆਂ ਚਾਰ ਸਟੇਜਾਂ ਦੱਸਦੇ ਹਨ—ਆਦਮ ਸਮਾਜ (ਜਿਸ ਵਿੱਚ ਸਾਰੇ ਬਰਾਬਰ ਸਨ ਅਤੇ ਕੰਮ ਕਰਦੇ ਸਨ), ਦਾਸ ਪ੍ਰਥਾ, ਸਾਮੰਤਵਾਦ ਅਤੇ ਪੂੰਜੀਵਾਦ। ਸਮਾਜ ਦੇ ਇਸ ਵਿਕਾਸ ਵਿੱਚ ਸ਼ੋਸ਼ਣ ਝੱਲ ਰਹੀ ਜਮਾਤ ਨੇ ਹਮੇਸ਼ਾ ਸ਼ੋਸ਼ਕ ਧਿਰ ਨੂੰ ਖਦੇੜਿਆ ਹੈ। ਮੌਜੂਦਾ ਦੌਰ ਵਿੱਚ ਪੂੰਜੀਵਾਦ ਆਪਣੀ ਸਟੇਜ ਦੇ ਆਖ਼ਰੀ ਪੜਾਅ ਤੱਕ ਪੁੱਜ ਗਿਆ ਹੈ। ਸਾਧਨਾਂ ਦੇ ਮਾਲਕ ਮੁਨਾਫ਼ੇ ਦੀ ਅੰਨੀ ਦੌੜ ਵਿੱਚ ਆਪਣੀ ਕਬਰ ਖ਼ੁਦ ਪੁੱਟ ਰਹੇ ਹਨ ਅਤੇ ਭਾਈ ਲਾਲੋਆਂ ਨੂੰ ਰੁਜ਼ਗਾਰ-ਰਹਿਤ ਕਰਕੇ ਭੁੱਖੇ ਮਾਰਨਾ ਚਾਹੁੰਦੇ ਹਨ, ਜਿਸ ਦਾ ਜਵਾਬ ਕਿਰਤੀ ਲੋਕ ਚੇਤਨ ਹੋ ਕੇ ਦੇਣਗੇ। ਕਿਰਤੀ ਜਮਾਤ ਨੂੰ ਆਪਣੀ ਮੁਕਤੀ ਦਾ ਰਾਹ ਸਮਾਜਵਾਦ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ।

ਜੈਫਰੀ ਹਿਲਟਨ ਵਰਗੇ ਵਿਗਿਆਨੀ ਭਾਵੇਂ ਆਉਣ ਵਾਲੇ 10 ਸਾਲਾਂ ਵਿੱਚ ਦੁਨੀਆ ਦੇ ਖ਼ਾਤਮੇ ਦਾ ਸੰਕੇਤ ਦੇ ਰਹੇ ਹਨ ਅਤੇ ਉਨ੍ਹਾਂ ਦਾ ਖ਼ਦਸ਼ਾ ਹੈ ਕਿ ਸੁਪਰ ਏ.ਆਈ. ਏਜੰਟ ਬਿਨਾਂ ਕਿਸੇ ਕਮਾਂਡ ਦੇ ਖ਼ੁਦ ਫ਼ੈਸਲੇ ਲੈਂਦੇ ਹਨ ਜੋ ਮਾਨਵਤਾ ਨੂੰ ਖ਼ਤਮ ਕਰ ਸਕਦੇ ਹਨ, ਜਦੋਂ ਕਿ ਸਮਾਜਿਕ ਵਿਗਿਆਨ ਇਸ ਨੂੰ ਸਮਾਜਵਾਦ ਵੱਲ ਜਾਂਦਾ ਰਾਹ ਵਜੋਂ ਪੇਸ਼ ਕਰ ਰਿਹਾ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਸਰਬੱਤ ਦਾ ਭਲਾ ਚਾਹੁਣ ਵਾਲੇ ਵਿਗਿਆਨੀ, ਸਮਾਜ ਸ਼ਾਸਤਰੀ ਅਤੇ ਆਰਥਿਕ ਮਾਹਰ ਮਿਲ ਕੇ ਏ.ਆਈ. ਦੇ ਹੋ ਰਹੇ ਤੇਜ਼ ਵਿਕਾਸ ਨੂੰ ਮਾਨਵਤਾ ਦੇ ਭਲੇ ਵੱਲ ਮੋੜਨਗੇ।

ਇਸ ਮੌਕੇੇ ਕਾਮਰੇਡ ਕਰਨੈਲ ਸਿੰਘ ਭੱਲਾ (ਕਿਸਾਨ ਆਗੂ), ਵਿਨੋਦ ਕੁਮਾਰ ਚੋਪੜਾ ਅਤੇ ਬਿਪਨ      ਕੁਮਾਰ ਵੀ ਹਾਜ਼ਰ ਸਨ।


Leave a Reply

Your email address will not be published. Required fields are marked *