ਪੰਜਾਬ ਬਚਾਓ ਰੈਲੀ ਨੂੰ ਮਿਲਿਆ ਭਰਵਾਂ ਹੁੰਗਾਰਾ, ਪਠਾਨਕੋਟ ਤੋਂ ਰੋਪੜ ਤੱਕ ਚਾਰ ਮਾਰਗੀ ਐਕਸਪ੍ਰੈੱਸ ਵੇਅ ਅਤੇ ਕੰਢੀ ਵਿਕਾਸ ਮੰਤਰਾਲੇ ਦਾ ਕੀਤਾ ਵੱਡਾ ਐਲਾਨ
ਨਵਾਂਸ਼ਹਿਰ , (ਜਤਿੰਦਰਪਾਲ ਸਿੰਘ ਕਲੇਰ):
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪੰਜਾਬ ਬਚਾਓ ਮੁਹਿੰਮ ਤਹਿਤ ਬਲਾਚੌਰ ਦੀ ਦਾਣਾ ਮੰਡੀ ਵਿੱਚ ਹਲਕਾ ਇੰਚਾਰਜ ਸੰਦੀਪ ਚੌਧਰੀ ਹਨੀ ਟੌਂਸਾ ਵੱਲੋਂ ਕਰਵਾਈ ਗਈ ਵਿਸ਼ਾਲ ਕਾਨਫਰੰਸ ਵਿੱਚ ਜਨ ਸੈਲਾਬ ਉਮੜ ਪਿਆ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਦਿਨ ਵੇਲੇ 12 ਘੰਟੇ ਬਿਜਲੀ ਦੇਣ ਦਾ ਵਾਅਦਾ ਕਿੱਥੇ ਗਿਆ, ਜਦੋਂਕਿ ਪੰਜਾਬੀ ਅੱਜ 10-10 ਘੰਟੇ ਦੇ ਕੱਟਾਂ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਆਉਂਦਿਆਂ ਹੀ ਪੰਜਾਬ ਨੂੰ ਫਿਰ ਬਿਜਲੀ ਸਰਪਲੱਸ ਸੂਬਾ ਬਣਾਇਆ ਜਾਵੇਗਾ।

ਰੈਲੀ ਦੌਰਾਨ ਸੁਖਬੀਰ ਬਾਦਲ ਨੇ ਕੰਢੀ ਖੇਤਰ ਲਈ ਵੱਡੇ ਐਲਾਨ ਕੀਤੇ। ਉਨ੍ਹਾਂ ਕਿਹਾ ਕਿ ਅਗਲੀ ਅਕਾਲੀ ਸਰਕਾਰ ਕੰਢੀ ਖੇਤਰ ਦੇ ਸਰਬਪੱਖੀ ਵਿਕਾਸ ਲਈ ਵੱਖਰਾ ਕੰਢੀ ਵਿਕਾਸ ਮੰਤਰਾਲਾ ਬਣਾਏਗੀ, ਪਠਾਨਕੋਟ ਤੋਂ ਰੋਪੜ ਤੱਕ ਚਾਰ ਮਾਰਗੀ ਐਕਸਪ੍ਰੈੱਸ ਵੇਅ ਬਣਾਇਆ ਜਾਵੇਗਾ, ਕਿਸਾਨਾਂ ਲਈ ਡੂੰਘੇ ਟਿਊਬਵੈੱਲ, ਕੰਢੀ ਨਹਿਰ ਦੀ ਸਮਰੱਥਾ ਵਿੱਚ ਵਾਧਾ, ਡਰਿਪ ਸਿੰਚਾਈ ਅਤੇ ਜ਼ਮੀਨਦੋਜ਼ ਪਾਈਪ ਲਾਈਨਾਂ ਰਾਹੀਂ ਹਰ ਖੇਤ ਤੱਕ ਪਾਣੀ ਪਹੁੰਚਾਇਆ ਜਾਵੇਗਾ। ਇਸ ਤੋਂ ਇਲਾਵਾ ਨਵਾਂਸ਼ਹਿਰ ਵਿੱਚ ਮੈਡੀਕਲ ਕਾਲਜ ਅਤੇ ਬਲਾਚੌਰ ਵਿੱਚ ਵੈਟਰਨਰੀ ਕਾਲਜ ਸਥਾਪਿਤ ਕੀਤਾ ਜਾਵੇਗਾ।
ਆਪ ਸਰਕਾਰ ’ਤੇ ਹਮਲਾ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਦਫ਼ਤਰ ਭ੍ਰਿਸ਼ਟਾਚਾਰ ਦਾ ਅੱਡਾ ਬਣ ਗਿਆ ਹੈ, ਜਿੱਥੇ ਪੈਸੇ ਲੈ ਕੇ ਬਲਾਤਕਾਰੀਆਂ, ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨੂੰ ਕਲੀਨ ਚਿੱਟ ਦਿੱਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਦੀ ਪਤਨੀ ਗੁਰਪ੍ਰੀਤ ਕੌਰ ਮਾਨ ਨੇ ਇੱਕ ਲੜੀਵਾਰ ਬਲਾਤਕਾਰੀ ਨੂੰ ਛੁਡਾਉਣ ਲਈ 5 ਕਰੋੜ ਦਾ ਸੌਦਾ ਕੀਤਾ। 