ਯੂਥ ਪ੍ਰਧਾਨ ਝਿੰਜਰ ਨੇ ਲਿਆ ਤਿਆਰੀਆਂ ਦਾ ਜਾਇਜ਼ਾ
ਬਲਾਚੌਰ, (ਜਤਿੰਦਰਪਾਲ ਸਿੰਘ ਕਲੇਰ) :
ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਬਲਾਚੌਰ ਵਿੱਚ 12 ਸਤੰਬਰ ਨੂੰ ਹੋਣ ਜਾ ਰਹੀ ਵਿਸ਼ਾਲ ‘ਪੰਜਾਬ ਬਚਾਓ ਰੈਲੀ’ ਨੂੰ ਲੈ ਕੇ ਸਿਆਸੀ ਪਾਰਾ ਸਿਖਰਾਂ ‘ਤੇ ਪਹੁੰਚ ਗਿਆ ਹੈ। ਹਲਕਾ ਇੰਚਾਰਜ ਹਨੀ ਟੌਂਸਾ ਦੀ ਯੋਗ ਅਗਵਾਈ ਹੇਠ ਹੋਣ ਜਾ ਰਹੀ ਇਸ ਰੈਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਮੁੱਖ ਬੁਲਾਰੇ ਵਜੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਕੇ ਸੰਗਤਾਂ ਨੂੰ ਸੰਬੋਧਨ ਕਰਨਗੇ।
ਰੈਲੀ ਨੂੰ ਇਤਿਹਾਸਕ ਬਣਾਉਣ ਲਈ ਹਲਕਾ ਇੰਚਾਰਜ ਹਨੀ ਟੌਂਸਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਦਿਨ-ਰਾਤ ਇੱਕ ਕਰਕੇ ਪਿੰਡ-ਪਿੰਡ ਜਾ ਕੇ ਤੂਫਾਨੀ ਪ੍ਰਚਾਰ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੇ ਸੱਦੇ ਦਿੱਤੇ ਜਾ ਰਹੇ ਹਨ ਅਤੇ ਪਿੰਡਾਂ ਵਿੱਚ ਪ੍ਰਚਾਰ ਦੌਰਾਨ ਲੋਕਾਂ ਵੱਲੋਂ ਮਿਲ ਰਹੇ ਭਰਵੇਂ ਹੁੰਗਾਰੇ ਤੋਂ ਇਹ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ ਇਹ ਰੈਲੀ ਬਲਾਚੌਰ ਦੇ ਇਤਿਹਾਸ ਵਿੱਚ ਨਵੇਂ ਕੀਰਤੀਮਾਨ ਸਥਾਪਤ ਕਰੇਗੀ।
ਇਸੇ ਲੜੀ ਤਹਿਤ ਰੈਲੀ ਦੇ ਪ੍ਰਬੰਧਾਂ ਅਤੇ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵਿਸ਼ੇਸ਼ ਤੌਰ ‘ਤੇ ਬਲਾਚੌਰ ਪਹੁੰਚੇ। ਉਨ੍ਹਾਂ ਨੇ ਹਲਕਾ ਇੰਚਾਰਜ ਹਨੀ ਟੌਂਸਾ ਅਤੇ ਸਥਾਨਕ ਲੀਡਰਸ਼ਿਪ ਨਾਲ ਇੱਕ ਅਹਿਮ ਸਮੀਖਿਆ ਮੀਟਿੰਗ ਕਰਕੇ ਰੈਲੀ ਦੇ ਸੁਚੱਜੇ ਪ੍ਰਬੰਧਾਂ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਮਿਹਨਤੀ, ਸੁਝਾਅਵਾਨ, ਇਮਾਨਦਾਰ, ਟਕਸਾਲੀ ਅਤੇ ਹਰ ਔਖੀ ਘੜੀ ਵਿੱਚ ਪਾਰਟੀ ਨਾਲ ਚੱਟਾਨ ਵਾਂਗ ਖੜ੍ਹਨ ਵਾਲੇ ਆਗੂ ਹਨੀ ਟੌਂਸਾ ਨੂੰ ਬਲਾਚੌਰ ਦਾ ਹਲਕਾ ਇੰਚਾਰਜ ਨਿਯੁਕਤ ਕਰਕੇ ਅਕਾਲੀ ਦਲ ਨੂੰ ਹੇਠਲੇ ਪੱਧਰ ‘ਤੇ ਮਜ਼ਬੂਤ ਕਰਨ ਦੀ ਨੀਂਹ ਰੱਖੀ ਹੈ।
ਉਨ੍ਹਾਂ ਨੇ ਰੈਲੀ ਦੇ ਪ੍ਰਬੰਧਾਂ ‘ਤੇ ਪੂਰਨ ਤਸੱਲੀ ਪ੍ਰਗਟਾਉਂਦਿਆਂ ਦਾਅਵਾ ਕੀਤਾ ਕਿ 12 ਸਤੰਬਰ ਦੀ ਇਹ ‘ਪੰਜਾਬ ਬਚਾਓ ਰੈਲੀ’ ਬਲਾਚੌਰ ਦੇ ਇਤਿਹਾਸ ਦੀ ਸਭ ਤੋਂ ਵੱਡੀ ਸਿਆਸੀ ਰੈਲੀ ਸਾਬਤ ਹੋਵੇਗੀ, ਜੋ ਵਿਰੋਧੀ ਧਿਰਾਂ ਦੇ ਸਿਆਸੀ ਸਮੀਕਰਨ ਵਿਗਾੜ ਕੇ ਰੱਖ ਦੇਵੇਗੀ।
ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸ਼ੁਕਾਰ, ਨਵਾਂਸ਼ਹਿਰ ਦੇ ਹਲਕਾ ਇੰਚਾਰਜ, ਮਨਜੀਤ ਸਿੰਘ ਮਲਕਪੁਰ, ਪੰਚਾਇਤ ਚੇਅਰਮੈਨ ਬਿਮਲ ਕੁਮਾਰ ਸਿਆਣਾ, ਗੁਰਦੀਪ ਸਿੰਘ ਬਕਾਪੁਰ, ਭੂਪਿੰਦਰ ਸਿੰਘ ਮਹਿੰਦੀਪੁਰ, ਜਥੇਦਾਰ ਦਲਜੀਤ ਸਿੰਘ ਮਾਣੇਵਾਲ, ਸੁਰਜੀਤ ਸਿੰਘ ਕੋਹਲੀ, ਸ਼ੰਮੀ ਸਰਪੰਚ ਉਧਨੋਵਾਲ, ਚਰਨਜੀਤ ਚੰਨੀ ਸਾਬਕਾ ਸਰਪੰਚ, ਯੂਥ ਆਗੂ ਸੁਖਵਿੰਦਰ ਸਿੰਘ, ਗੌਰਵ ਬੈਂਸ, ਓਂਕਾਰ ਭੁੰਬਲਾ, ਬਿੱਟੂ ਹੱਕਲਾ ਅਤੇ ਧਰਮਪਾਲ ਕੁੱਕੜ ਸੂਹਾ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਅਤੇ ਯੂਥ ਆਗੂ ਮੌਜੂਦ ਸਨ।













Leave a Reply