ਬਲਾਚੌਰ, 13 ਸਤੰਬਰ (ਜਤਿੰਦਰਪਾਲ ਸਿੰਘ ਕਲੇਰ):
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਪਿੰਡ ਟੌਂਸਾ ਦੀ ਧਰਤੀ ‘ਤੇ ਵਿਸ਼ੇਸ਼ ਵਿਦਿਆਰਥੀ ਨੌਜਵਾਨ ਮੇਲਾ ਮਨਾਇਆ ਜਾਵੇਗਾ। ਇਸ ਸਬੰਧੀ ਅੱਜ ਮੇਲੇ ਦੀ ਤਿਆਰੀ ਕਮੇਟੀ ਵੱਲੋਂ ਬਕਾਇਦਾ ਤੌਰ ‘ਤੇ ਮੇਲੇ ਦਾ ਪੋਸਟਰ ਜਾਰੀ ਕਰ ਦਿੱਤਾ ਗਿਆ ਹੈ।
ਮੇਲੇ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ 27 ਸਤੰਬਰ ਨੂੰ ਸਵੇਰੇ 9 ਵਜੇ ਤੋਂ ਪਹਿਲੀ ਜਮਾਤ ਤੋਂ ਲੈ ਕੇ ਪਲਸ ਟੂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਵਿਦਿਅਕ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਬਾਰੇ ਲੇਖ, ਕਵਿਤਾ, ਪੇਂਟਿੰਗ ਅਤੇ ਗੀਤਾਂ ਦੇ ਮੁਕਾਬਲੇ ਸ਼ਾਮਲ ਹੋਣਗੇ। ਇਸ ਤੋਂ ਇਲਾਵਾ 28 ਸਤੰਬਰ ਨੂੰ ਬੱਚਿਆਂ ਦੇ ਖੇਡ ਮੁਕਾਬਲੇ ਵੀ ਕਰਵਾਏ ਜਾਣਗੇ। ਮੇਲੇ ਦੌਰਾਨ ਉੱਘੇ ਵਿਦਵਾਨਾਂ ਵੱਲੋਂ ਮਾਰੂ ਨਸ਼ਿਆਂ ਅਤੇ ਹਵਾ-ਪਾਣੀ ਦੇ ਪ੍ਰਦੂਸ਼ਣ ਵਿਰੁੱਧ ਆਪਣੇ ਵਿਚਾਰ ਪੇਸ਼ ਕੀਤੇ ਜਾਣਗੇ।
ਇਸ ਮੌਕੇ ਮੇਲਾ ਕਮੇਟੀ ਦੇ ਸਰਪ੍ਰਸਤ ਬੀਬੀ ਸ਼ਸ਼ੀ ਰਾਣਾ (ਸਾਬਕਾ ਸਰਪੰਚ) ਅਤੇ ਡਾ. ਪਵਨ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਰੂ ਨਸ਼ਿਆਂ ਨੂੰ ਰੋਕਣ ਲਈ, ਹਰੇਕ ਲਈ ਮੁਫ਼ਤ ਵਿਦਿਆ ਅਤੇ ਰੋਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰਨ ਵਾਲੇ ਹੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਅਸਲ ਵਾਰਸ ਹਨ। ਉਨ੍ਹਾਂ ਸ਼ਹੀਦ ਭਗਤ ਸਿੰਘ ਨੌਜਵਾਨ ਫੈਡਰੇਸ਼ਨ ਅਤੇ ਭਾਈ ਲਾਲੋ ਲੋਕ ਮੰਚ ਦੇ ਆਗੂਆਂ ਨੂੰ ਇਸ ਮੇਲੇ ਦੇ ਆਯੋਜਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਜਿਉਂਦਾ ਰੱਖਣ ਅਤੇ ਤਾਜ਼ਾ ਕਰਨ ਲਈ ਅਜਿਹੇ ਮੇਲਿਆਂ ਦਾ ਆਯੋਜਨ ਬਹੁਤ ਜ਼ਰੂਰੀ ਹੈ, ਤਾਂ ਜੋ ਸਮਾਜ ਵਿੱਚੋਂ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨੂੰ ਖ਼ਤਮ ਕੀਤਾ ਜਾ ਸਕੇ।
ਇਸ ਮੌਕੇ ਅਭੀ ਸਿੰਘ (ਪ੍ਰਧਾਨ, ਸ਼ਹੀਦ ਭਗਤ ਸਿੰਘ ਨੌਜਵਾਨ ਫੈਡਰੇਸ਼ਨ), ਮਨੋਹਰ ਲਾਲ, ਅਮਰੀਕ ਸਿੰਘ, ਪ੍ਰਤਾਪ ਰਾਣਾ, ਸੋਨੂ ਰਾਣਾ, ਚੌਧਰੀ ਜਗਦੀਸ਼ ਰਾਏ ਅਤੇ ਮੋਹਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ।













Leave a Reply