50 ਅਪਰਾਧਿਕ ਮਾਮਲਿਆਂ ਵਾਲੇ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਨੂੰ ਆਪ ਵਿੱਚ ਸ਼ਾਮਲ ਕਰਕੇ ਜ਼ੀਰਾ ਦਾ ਹਲਕਾ ਇੰਚਾਰਜ ਬਣਾਉਣਾ ਸਰਕਾਰ ਦੇ ਗੈਂਗਸਟਰਾਂ ਨਾਲ ਸਾਂਝ ਦਾ ਸਬੂਤ ਹੈ। ਉਨ੍ਹਾਂ ਨਸ਼ਾ ਵਿਰੋਧੀ ਕਾਰਕੁਨ ਮੋਹਨਜੀਤ ਸਿੰਘ ਸ਼ੇਰੋਂ ’ਤੇ ਤਸ਼ੱਦਦ ਅਤੇ ਸਿੰਥੈਟਿਕ ਨਸ਼ਿਆਂ ਦਾ ਸਵਾਲ ਪੁੱਛਣ ’ਤੇ ਗੁਲਜ਼ਾਰ ਸਿੰਘ ਨੂੰ ਡਰਾਉਣ-ਧਮਕਾਉਣ ਦੀ ਘਟਨਾ ਦਾ ਵੀ ਜ਼ਿਕਰ ਕੀਤਾ।
ਸੁਖਬੀਰ ਬਾਦਲ ਨੇ ਆਪਣੇ ਭਵਿੱਖ ਦੇ ਐਕਸ਼ਨ ਪਲਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਟਾ-ਦਾਲ ਸਕੀਮ ਤਹਿਤ 4 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ 50 ਕਿਲੋ ਕਣਕ, ਸ਼ਗਨ ਸਕੀਮ 1 ਲੱਖ ਰੁਪਏ, ਬੁਢਾਪਾ ਪੈਨਸ਼ਨ 3100 ਰੁਪਏ ਪ੍ਰਤੀ ਮਹੀਨਾ, ਐੱਸ.ਸੀ. ਵਜ਼ੀਫ਼ਾ ਸਕੀਮ ਦੀ ਬਹਾਲੀ, ਪਸ਼ੂ ਪਾਲਣ ਪ੍ਰਾਜੈਕਟਾਂ ’ਤੇ 75 ਫੀਸਦੀ ਸਬਸਿਡੀ, ਨੌਜਵਾਨਾਂ ਲਈ 10 ਲੱਖ ਰੁਪਏ ਤੱਕ ਵਿਆਜ ਮੁਕਤ ਕਰਜ਼ਾ ਅਤੇ ਦੁੱਧ ’ਤੇ ਐੱਮ.ਐੱਸ.ਪੀ. ਲਾਗੂ ਕੀਤੀ ਜਾਵੇਗੀ। ਉਨ੍ਹਾਂ ਸਾਬਕਾ ਅਕਾਲੀ ਆਗੂ ਚੌਧਰੀ ਨੰਦ ਲਾਲ ਦੀ ਸੇਵਾ ਨੂੰ ਵੀ ਯਾਦ ਕੀਤਾ।
ਇਸ ਮੌਕੇ ਹਲਕਾ ਇੰਚਾਰਜ ਸੰਦੀਪ ਚੌਧਰੀ ਹਨੀ ਟੌਂਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਬਲਾਚੌਰ ਦੀ ਧਰਤੀ ’ਤੇ ਜੋ ਅਥਾਹ ਅਤੇ ਬੇਸ਼ੁਮਾਰ ਇਕੱਠ ਹੋਇਆ ਹੈ ਉਸ ਨੇ ਸਾਬਤ ਕਰ ਦਿੱਤਾ ਹੈ ਕਿ ਲੋਕਾਂ ਦਾ ਅਕਾਲੀ ਦਲ ’ਤੇ ਅਟੁੱਟ ਵਿਸ਼ਵਾਸ ਹੈ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ, ਵਰਕਰ ਸਾਹਿਬਾਨ, ਬੀਬੀਆਂ, ਨੌਜਵਾਨਾਂ ਅਤੇ ਪਹੁੰਚੇ ਸਾਰੇ ਸੀਨੀਅਰ ਆਗੂਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਟੌਂਸਾ ਨੇ ਕਿਹਾ ਕਿ ਲੋਕ ਆਪ ਸਰਕਾਰ ਦੀਆਂ ਝੂਠੀਆਂ ਗਾਰੰਟੀਆਂ ਤੋਂ ਤੰਗ ਆ ਚੁੱਕੇ ਹਨ ਅਤੇ 2027 ਵਿੱਚ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਕਾਹਲੇ ਹਨ। ਉਨ੍ਹਾਂ ਦਾਅਵਾ ਕੀਤਾ ਕਿ 2027 ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹੀ ਸਰਕਾਰ ਬਣੇਗੀ ਅਤੇ ਬਲਾਚੌਰ ਹਲਕੇ ਤੋਂ ਵੱਡੀ ਲੀਡ ਨਾਲ ਜਿੱਤ ਦਰਜ ਕੀਤੀ ਜਾਵੇਗੀ।
ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ, ਸੁਖਦੀਪ ਸਿੰਘ ਸੁਕਾਰ, ਸਰਬਜੀਤ ਸਿੰਘ ਝਿੰਜਰ, ਡਾ. ਗੁਰਪ੍ਰੀਤ ਕੌਰ ਥਿਆੜਾ ਨਵਾਂਸ਼ਹਿਰ, ਰਮਨਦੀਪ ਸਿੰਘ ਥਿਆੜਾ, ਗੁਰਪ੍ਰੀਤ ਗੁੱਜਰ ਰੈਲਮਾਜਰਾ, ਸਤਨਾਮ ਸਿੰਘ ਰਾਜੂਮਾਜਰਾ ਸਾਬਕਾ ਡੀ.ਐੱਸ.ਪੀ., ਦਿਲਾਵਰ ਸਿੰਘ, ਸੁਖਬੀਰ ਸਿੰਘ ਮੰਢਿਆਣੀ, ਮੋਹਣ ਸਿੰਘ ਟੱਪਰੀਆਂ, ਦੁਰਗੇਸ਼ ਜੰਡੀ, ਸ਼ੰਮੀ ਸਰਪੰਚ ਉਧਨੋਵਾਲ, ਧਰਮਪਾਲ ਕੋਹਲੀ, ਬੀਬੀ ਰਜਿੰਦਰ ਕੌਰ ਖਾਸਾ, ਬੀਬੀ ਸੁਰਿੰਦਰ ਕੌਰ ਆਸਰੋਂ, ਹਰਨੇਕ ਸਿੰਘ ਥਿਆੜਾ, ਤਰਲੋਚਨ ਸਿੰਘ ਰੱਕੜ, ਬਿਮਲ ਚੌਧਰੀ ਸਿਆਣਾ, ਸੁਰਜੀਤ ਕੋਹਲੀ, ਦਲਜੀਤ ਸਿੰਘ ਮਾਣੇਵਾਲ, ਬਿੱਟੂ ਹੱਕਲਾ, ਰਮਨ ਸ਼ਰਮਾ, ਪ੍ਰੇਮ ਸ਼ੰਕਰ ਗੁਪਤਾ, ਸੰਜੀਵ ਬੱਬਲੀ ਰੈਲਮਾਜਰਾ, ਸ਼ਮਸ਼ੇਰ ਸਿੰਘ ਸ਼ੇਰਾ ਰੈਲਮਾਜਰਾ, ਹਿੰਮਤ ਸਿੰਘ ਰਾਜਾ, ਕਮਲਜੀਤ ਸਿੰਘ ਕੰਬਾ, ਮਨੀ ਟੌਂਸਾ, ਸੰਦੀਪ ਰਾਣਾ, ਰਾਕੇਸ਼ ਮੇਸ਼ੀ ਰੈਲਮਾਜਰਾ, ਰਣਜੀਤ ਸਿੰਘ, ਰਾਣਾ ਰਣਦੀਪ ਸਿੰਘ, ਗੁਰਦੀਪ ਸਿੰਘ ਬਕਾਪੁਰ, ਸਤਨਾਮ ਸਿੰਘ ਸਹੂੰਗੜਾ, ਅਜਮੇਰ ਸਿੰਘ ਭਾਰਾਪੁਰ, ਕਾਬਲ ਸਿੰਘ ਸੂਰਾਪੁਰ, ਗੌਰਵ ਚੌਹਾਨ, ਚੂਹੜ ਰਾਮ ਕੁਲਾਰ, ਸੋਨੂੰ ਬੂਥਗੜ੍ਹ, ਪੰਕਜ ਉਧਨਵਾਲ, ਪਰਮਜੀਤ ਸਿੰਘ ਪਨਿਆਲੀ ਆਦਿ ਹਾਜ਼ਰ ਸਨ।













Leave a Reply